ਕਿਸ਼ੋਰੀ ਰਾਮ ਹਸਪਤਾਲ ਨੂੰ ਕੋਰੋਨਾ ਮਰੀਜ਼ਾਂ ਦੇ ਮੁਫ਼ਤ ਇਲਾਜ ਲਈ ਇਜਾਜ਼ਤ ਨਾ ਦੇਣਾ ਕੈਪਟਨ ਸਰਕਾਰ ਦੀ ਗਰੀਬਾਂ ਪ੍ਰਤੀ ਅਸੰਵੇਦਨਸ਼ੀਲਤਾ ਦਾ ਮੁਜ਼ਾਹਰਾ-ਪ੍ਰੋ. ਬਲਜਿੰਦਰ ਕੌਰ
ਕਰੋਨਾ ਕਾਲ ਵਿਚ ਬਠਿੰਡਾ ਦੇ ਲੋਕ ਮਰ ਰਹੇ ਹਨ ਇੱਥੇ ਮਨਪ੍ਰੀਤ ਬਾਦਲ ਆਪਣੇ ਘਰ ਵਿੱਚ ਆਰਾਮ ਫਰਮਾ ਰਹੇ ਹਨ
ਬਠਿੰਡਾ, 15 ਮਈ , 2021
ਕੋਰੋਨਾ ਕਾਲ ਚ ਸਰਕਾਰ ਦੀ ਬਦਇੰਤਜ਼ਾਮੀ ਦਾ ਖੱਪਾ ਭਰਨ ਦੇ ਮਨਸੂਬੇ ਨਾਲ ਬਠਿੰਡਾ ਦੇ ਨਾਮੀ ਡਾ. ਵਿਪੁਲ ਗੁਪਤਾ ਵੱਲੋਂ ਕਿਸ਼ੋਰੀ ਰਾਮ ਹਸਪਤਾਲ ਨੂੰ ਗ਼ਰੀਬ ਮਰੀਜ਼ਾਂ ਦੇ ਮੁਫ਼ਤ ਇਲਾਜ ਲਈ ਸਰਕਾਰ ਦੇ ਐਲਾਨ ਕਰਨ ਤੋਂ ਇਕ ਹਫ਼ਤਾ ਬਾਅਦ ਵੀ ਅਜੇ ਤੱਕ ਪ੍ਰਸ਼ਾਸਨਿਕ ਅਧਿਕਾਰੀਆਂ ਇਸ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਹੈ। ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰ ਦੀ ਨਾਲਾਇਕੀ ਉੱਤੇ ਹੈਰਾਨੀ ਜ਼ਾਹਰ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ ਬਲਜਿੰਦਰ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਨੀਲ ਗਰਗ ਨੇ ਕਿਹਾ ਕਿ ਹਸਪਤਾਲ ਵੱਲੋਂ ਗ਼ਰੀਬ ਕੋਰੋਨਾ ਮਰੀਜ਼ਾਂ ਦੇ ਮੁਫਤ ਇਲਾਜ ਸਬੰਧੀ ਭੇਜੀ ਫਾਈਲ ਦੀ ਹਫ਼ਤਾ ਬੀਤ ਜਾਣ ਦੇ ਬਾਅਦ ਵੀ ਅਧਿਕਾਰੀਆਂ ਨੇ ਇਸ ਉੱਤੇ ਕੋਈ ਵੀ ਫ਼ੈਸਲਾ ਨਾ ਲੈਣਾ ਉਨ੍ਹਾਂ ਦੀ ਆਪਣੇ ਕੰਮ ਪ੍ਰਤੀ ਗੰਭੀਰਤਾ ਨੂੰ ਉਜਾਗਰ ਕਰਦਾ ਹੈ। ਜ਼ਿਕਰਯੋਗ ਹੈ ਕਿ ਡਾ. ਵਿਪੁਲ ਗੁਪਤਾ ਨੇ ਆਪਣੇ ਕਿਸ਼ੋਰੀ ਰਾਮ ਹਸਪਤਾਲ ਨੂੰ ਨੌਜਵਾਨ ਵੈੱਲਫੇਅਰ ਸੋਸਾਇਟੀ ਨੂੰ ਸੌਂਪਦਿਆਂ ਆਪਣੀਆਂ ਮੁਫ਼ਤ ਸੇਵਾਵਾਂ ਅਤੇ ਹਸਪਤਾਲ ਨੂੰ ਕਰੁਣਾ ਦੇ ਮਰੀਜ਼ਾਂ ਦਾ ਮੁਫਤ ਇਲਾਜ ਕਰਨ ਦਾ ਐਲਾਨ ਕੀਤਾ ਸੀ।
ਆਪ ਆਗੂਆਂ ਨੇ ਕਿਹਾ ਕਿ ਕਰੋਨਾ ਵਰਗੀ ਮਹਾਂਮਾਰੀ ਦੇ ਦੌਰਾਨ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕੈਪਟਨ ਸਰਕਾਰ ਵੱਲੋਂ ਅਜਿਹਾ ਰਵੱਈਆ ਅਪਨਾਉਣਾ ਉਨ੍ਹਾਂ ਦੀ ਪੰਜਾਬ ਦੇ ਲੋਕਾਂ ਪ੍ਰਤੀ ਗੰਭੀਰਤਾ ਨੂੰ ਦਰਸਾਉਂਦਾ ਹੈ। ਚਾਹੀਦਾ ਤਾਂ ਇਹ ਸੀ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੁਝ ਹੀ ਘੰਟਿਆਂ ਵਿੱਚ ਇਸ ਦੀ ਇਜਾਜ਼ਤ ਦੇ ਦਿੱਤੀ ਜਾਣੀ ਚਾਹੀਦੀ ਸੀ ਤਾਂ ਜੋ ਕਰੋਨਾ ਮਾਹਾਮਾਰੀ ਦੇ ਦੌਰਾਨ ਇਲਾਜ ਪੱਖੋਂ ਮਰ ਰਹੇ ਗ਼ਰੀਬ ਮਰੀਜ਼ਾਂ ਦੀ ਜਾਨ ਨੂੰ ਬਚਾਇਆ ਜਾ ਸਕਦਾ । ਇਹ ਹਸਪਤਾਲ ਚਾਲੂ ਹਾਲਤ ਵਿਚ ਹੈ ਅਤੇ ਮੌਜੂਦਾ ਸਮੇਂ ਵਿੱਚ ਵੀ ਇੱਥੇ 10 ਬੈੱਡਾਂ ਦਾ ਇੰਤਜ਼ਾਮ ਹੈ ਅਤੇ ਜ਼ਰੂਰਤ ਦੇ ਅਨੁਸਾਰ 40 ਬੈੱਡ ਤੱਕ ਵਿਵਸਥਾ ਕੀਤੀ ਜਾ ਸਕਦੀ ਹੈ ਅਜਿਹੀ ਹਾਲਤ ਵਿਚ ਇਹ ਬਠਿੰਡਾ ਅਤੇ ਆਸਪਾਸ ਦੇ ਖੇਤਰਾਂ ਦੇ ਮਰੀਜ਼ਾਂ ਲਈ ਇਕ ਆਸ ਦੀ ਕਿਰਨ ਸਾਬਤ ਹੋ ਸਕਦਾ ਹੈ ਪ੍ਰੰਤੂ ਸਰਕਾਰੀ ਅਧਿਕਾਰੀਆਂ ਦੇ ਲੋਕ ਵਿਰੋਧੀ ਰਵੱਈਏ ਕਾਰਨ ਇਹ ਕਾਰਜ ਨੇਪਰੇ ਚੜ੍ਹਨ ਵਿਚ ਦੇਰੀ ਹੋ ਰਹੀ ਹੈ।
ਪ੍ਰੋਫੈਸਰ ਬਲਜਿੰਦਰ ਕੌਰ ਅਤੇ ਨੀਲ ਗਰਗ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀ ਅਜਿਹਾ ਕੁਝ ਕੁ ਪ੍ਰਾਈਵੇਟ ਹਸਪਤਾਲਾਂ ਨੂੰ ਲਾਭ ਪਹੁੰਚਾਉਣ ਦੇ ਮਨਸੂਬੇ ਨਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਵੀ ਪੰਜਾਬ ਸਰਕਾਰ ਵੱਲੋਂ ਭੇਜੇ 29 ਵੈਂਟੀਲੇਟਰਾਂ ਨੂੰ ਕੁਝ ਕੁ ਪ੍ਰਾਈਵੇਟ ਹਸਪਤਾਲਾਂ ਨੂੰ ਸੌਂਪ ਦਿੱਤਾ ਗਿਆ ਸੀ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ 10 ਹੋਰ ਵੈਂਟੀਲੇਟਰ ਬਠਿੰਡਾ ਭੇਜੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਕਿਸ਼ੋਰੀ ਰਾਮ ਹਸਪਤਾਲ ਨੂੰ ਚਾਲੂ ਕਰਨ ਦੀ ਇਜਾਜ਼ਤ ਦੇਵੇ ਅਤੇ ਇਹ 10 ਵੈਂਟੀਲੇਟਰ ਵੀ ਕਿਸ਼ੋਰੀ ਰਾਮ ਹਸਪਤਾਲ ਨੂੰ ਦਿੱਤੇ ਜਾਣ ਤਾਂ ਜੋ ਗਰੀਬਾਂ ਦਾ ਮੁਫ਼ਤ ਇਲਾਜ ਹੋਣਾ ਸ਼ੁਰੂ ਹੋ ਸਕੇ। ਆਪ ਆਗੂਆਂ ਨੇ ਬਠਿੰਡਾ ਤੋਂ ਵਿਧਾਇਕ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੋਰੋਨਾ ਵਰਗੀ ਮਹਾਂਮਾਰੀ ਵਿਚ ਜਦੋਂ ਬਠਿੰਡਾ ਦੇ ਲੋਕ ਮਰ ਰਹੇ ਹਨ ਤਾਂ ਉਹ ਆਪਣੇ ਘਰ ਵਿੱਚ ਛੁਪ ਕੇ ਬੈਠੇ ਹਨ।