ਝੋਨੇ ਦੀ ਬਿਜਾਈ ਕਰਨ ਲਈ ਵੱਖ-ਵੱਖ ਜ਼ਿਲ੍ਹਿਆਂ ਲਈ ਤਾਰੀਕਾਂ ਨਿਰਧਾਰਿਤ
ਰੂਪਨਗਰ, 13 ਮਈ 2022
ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਦੀ ਬਿਜਾਈ ਅਤੇ ਲੁਆਈ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਵਿੱਚ ਪੰਜਾਬ ਰਾਜ ਨੂੰ ਪਹਿਲੀ ਵਾਰ 4 ਜੋਨਾਂ ਵਿੰਚ ਵੰਡਿਆ ਹੈ। ਸਾਰੇ ਜੋਨਾਂ ਲਈ ਝੋਨੇ ਦੀ ਨਰਸਰੀ ਬੀਜਣ ਲਈ 18 ਮਈ ਅਤੇ ਸਿੱਧੀ ਬਿਜਾਈ ਕਰਨ ਲਈ 20 ਮਈ ਦੀ ਕ੍ਰਮਵਾਰ ਮਿਤੀਆਂ ਦਿੱਤੀਆਂ ਗਈਆਂ ਹਨ। ਝੋਨੇ ਦੀ ਲੁਆਈ ਲਈ ਮਿਤੀ 18 ਜੂਨ ਨੂੰ ਸੰਗਰੂਰ, ਬਰਨਾਲਾ, ਮਲੇਰਕੋਟਲਾ, ਲੁਧਿਆਣਾ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ, ਮਿਤੀ 22 ਨੂੰ ਜੂਨ ਬਠਿੰਡਾ, ਮਾਨਸਾ, ਮੋਗਾ, ਫਰੀਦਕੋਟ, ਫਿਰੋਜਪੁਰ, ਫਾਜਿਲਕਾ ਜ਼ਿਲ੍ਹਿਆਂ ਲਈ, 24 ਜੂਨ ਨੂੰ ਮੋਹਾਲੀ ਰੂਪਨਗਰ, ਐਸ.ਬੀ.ਐਸ ਨਗਰ, ਜਲੰਧਰ, ਕਪੂਰਥਲਾ, ਸ੍ਰੀ ਮੁਕਤਸਰ ਸਾਹਿਬ ਲਈ ਅਤੇ 26 ਜੂਨ ਨੂੰ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅੰਮ੍ਰਿਤਸਰ, ਤਰਨਤਾਰਨ ਜ਼ਿਲ੍ਹੇ ਨਿਰਧਾਰਿਤ ਕੀਤੀ ਗਈ ਹੈ ।
ਹੋਰ ਪੜ੍ਹੋ :-ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਭੀਖ ਮੰਗਣ ਤੋਂ ਰੋਕਣ ਲਈ ਚਲਾਇਆ ਗਿਆ ਅਭਿਆਨ
ਰੂਪਨਗਰ ਜ਼ਿਲ੍ਹੇ ਵਿੱਚ ਝੋਨੇ ਦੀ ਲੁਆਈ ਲਈ ਮਿਤੀ 24 ਜੂਨ ਮਿੱਥੀ ਗਈ ਹੈ। ਇਸ ਲਈ ਜ਼ਿਲ੍ਹੇ ਦੇ ਸਮੂਹ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਕੱਦੂ ਨਾਲ ਬੀਜੇ ਜਾਣ ਵਾਲੇ ਝੋਨੇ ਦੀ ਲੁਆਈ 24 ਜੂਨ ਤੋਂ ਬਾਅਦ ਹੀ ਕਰਨ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500/-ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾਣੀ ਹੈ। ਕੱਦੂ ਨਾਲ ਝੋਨੇ ਦੀ ਬਿਜਾਈ ਨਾਲ ਜਿੱਥੇ 25-30% ਪਾਣੀ ਦੀ ਜ਼ਿਆਦਾ ਖਪਤ ਹੁੰਦੀ ਹੈ। ਇਸ ਲਈ ਸਿੱਧੀ ਬਿਜਾਈ ਨਾਲ ਝੋਨੇ ਦੀ ਫਸਲ ਉੱਤੇ ਘੱਟ ਪਾਣੀ ਨਾਲ ਬਰਾਬਰ ਝਾੜ ਪ੍ਰਾਪਤ ਹੁੰਦਾ ਹੈ। ਇਸ ਦੇ ਨਾਲ 10-12 %ਵੱਧ ਪਾਣੀ ਰੀਚਾਰਜ ਹੁੰਦਾ ਹੈ।
ਇਸ ਤੋਂ ਇਲਾਵਾ ਸਿੱਧੀ ਬਿਜਾਈ ਨਾਲ ਬੀਜੇ ਝੋਨੇ ਉੱਤੇ ਕੀੜੇ ਮਕੋੜਿਆਂ ਦਾ ਹਮਲਾ ਵੀ ਘੱਟ ਹੁੰਦਾ ਹੈ। ਇਸ ਸਿਲਸਿਲੇ ਵਿੱਚ ਬਲਾਕ ਵਾਈਜ਼ ਪਿੰਡਾਂ ਦੀ ਵੰਡ ਕਰਕੇ ਸਮੂਹ ਬਲਾਕ ਖੇਤੀਬਾੜੀ ਅਫਸਰਾਂ ਵੱਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਕਿਸਾਨਾਂ ਵਿੱਚ ਸਰਕਾਰ ਦੁਆਰਾ ਦਿੱਤੇ ਪ੍ਰੋਗਰਾਮ ਨੂੰ ਪ੍ਰਚਾਰਿਆ ਜਾ ਰਿਹਾ ਹੈ। ਖੇਤੀਬਾੜੀ ਵਿਭਾਗ ਵਿੱਚ ਕਰਮਚਾਰੀਆਂ ਦੀ ਘੱਟ ਗਿਣਤੀ ਕਾਰਨ ਮੰਡੀ ਬੋਰਡ, ਬਾਗਬਾਨੀ ਅਤੇ ਭੂਮੀ ਰੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਪਿੰਡ ਅਲਾਟ ਕਰਕੇ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਕਿਸਾਨਾਂ ਨੂੰ ਵੱਖ-2 ਟ੍ਰੇਨਿੰਗ ਕੈਂਪਾਂ,ਪਿ੍ੰਟ ਅਤੇ ਮਾਸ ਮੀਡੀਏ ਰਾਹੀਂ ਪ੍ਰੇਰਿਆ ਜਾ ਰਿਹਾ ਹੈ।
ਸ਼੍ਰੀ ਮਨਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਦੋ ਮਾਸਟਰ ਟ੍ਰੇਨਰ ਸ੍ਰੀ ਦਵਿੰਦਰ ਸਿੰਘ ਅਤੇ ਜੁਝਾਰ ਸਿੰਘ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਮਾਸਟਰ ਟ੍ਰੇਨਿੰਗ ਲੈਣ ਲਈ ਭੇਜਿਆ ਗਿਆ ਸੀ। ਜਿਨ੍ਹਾਂ ਦੁਆਰਾ ਮਿਤੀ 12 ਮਈ 2022 ਨੂੰ ਬਲਾਕ ਖੇਤੀਬਾੜੀ ਅਧਿਕਾਰੀਆਂ/ਕਰਮਚਾਰੀਆ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਇੱਕ ਵਿਸ਼ੇਸ਼ ਟ੍ਰੇਨਿੰਗ ਵੀ ਦਿੱਤੀ ਗਈ ਹੈ। ਇਨ੍ਹਾਂ ਦੁਆਰਾ ਵੱਖ-ਵੱਖ ਵਿਭਾਗਾਂ ਦੇ ਨਾਮਜਦ ਅਧਿਕਾਰੀਆਂ/ਕਰਮਚਾਰੀਆ ਨੂੰ ਵੀ ਨੇੜਲੇ ਭਵਿੱਖ ਵਿੱਚ ਇੱਕ ਟ੍ਰੇਨਿੰਗ ਦਿੱਤੀ ਜਾਵੇਗੀ।