ਭਲਾਈ ਸਕੀਮਾਂ ਦਾ ਲਾਭ ਲੈਣ ਲਈ ਨਿਰਮਾਣ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰੇਸ਼ਨ ਕਰਵਾਉਣ
ਉਸਾਰੀ ਕਿਰਤੀ ਸਕੀਮਾਂ ਦਾ ਲਾਭ ਲੈਣ ਵਾਸਤੇ ਅਤੇ ਰਜਿਸਟਰੇਸ਼ਨ ਕਰਾਉਣ ਲਈ ਜਾਂ ਵੱਖ-ਵੱਖ ਭਲਾਈ ਸਕੀਮਾਂ ਲਈ ਅਪਲਾਈ ਕਰਨ ਵਾਸਤੇ ਨਜ਼ਦੀਕੀ ਸੇਵਾ ਕੇਂਦਰ ਸੰਪਰਕ ਕਰਨ
ਅੰਮ੍ਰਿਤਸਰ 15 ਨਵੰਬਰ 2021
ਪੰਜਾਬ ਸਰਕਾਰ ਵਲੋਂ ਲੋਕਹਿੱਤ ਲਈ ਲਾਗੂ ਕੀਤੀਆਂ ਗਈਆਂ ਸਕੀਮਾਂ ਦਾ ਲਾਭ ਹੇਠਲੇ ਪੱਧਰ ’ਤੇ ਬਿਨਾਂ ਕਿਸੇ ਦੇਰੀ ਦੇ ਪੁਜਦਾ ਕੀਤਾ ਜਾਵੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਉਸਾਰੀ ਕਿਰਤੀਆਂ ਦੀ ਰੋਜ਼ੀ-ਰੋਟੀ ਨੂੰ ਪਹੁੰਚੇ ਨੁਕਸਾਨ ਨਾਲ ਪੈਦਾ ਹੋਈਆਂ ਦੁਸ਼ਵਾਰੀਆਂ ਘਟਾਉਣ ਲਈ ਐਲਾਨੀ 3100 ਰੁਪਏ ਦੀ ਵਿਤੀ ਸਹਾਇਤਾ ਸਿੱਧੀ ਉਸਾਰੀ ਕਿਰਤੀਆਂ ਦੇ ਖਾਤਿਆਂ ‘ਚ ਕ੍ਰਮਵਾਰ ਤਬਦੀਲ ਹੋਣ ਕਾਰਨ ਉਨ੍ਹਾਂ ਲਈ ਇਹ ਰਾਸ਼ੀ ਵਰਦਾਨ ਸਾਬਤ ਹੋ ਰਹੀ ਹੈ। ਕਿਰਤੀਆਂ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਯਤਨਸ਼ੀਲ ਹੈ।
ਹੋਰ ਪੜ੍ਹੋ :-ਦੇਰ ਨਾਲ ਚੁੱਕਿਆ ਪਰ ਸਵਾਗਤਯੋਗ ਕਦਮ-ਮੁੱਖ ਮੰਤਰੀ ਚੰਨੀ
ਡਿਪਟੀ ਕਮਿਸਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਿਰਮਾਣ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰਡ 14278 ਉਸਾਰੀ ਕਿਰਤੀਆਂ ਦੇ ਖਾਤਿਆਂ ‘ਚ ਮੁੱਖ ਮੰਤਰੀ ਵੱਲੋਂ ਐਲਾਨੀ ਵਿੱਤੀ ਸਹਾਇਤਾ ਕ੍ਰਮਵਾਰ ਵਾਰੀ ਪਾਈ ਜਾਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਇਹ ਵੀ ਐਲਾਨ ਕੀਤਾ ਸੀ ਕਿ ਹਰੇਕ ਉਸਾਰੀ ਕਿਰਤੀ ਨੂੰ 3100 ਰੁਪਏ ਦੀ ਅੰਤਿ੍ਰਮ ਵਿੱਤੀ ਰਾਹਤ ਦੀ ਇਕ ਹੋਰ ਕਿਸ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਅਧੀਨ ਉਸਾਰੀ ਕਿਰਤੀਆ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਬਣੇ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀਆਂ ਭਲਾਈ ਸਕੀਮਾਂ ਰਜਿਸਟਰਡ ਉਸਾਰੀ ਕਿਰਤੀਆਂ ਲਈ ਵਰਦਾਨ ਸਾਬਤ ਹੋ ਰਹੀਆ ਹਨ। ਇਨਾਂ ਸਕੀਮਾਂ ਦਾ ਲਾਭ ਲੈਣ ਵਾਸਤੇ ਰਜਿਸਟਰੇਸ਼ਨ ਕਰਾਉਣ ਲਈ ਜਾਂ ਵੱਖ-ਵੱਖ ਭਲਾਈ ਸਕੀਮਾਂ ਲਈ ਅਪਲਾਈ ਕਰਨ ਵਾਸਤੇ ਨਜ਼ਦੀਕੀ ਸੇਵਾ ਕੇਂਦਰ ਸੰਪਰਕ ਕੀਤਾ ਜਾ ਸਕਦਾ ਹੈ।
ਸਹਾਇਕ ਕਿਰਤ ਕਮਿਸ਼ਨਰ ਸ: ਸੰਤੋਖ ਸਿੰਘ ਅੋਲਖ ਨੇ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਭਾਗ ਵਲੋਂ ਰਜਿਸਟਰਡ ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਵਜ਼ੀਫਾ ਸਕੀਮ, ਲੜਕੀਆਂ ਲਈ ਸ਼ਾਦੀ ਦੀ ਸ਼ਗਨ ਸਕੀਮ, ਯਾਤਰਾ ਸਹੂਲਤ, ਦਾਹ ਸੰਸਕਾਰ ਤੇ ਅੰਤਿਮ ਕਿਰਿਆ ਕਰਮ ਦੇ ਖਰਚੇ ਲਈ ਸੰਸਕਾਰ ਸਕੀਮ, ਬੋਰਡ ਦੇ ਲਾਭਪਾਤਰੀਆਂ ਲਈ ਪੈਨਸ਼ਨ ਸਕੀਮ, ਪ੍ਰਸੂਤਾ ਲਾਭ ਸਕੀਮ, ਮਾਨਸਿਕ ਰੋਗਾਂ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ ਦੀ ਸੰਭਾਲ ਲਈ ਵਿੱਤੀ ਸਹਾਇਤਾ, ਲੜਕੀਆਂ ਦੇ ਜਨਮ ਸਮੇਂ ਬਾਲੜੀ ਤੋਹਫਾ ਸਕੀਮ ਵਜੋਂ ਰਾਸ਼ੀ ਜਮ੍ਹਾਂ ਕਰਾਉਣ ਅਤੇ ਉਸਾਰੀ ਕਿਰਤੀ ਦੀ ਮੌਤ ਹੋਣ ਤੋਂ ਬਾਅਦ ਐਕਸ ਗ੍ਰੇਸ਼ੀਆ ਜਿਹੀਆਂ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ।
ਸਹਾਇਕ ਕਿਰਤ ਕਮਿਸ਼ਨਰ ਨੇ ਦੱਸਿਆ ਕਿ ਉਸਾਰੀ ਕਿਰਤੀ ਅਤੇ ਉਸਾਰੀ ਮਜ਼ਦੂਰ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਵਾਸਤੇ ਨਜਦੀਕੀ ਸੇਵਾ ਕੇਂਦਰਾਂ ਰਾਹੀਂ ਰਜਿਸਟ੍ਰੇਸ਼ਨ ਫੀਸ ਭਰਕੇ ਸਬੰਧਤ ਵਿਭਾਗ ਕੋਲ ਆਪਣੀ ਰਜਿਸਟਰੇਸ਼ਨ ਕਰਾਉਣ ਤਾਂ ਜ਼ੋ ਉਹਨਾਂ ਨੂੰ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਮਿਲ ਸਕੇ ।ਇਸ ਤੋਂ ਇਲਾਵਾ ਰਜਿਸਟਰਡ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਵੀ ਕਵਰ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਉਹ ਨਿਰਮਾਣ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਆਪਣੀ ਰਜਿਸਟ੍ਰੇਸਨ ਕਰਵਾਉਣ।