ਫਾਜ਼ਿਲਕਾ, 4 ਮਈ 2022
ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ `ਤੇ ਸਿਖਿਆ ਵਿਭਾਗ ਵੱਲੋਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਵੱਖ-ਵੱਖ ਸਕੁਲਾਂ ਦੇ ਵਿਦਿਆਰਥੀਆਂ ਦੇ ਗਿਆਨ `ਚ ਵਾਧਾ ਕਰਨ ਲਈ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ।ਇਸੇ ਲੜੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿੱ:) ਫਾਜ਼ਿਲਕਾ ਡਾ. ਸੁਖਬੀਰ ਸਿੰਘ ਬੱਲ ਦੇ ਮਾਰਗਦਰਸ਼ਨ ਅਨੁਸਾਰ ਸਕੂਲ ਦੇ ਵਿਦਿਆਰਥੀਆਂ ਦੀ ਇੱਕ ਵਿੱਦਿਅਕ ਵਿਜਿਟ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਾਜ਼ਿਲਕਾ ਵਿਖੇ ਸਕੂਲ ਮੁੱਖੀ ਸ਼੍ਰੀ ਰਿੰਪਲ ਰਹੇਜਾ ਦੀ ਅਗਵਾਈ ਹੇਠ ਕਰਵਾਈ ਗਈ। ਸਰਕਾਰੀ ਹਾਈ ਸਕੁਲ ਝੋਕ ਡਿਪੂ ਲਾਣਾ ਦੇ 9ਵੀਂ ਅਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਬੁਲਾਰਿਆਂ ਵੱਲੋਂ ਸਿਖਿਆ ਅਤੇ ਸਮਾਜ ਵਿਚ ਵਿਚਰਨ ਸਬੰਧੀ ਵਢਮੁਲੀ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ।
ਹੋਰ ਪੜ੍ਹੋ :-14 ਮਈ ਨੂੰ ਲੱਗੇਗੀ ਨੈਸ਼ਨਲ ਲੋਕ ਅਦਾਲਤ
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਸਕੂਲ ਦੇ ਬੱਚਿਆਂ ਨੂੰ ਸਿੱਖਿਆ ਵਿਭਾਗ ਤੋਂ ਸ੍ਰੀ ਵਿਜੈ ਪਾਲ ਨੋਡਲ ਅਫਸਰ ਨੇ ਸਾਧਾਰਨ ਗਿਆਨ ਦੇ ਨਾਲ-ਨਾਲ ਉਚੇਰੀ ਤੇ ਤਕਨੀਕੀ ਸਿਖਿਆ ਹਾਸਲ ਕਰਨ ਬਾਰੇ ਜਾਣੂੰ ਕਰਵਾਇਆ।ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਜ਼ਿੰਦਗੀ ਵਿੱਚ ਸਫਲ ਹੋਣ ਲਈ ਚੰਗੇ ਨਾਗਰਿਕ ਬਣਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗਿਆਨ `ਚ ਵਾਧਾ ਹੋਣ ਨਾਲ ਅਸੀਂ ਸਮਾਜ ਵਿਚ ਚੰਗੇ ਨਾਗਰਿਕ ਵਜੋਂ ਸਿੱਧ ਹੁੰਦੇ ਹਨ।ਉਨ੍ਹਾਂ ਕਿਹਾ ਕਿ ਹੋਰਨਾ ਦੇ ਕੰਮ ਆਉਣਾ ਵੀ ਸਾਨੂੰ ਚੰਗੇ ਨਾਗਰਿਕ ਵਜੋਂ ਦਰਸ਼ਾਉਂਦਾ ਹੈ।
ਰਿਸੋਰਸ ਪਰਸਨ ਸ੍ਰੀ ਅਮਿਤ ਨਾਗਪਾਲ ਨੇ ਬਚਿਆਂ ਨੂੰ ਆਪਣੇ ਉਜਵਲ ਭਵਿਖ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਜਿੰਦਗੀ ਵਿਚ ਕਾਮਯਾਬ ਹੋਣ ਲਈ ਸਿਖਲਾਈ ਦੀ ਹਮੇਸ਼ਾ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਹੀ ਗਾਈਡੈਂਸ ਪ੍ਰਾਪਤ ਹੋਣ ਨਾਲ ਅਸੀਂ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਰੀ ਉਮਰ ਵਿਅਕਤੀ ਕੁਝ ਨਾ ਕੁਝ ਸਿਖਦਾ ਹੀ ਹੈ ਤੇ ਸਿਖਲਾਈ ਹਾਸਲ ਕਰਕੇ ਅਸੀਂ ਆਪਣੇ ਟੀਚੇ ਪੂਰੇ ਕਰਦੇ ਹਾਂ।
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਭੁਪਿੰਦਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਜਿੰਦਗੀ ਵਿਚ ਹੋਰਨਾਂ ਗਤੀਵਿਧੀਆਂ ਵਿਚ ਆਪਣੀ ਹਿਸੇਦਾਰੀ ਪਾਉਣ ਦੀ ਵੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਦੇ ਆਲੇ-ਦੁਆਲੇ ਤੋਂ ਸਿਖਣਾ ਚਾਹੀਦਾ ਹੈ ਕਿ ਕੀ ਹੋ ਰਿਹਾ ਹੈ। ਉਨ੍ਹਾਂ ਕਿਹਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਚੰਗਾ ਹੈ ਕਿ ਬੁਰਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਚੰਗੇ-ਬੁਰੇ ਦੀ ਪਹਿਚਾਣ ਹੋਣੀ ਚਾਹੀਦੀ ਹੈ।
ਇਸ ਮੌਕੇ ਸ਼੍ਰੀ ਸੰਜੀਵ ਕੁਮਾਰ ਅਤੇ ਮਿਸ ਮੋਨਿਕਾ ਚਾਵਲਾ ਤੋਂ ਇਲਾਵਾ ਰੁਜ਼ਗਾਰ ਦਫਤਰ ਤੋਂ ਗੌਰਵ ਅਤੇ ਅੰਕਿਤ ਹਾਜ਼ਰ ਸਨ।