ਰੂਪਨਗਰ 24 ਮਾਰਚ 2022
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਵਿੱਚ ਪੰਜਾਬ ਦੇ ਸਕੂਲਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰਾਂ ਵਿੱਚ ਨੈਸ਼ਨਲ ਗਰੀਨ ਕੋਰ ਪ੍ਰੋਗਰਾਮ ਤਹਿਤ ਚਲਾਏ ਜਾ ਰਹੇ ਈਕੋ ਕਲੱਬਾਂ ਲਈ 2 ਕਰੋੜ 80 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਸੁਸ਼ੀਲ ਭਾਰਦਵਾਜ ਨੇ ਦੱਸਿਆ ਕਿ 21 ਜ਼ਿਲ੍ਹਿਆਂ ਦੇ 250-250 ਸਕੂਲਾਂ ਅਤੇ ਮਲੇਰਕੋਟਲਾ ਤੇ ਸੰਗਰੂਰ ਜ਼ਿਲ੍ਹਿਆਂ ਦੇ 125-125 ਸਕੂਲਾਂ ਨੂੰ 5000-5000 ਰੁਪਏ ਦੀ ਰਾਸ਼ੀ ਭੇਜੀ ਗਈ ਹੈ। ਇਸੇ ਤਰ੍ਹਾਂ 21 ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਦਫ਼ਤਰਾਂ ਲਈ 25000-25000 ਰੁਪਏ ਅਤੇ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਦਫ਼ਤਰ ਲਈ 12500-12500 ਰੁਪਏ ਭੇਜੇ ਗਏ ਹਨ।
ਹੋਰ ਪੜ੍ਹੋ :-ਪੰਜਾਬ ਪੁਲਿਸ ਨੇ ਕੋਵਿਡ-19 ਟੀਕਾਕਰਨ ਬੂਸਟਰ ਡੋਜ਼ ਲਈ ਵਿਸ਼ੇਸ ਕੈਂਪ ਲਗਾਇਆ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਜਰਨੈਲ ਸਿੰਘ ਨੇ ਦੱਸਿਆ ਕਿ ਸਕੂਲਾਂ ਵਿੱਚ ਵਿਗਿਆਨ ਵਿਸ਼ੇ ਦੇ ਅਧਿਆਪਕਾਂ ਵੱਲੋਂ ਸਕੂਲ ਮੁਖੀਆਂ ਦੀ ਦੇਖ-ਰੇਖ ਵਿੱਚ ਈਕੋ ਕਲੱਬ ਚਲਾਏ ਜਾ ਰਹੇ ਹਨ ਜੋ ਕਿ ਸਕੂਲ ਵਿੱਚ ਸਾਲ ਦੌਰਾਨ ਬਹੁਤ ਸਾਰੀਆਂ ਪ੍ਰਭਾਵੀ ਕਿਰਿਆਵਾਂ ਕਰਵਾ ਕੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਯੋਗਦਾਨ ਪਾਉਂਦੀਆਂ ਹਨ। ਉਹਨਾਂ ਕਿਹਾ ਕਿ ਇਸ ਰਾਸ਼ੀ ਦੀ ਵਰਤੋਂ ਕਰਕੇ ਸਕੂਲ ਮੁਖੀ ਅਤੇ ਅਧਿਆਪਕ ਸਕੂਲ ਵਿੱਚ ਵਧੀਆ ਲੈਂਡ ਸਕੇਪਿੰਗ ਕਰਵਾ ਸਕਦੇ ਹਨ। ਸਕੂਲਾਂ ਦੇ ਚੌਗਿਰਦੇ ਵਿੱਚ ਪੌਦੇ ਲਗਾ ਸਕਦੇ ਹਨ। ਸਕੂਲ ਦੇ ਦਾਖਲ ਦੁਆਰ ਨੂੰ ਸੋਹਣਾ ਬਣਾਉਣ ਲਈ ਡੈਕੋਰੇਟਿਵ ਪਲਾਂਟ ਲਗਾ ਸਕਦੇ ਹਨ।
ਇਸਤੋਂ ਇਲਾਵਾ ਸਕੂਲ ਵਿੱਚ ਸੁੱਕੇ ਅਤੇ ਹਰੇ ਕੂੜੇ ਲਈ ਕੂੜਾਦਾਨ ਦਾ ਵੀ ਪ੍ਰਬੰਧ ਇਸ ਰਾਸ਼ੀ ਵਿੱਚੋਂ ਕੀਤਾ ਜਾ ਸਕਦਾ ਹੈ। ਜੇਕਰ ਸਕੂਲ ਮੁਖੀ ਅਤੇ ਈਕੋ ਕਲੱਬ ਇੰਚਾਰਜ ਉਪਰੋਕਤ ਰਾਸ਼ੀ ਨੂੰ ਸਕੂਲ ਵਿੱਚ ਡਿਜੀਟਲ ਡਿਸਪਲੇ ਬੋਰਡ ਲਗਵਾਉਣ ਲਈ ਵਰਤਣਾ ਚਾਹੁੰਦੇ ਹਨ ਤਾਂ ਵਰਤ ਸਕਦੇ ਹਨ ਜਿਸ ਰਾਹੀਂ ਸਵੱਛਤਾ ਅਭਿਆਨ, ਵਾਤਾਵਰਣ ਦਿਵਸ ਮਨਾਉਣ, ਜਲ ਪ੍ਰਦੂਸਣ, ਭੂਮੀ ਪ੍ਰਦੂਸ਼ਣ ਅਤੇ ਹਵਾ ਪ੍ਰਦੂਸ਼ਣ ਆਦਿ ਦੇ ਸਬੰਧੀ ਜਾਗਰੂਕ ਕਰਨ ਲਈ ਸੰਦੇਸ਼ ਅਤੇ ਹੋਰ ਜਾਣਕਾਰੀ ਭਰਪੂਰ ਸਮੱਗਰੀ ਡਿਸਪਲੇ ਕੀਤੀ ਜਾ ਸਕਦੀ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਜਰਨੈਲ ਸਿੰਘ