ਸਿੰਘਪੁਰ ਹਸਪਤਾਲ ‘ਚ ਆਧੁਨਿਕ ਟੈਸਟਿੰਗ ਲੈਬ ਸਥਾਪਿਤ ਕੀਤੀ ਜਾਵੇਗੀ
ਰੂਪਨਗਰ, 30 ਮਾਰਚ 2022
ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੂਬੇ ਦੇ ਲੋਕਾਂ ਲਈ ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਦਿਹਾਤੀ ਇਲਾਕਿਆਂ ਵਿੱਚ ਸਥਾਪਿਤ ਸਰਕਾਰੀ ਹਸਪਤਾਲਾਂ ਵਿੱਚ ਸਪੈਸ਼ਲਿਸਟ ਡਾਕਟਰਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਵਿਧਾਇਕ ਸ਼੍ਰੀ ਦਿਨੇਸ਼ ਚੱਢਾ ਨੇ ਇਥੇ ਜਾਰੀ ਪ੍ਰੈੱਸ ਬਿਆਨ ਵਿੱਚ ਕੀਤਾ।
ਹੋਰ ਪੜ੍ਹੋ :-ਵਿਧਾਇਕ ਕੁਲਵੰਤ ਸਿੱਧੂ ਨੇ ਰੋਡਵੇਜ ਦੀ ਬੱਸ ਦੀ ਕੀਤੀ ਅਚਨਚੇਤ ਚੈਕਿੰਗ
ਸ਼੍ਰੀ ਦਿਨੇਸ਼ ਚੱਢਾ ਨੇ ਦੱਸਿਆ ਕਿ ਕਮਿਊਨਟੀ ਹੈਲਥ ਸੈਂਟਰ ਸਿੰਘਪੁਰਾ ਵਿਖੇ ਕਾਫੀ ਲੰਮੇ ਸਮੇਂ ਤੋਂ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਰਹੀ ਹੈ। ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਹਰ ਸ਼ੁੱਕਰਵਾਰ ਮੈਡੀਕਲ ਸਪੈਸ਼ਲਿਸਟ ਡਾ. ਰਣਵੀਰ ਸਿੰਘ ਅਤੇ ਗਾਇਨੀਕੋਲੀਜਿਸਟ ਡਾ. ਸੁਨੈਨਾ ਗੁਪਤਾ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਗੇ। ਇਸੇ ਤਰ੍ਹਾਂ ਹਰ ਸੋਮਵਾਰ ਓਰਥੋਪੈਡਿਕ (ਹੱਡੀਆਂ ਦੇ ਮਾਹਿਰ) ਡਾ. ਚੰਦਰ ਭੂਸ਼ਣ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਇਹ ਹੁਕਮ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਵਲੋਂ ਜਾਰੀ ਕੀਤੇ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਸਰਕਾਰੀ ਹਸਪਤਾਲ ਸਿੰਘਪੁਰਾ ਵਿਖੇ ਵੱਡੀ ਗਿਣਤੀ ਵਿੱਚ ਅਤਿ ਜ਼ਰੂਰੀ ਲੈਬ ਟੈਸਟਾਂ ਦੀਆਂ ਸੇਵਾਵਾਂ ਦੀ ਵੀ ਕਾਫੀ ਲੋੜ ਹੈ। ਜਿਸ ਲਈ ਬਹੁਤ ਜਲਦ ਆਧੁਨਿਕ ਟੈਸਟਿੰਗ ਲੈਬ ਸਥਾਪਿਤ ਕਰਨ ਦੀ ਕਾਰਵਾਈ ਮੁਕੰਮਲ ਕੀਤੀ ਜਾਵੇਗੀ ਤਾਂ ਜੋ ਮਰੀਜ਼ਾਂ ਨੂੰ ਐਮਰਜੈਂਸੀ ਵਿੱਚ ਟੈਸਟ ਕਰਵਾਉਣ ਲਈ ਹੋਰ ਇਲਾਕਿਆਂ ਵਿੱਚ ਨਾ ਜਾਣਾ ਪਵੇ।
ਉਨ੍ਹਾਂ ਕਿਹਾ ਕਿ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਲਈ ਇਹ ਲਾਜ਼ਮੀ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਤਾਇਨਾਤ ਡਾਕਟਰਾਂ ਨੂੰ ਤਰਕਸੰਗਤ ਦੇ ਆਧਾਰ ‘ਤੇ ਡਿਊਟੀ ਤੇ ਲਗਾਇਆ ਜਾਵੇ ਤਾਂ ਜੋ ਸੂਬੇ ਦੇ ਹਰ ਇਲਾਕੇ ਵਿੱਚ ਸਪੈਸ਼ਲਿਸਟ ਡਾਕਟਰਾਂ ਦੀ ਸੇਵਾਵਾਂ ਨੂੰ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਵਿਸ਼ੇ ਦੇ ਸਬੰਧ ਵਿੱਚ ਉਹ ਜਲਦ ਸਿਹਤ ਮੰਤਰੀ ਪੰਜਾਬ ਸ਼੍ਰੀ ਵਿਜੈ ਸਿੰਗਲਾ ਨੂੰ ਮਿਲਣਗੇ।
ਸ਼੍ਰੀ ਦਿਨੇਸ਼ ਚੱਢਾ ਨੇ ਵਿਸਵਾਸ਼ ਦਿਵਾਉਂਦਿਆ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ ਜਿਸ ਤਹਿਤ ਵਿਸ਼ੇਸ਼ ਤੌਰ ਤੇ ਦਿਹਾਤੀ ਇਲਾਕਿਆਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਮਿਊਨਟੀ ਹੈਲਥ ਸੈਂਟਰ ਸਿੰਘਪੁਰ ਨੂੰ ਇੱਕ ਮਾਡਲ ਵਜੋਂ ਸਥਾਪਿਤ ਕੀਤਾ ਜਾਵੇਗਾ ਜਿੱਥੇ ਸਰਕਾਰ ਵਲੋਂ ਮੁਹੱਈਆ ਹੋ ਰਹੀਆਂ ਹਰ ਸਕੀਮ ਦਾ ਲਾਭ ਲੋਕਾਂ ਨੂੰ ਮਿਲੇਗਾ।