ਲਾਭਪਾਤਰੀਆਂ ਨੂੰ ਮੌਕੇ ‘ਤੇ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਲਗਾਇਆ ਲੀਗਲ ਏਡ ਕੈਂਪ

ਲਾਭਪਾਤਰੀਆਂ
ਲਾਭਪਾਤਰੀਆਂ ਨੂੰ ਮੌਕੇ 'ਤੇ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਲਗਾਇਆ ਲੀਗਲ ਏਡ ਕੈਂਪ
10 ਵਿਅਕਤੀਆਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ, ਲੋੜਵੰਦਾਂ ਨੂੰ ਵ੍ਹੀਲ ਚੇਅਰ ਤੇ ਸਿਲਾਈ ਮਸ਼ੀਨਾਂ ਮੁਹੱਈਆ ਕਰਵਾਈਆਂ, 15 ਵਿਅਕਤੀਆਂ ਨੂੰ ਮੌਕੇ ‘ਤੇ ਹੀ ਸਮਾਰਟ ਰਾਸ਼ਨ ਕਾਰਡ ਜਾਰੀ ਕੀਤੇ

ਜਲੰਧਰ, 10 ਨਵੰਬਰ 2021

ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਰੁਪਿੰਦਰਜੀਤ ਚਹਿਲ ਦੀ ਯੋਗ ਰਹਿਨੁਮਾਈ ਹੇਠ ਆਜ਼ਾਦੀ ਦੇ 75ਵੇਂ ਸਾਲ ਨੂੰ ਸਮਰਪਿਤ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਬੈਨਰ ਹੇਠ ਪੈਨ ਇੰਡੀਆ ਅਵੇਅਰਨੈਸ ਅਤੇ ਆਊਟਰੀਚ ਪ੍ਰੋਗਰਾਮਾਂ ਤਹਿਤ ਅੱਜ ਸੇਂਟ ਸੋਲਜਰ ਲਾਅ ਕਾਲਜ, ਜਲੰਧਰ ਵਿਖੇ ਜ਼ਿਲ੍ਹਾ ਪੱਧਰੀ ਲੀਗਲ ਏਡ ਕੈਂਪ ਲਗਾਇਆ ਗਿਆ।

ਹੋਰ ਪੜ੍ਹੋ :-ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲਾ ਪੱਧਰੀ ਕੈਂਪ

ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਰੁਪਿੰਦਰਜੀਤ ਚਹਿਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਸ਼੍ਰੀ ਅਮਿਤ ਕੁਮਾਰ ਗਰਗ, ਸੀ.ਜੇ.ਐਮ ਜਲੰਧਰ ਅਤੇ ਡਾ. ਗਗਨਦੀਪ ਕੌਰ, ਸੀ.ਜੇ.ਐਮ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਵੀ ਮੌਜੂਦ ਸਨ। ਸੇਂਟ ਸੋਲਜਰ ਲਾਅ ਕਾਲਜ, ਜਲੰਧਰ ਦੀ ਵਾਈਸ ਚੇਅਰਪਰਸਨ ਮੈਡਮ ਸੰਗੀਤਾ ਚੋਪੜਾ ਅਤੇ ਡਾਇਰੈਕਟਰ  ਡਾ. ਸੁਭਾਸ਼ ਸ਼ਰਮਾ ਵੱਲੋਂ ਕਾਲਜ ਪਹੁੰਚਣ ‘ਤੇ ਉਨ੍ਹਾਂ ਦਾ ਗੁਲਦਸਤੇ ਦੇ ਕੇ ਸਨਮਾਨ ਕੀਤਾ ਗਿਆ।

ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਲੀਗਲ ਏਡ ਕੈਂਪ ਵਿੱਚ ਜ਼ਿਲ੍ਹਾ ਜਲੰਧਰ ਦੇ ਵਿਭਾਗਾਂ ਜਿਵੇਂ ਸਮਾਜਿਕ ਸੁਰੱਖਿਆ ਦਫ਼ਤਰ, ਰੋਜ਼ਗਾਰ ਦਫ਼ਤਰ, ਰੈੱਡ ਕਰਾਸ ਦਫ਼ਤਰ,  ਸਹਾਇਕ ਲੇਬਰ ਕਮਿਸ਼ਨਰ ਦਫ਼ਤਰ, ਜ਼ਿਲ੍ਹਾ ਲੀਡ ਬੈਂਕ ਦੇ ਦਫ਼ਤਰ, ਬਾਗਬਾਨੀ ਵਿਭਾਗ, ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਜ਼ਿਲ੍ਹਾ ਪਰਿਸ਼ਦ ਦਫ਼ਤਰ ਅਤੇ ਸਿਹਤ ਵਿਭਾਗ ਆਦਿ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣਤਾ ਪੈਨਸ਼ਨ, ਸਮਾਰਟ ਰਾਸ਼ਨ ਕਾਰਡ, ਰੋਜ਼ਗਾਰ, ਅਸੰਗਠਿਤ ਸੈਕਟਰ ਵਿੱਚ ਕੰਮ ਕਰਨ ਵਾਲੇ ਕਿਰਤੀਆਂ ਦੇ ਕਾਰਡਾਂ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਕੁੱਲ 15  ਸਟਾਲ ਲਗਾਏ ਗਏ ਸਨ ਅਤੇ ਇਨ੍ਹਾਂ ਵਿਭਾਗਾਂ ਦੀਆਂ ਸਕੀਮਾਂ ਦੇ ਲਾਭਪਾਤਰੀਆਂ ਨੂੰ ਮੌਕੇ ‘ਤੇ ਲਾਭ ਪ੍ਰਦਾਨ ਕੀਤੇ ਗਏ। ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਵੱਲੋਂ ਲਗਾਏ ਗਏ ਸਟਾਲਾਂ ਦਾ ਨਿਰੀਖਣ ਵੀ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿੱਚ 2 ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਵੀਲ੍ਹਚੇਅਰ ਅਤੇ 2 ਲੋੜਵੰਦ ਔਰਤਾਂ ਨੂੰ ਮੌਕੇ ‘ਤੇ ਹੀ ਸਿਲਾਈ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਅਤੇ ਸਰਬੱਤ ਬੀਮਾ ਯੋਜਨਾ ਤਹਿਤ 5 ਲਾਭਪਾਤਰੀਆਂ ਨੂੰ ਬੀਮਾ ਯੋਜਨਾ ਕਾਰਡ, ਸਮਾਜਿਕ ਸੁਰੱਖਿਆ ਵਿਭਾਗ ਵੱਲ਼ੋਂ ਮੌਕੇ ‘ਤੇ ਹੀ 15 ਪੈਨਸ਼ਨਾਂ ਦੇ ਫਾਰਮ ਭਰੇ ਗਏ।  ਇਸ ਦੇ ਨਾਲ ਨਾਲ ਰੋਜ਼ਗਾਰ ਦਫ਼ਤਰ ਨਾਲ ਸੰਬੰਧਤ ਸਕੀਮ ਦੇ 5 ਲਾਭਪਾਤਰੀਆਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਗਏ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵੱਲੋਂ ਮੌਕੇ ‘ਤੇ ਹੀ 10 ਵਿਅਕਤੀਆਂ ਨੂੰ ਉਨ੍ਹਾਂ ਦੇ ਅਦਾਲਤੀ ਕੇਸਾਂ ਵਿੱਚ ਵਕੀਲ ਦੀ ਸਹਾਇਤਾ ਪ੍ਰਦਾਨ ਕੀਤੀ ਗਈ। ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਕੋਵਿਡ ਟੀਕਾਕਰਨ ਕੈਂਪ ਵਿੱਚ ਲਗਭਗ 70 ਵਿਅਕਤੀਆਂ ਦਾ ਟੀਕਾਕਰਨ ਵੀ ਕੀਤਾ ਗਿਆ।  ਸਮਾਰਟ ਰਾਸ਼ਨ ਕਾਰਡ ਯੋਜਨਾ ਤਹਿਤ 15 ਵਿਅਕਤੀਆਂ ਨੂੰ ਹੀ ਮੌਕੇ ‘ਤੇ ਹੀ ਕਾਰਡ ਜਾਰੀ ਕੀਤੇ ਗਏ।

ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਡਾ. ਗਗਨਦੀਪ ਕੌਰ ਨੇ ਕਿਹਾ ਕਿ ਅੱਜ ਦੇ ਕੈਂਪ ਵਿੱਚ ਮੌਕੇ ‘ਤੇ ਹੀ ਲੋੜਵੰਦ ਵਿਅਕਤੀਆਂ ਨੂੰ ਉਨ੍ਹਾਂ ਦੇ ਕੇਸਾਂ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਗਈ। ਉਨ੍ਹਾਂ ਆਖਿਆ ਕਿ ਪੈਨ ਇੰਡੀਆ ਅਵੇਅਰਨੈਸ ਅਤੇ ਆਊਟਰੀਚ ਪ੍ਰੋਗਰਾਮਾਂ ਤਹਿਤ ਜ਼ਿਲ੍ਹਾ ਜਲੰਧਰ ਦੇ ਹਰੇਕ ਪਿੰਡ ਦੇ ਨਾਲ-ਨਾਲ ਸਕੂਲਾਂ ਅਤੇ ਕਾਲਜਾਂ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ ਸਕੀਮਾਂ ਦਾ ਪ੍ਰਚਾਰ ਮਿਤੀ 14.11.2021 ਤੱਕ ਪੈਨਲ ਦੇ ਵਕੀਲਾਂ, ਪੈਰਾ ਲੀਗਲ ਵਲੰਟੀਅਰਾਂ, ਸਕੂਲਾਂ/ਕਾਲਜਾਂ ਦੇ ਮੁਖੀਆਂ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਰਾਹੀਂ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ, ਲੋਕ ਅਦਾਲਤਾਂ, ਸਥਾਈ ਲੋਕ ਅਦਾਲਤ ਅਤੇ ਪੀੜਤ ਮੁਆਵਜ਼ਾ ਸਕੀਮਾਂ ਦਾ ਲਾਭ ਲੈਣ ਲਈ ਉਨ੍ਹਾਂ ਦੇ ਜਿਲ੍ਹਾ ਕਚਿਹਰੀਆਂ ਵਿੱਚ ਸਥਿੱਤ ਝਗੜਾ ਨਿਵਾਰਣ ਕੇਂਦਰ ਜਾਂ ਟੋਲ ਫ੍ਰੀ ਨੰਬਰ 1968 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਅਤੇ ਗੀਤ ਪੇਸ਼ ਕੀਤੇ ਗਏ।

ਮੰਚ  ਸੰਚਾਲਨ ਸ਼੍ਰੀ ਮਨਹਰ ਅਰੋੜਾ ਮੈਨੇਜਿੰਗ ਡਾਇਰੈਕਟਰ ਵੱਲੋਂ ਕੀਤਾ ਗਿਆ ਅਤੇ ਕਾਲਜ ਪ੍ਰਬੰਧਨ ਵੱਲ਼ੋਂ ਜੱਜ ਸਾਹਿਬਾਨਾਂ ਨੂੰ ਸਨਮਾਨ ਚਿੰਨ ਦਿੱਤੇ ਗਏ। ਇਸ ਮੌਕੇ ਪੈਨਲ ਦੀ ਵਕੀਲ ਹਰਲੀਨ ਕੌਰ ਵੱਲੋਂ ਮੁਫਤ ਕਾਨੂੰਨਾ ਸਹਾਇਤਾ, ਲੋਕ ਅਦਾਲਤਾਂ, ਸਥਾਈ ਲੋਕ ਅਦਾਲਤ ਅਤੇ ਪੀੜਤ ਮੁਆਵਜ਼ਾ ਸਕੀਮਾਂ ਸੰਬੰਧੀ ਵਿਸਥਾਰ ਨਾਲ ਜਾਣਾਕਾਰੀ ਦਿੱਤੀ ਗਈ ਅਤੇ ਆਮ ਲੋਕਾਂ ਨੂੰ ਪੈਂਫਲੈਟਸ ਵੀ ਵੰਡੇ ਗਏ।

ਇਸ ਮੌਕੇ ਪੈਨਲ ਦੇ ਵਕੀਲ ਸਾਹਿਬਾਨ, ਪੈਰਾ ਲੀਗਲ ਵਲੰਟੀਅਰ,  ਸ਼੍ਰੀ ਜਗਨ ਨਾਥ ਸੀਨੀਅਰ ਅਸਿਸਟੈਂਟ (ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ) ਵੀ ਹਾਜਰ ਸਨ। ਇਸ ਪ੍ਰੋਗਰਾਮ ਨੂੰ ਸੇਂਟ ਸੋਲਜਰ ਲਾਅ ਕਾਲਜ, ਜਲੰਧਰ ਵਿਖੇ ਆਯੋਜਿਤ ਕਰਨ ਲਈ ਕਾਲਜ ਦੀ ਵਾਈਸ ਚੇਅਰਪਰਸਨ ਸੰਗੀਤਾ ਚੌਪੜਾ ਅਤੇ ਡਾਇਰੈਕਟਰ  ਡਾ. ਸੁਭਾਸ਼ ਸ਼ਰਮਾ ਵੱਲੋਂ  ਜੱਜ ਸਾਹਿਬਾਨ ਦਾ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਦਾ ਧੰਨਵਾਦ  ਕੀਤਾ ਗਿਆ।

Spread the love