ਸਨਅਤੀ ਪਾਰਕ ਦੇ ਨਾਂ ‘ਤੇ ਲੈਂਡ ਮਾਫੀਆ ਨੂੰ ਲੁਟਾਉਣਾ ਚਾਹੁੰਦੇ ਹਨ ਥਰਮਲ ਪਲਾਂਟ ਦੀ ਜ਼ਮੀਨ-‘ਆਪ'

Prof Baljinder Kaur

-ਬਠਿੰਡਾ ਲੋਕ ਸਭਾ ਹਲਕੇ ਦੇ ਤਿੰਨ ‘ਆਪ’ ਵਿਧਾਇਕਾਂ ਨੇ ਬੋਲਿਆ ਵਿੱਤ ਮੰਤਰੀ ‘ਤੇ ਹਮਲਾ
-ਮਨਪ੍ਰੀਤ ਬਾਦਲ ਵੱਲੋਂ ਕੀਤੇ ਧੋਖੇ ਨੂੰ ਕਦੇਂ ਵੀ ਮੁਆਫ ਨਹੀਂ ਕਰਨਗੇ ਲੋਕ-ਪ੍ਰੋ. ਬਲਜਿੰਦਰ ਕੌਰ

ਬਠਿੰਡਾ, 17 ਅਗਸਤ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕਾਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ‘ਤੇ ਅੱਖ ਰੱਖਣ ਵਾਲੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲੋਕਾਂ ਨੂੰ ਸਨਅਤੀ ਪਾਰਕ ਦੇ ਸਬਜ਼ਬਾਗ ਦਿਖਾ ਕੇ ਫਿਰ ਤੋਂ ਗੁੰਮਰਾਹ ਨਹੀਂ ਕਰ ਸਕਦੇ। ਉਨਾਂ ਕਿਹਾ ਕਿ ਇਸ ਥਰਮਲ ਪਲਾਂਟ ਨੂੰ ਪਹਿਲਾਂ ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਵੇਚਣ ਦੀ ਕੋਸ਼ਿਸ਼ ਕੀਤੀ ਗਈ ਸੀ, ਤਾਂ ਉਸ ਸਮੇਂ ਕਾਂਗਰਸ ਪਾਰਟੀ ਨੇ ਇਸ ਦਾ ਜਨਤਕ ਵਿਰੋਧ ਕੀਤੀ ਸੀ, ਪਰੰਤੂ ਅੱਜ ਕਾਂਗਰਸ ਸਰਕਾਰ ਹੀ ਬਠਿੰਡਾ ਥਰਮਲ ਪਲਾਂਟ ਨੂੰ ਢਹਿ-ਢੇਰੀ ਕਰਨ ਲਈ ਕਾਹਲੀ ਪਈ ਹੋਈ ਹੈ।
ਬਠਿੰਡਾ ਲੋਕਾ ਸਭਾ ਹਲਕੇ ਨਾਲ ਸੰਬੰਧਿਤ ‘ਆਪ’ ਦੇ ਤਿੰਨਾਂ ਵਿਧਾਇਕਾਂ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਸ ਦੀਆਂ ਚੀਮਨੀਆਂ ‘ਚੋਂ ਧੂੰਆਂ ਨਿਕਲਦਾ ਵੇਖ ਕੇ ਹੀ ਸ਼ਾਂਤੀ ਨਾਲ ਬੈਠਾਂਗਾ, ਪਰੰਤੂ ਅੱਜ ਓਹੀ ਵਿੱਤ ਮੰਤਰੀ ਇਸ ਥਰਮਲ ਪਲਾਂਟ ਨੂੰ ਢਾਹ ਕੇ ਲੈਂਡ ਮਾਫੀਆ ਨੂੰ ਜਮੀਨ ਵੇਚਣ ਲਈ ਕਾਹਲੇ ਪਏ ਹੋਏ ਹਨ। ਜਦਕਿ ਇਸ ਥਰਮਲ ਪਲਾਂਟ ਨੂੰ ਪਰਾਲੀ ‘ਤੇ ਚਲਾਉਣ ਦੀ ਲਾਭਦਾਇਕ ਤਜਵੀਜ ਵੀ ਸੀ।
‘ਆਪ’ ਵਿਧਾਇਕਾਂ ਨੇ ਪੁੱਛਿਆ ਕਿ ਹੁਣ ਵਿੱਤ ਮੰਤਰੀ ਬਾਦਲ ਦੱਸਣ ਕਿ ਉਨਾਂ ਨੇ ਕਿਉਂ ਇਸ ਤਜਵੀਜ਼ ਨੂੰ ਰੱਦੀ ਦੀ ਟੋਕਰੀ ‘ਚ ਸੁੱਟ ਦਿੱਤਾ ਹੈ ਅਤੇ ਹੁਣ ਉਹ ਥਰਮਲ ਪਲਾਂਟ ਨੂੰ ਢਹਿ-ਢੇਰ ਕਰਨ ਲਈ ਸਭ ਤੋਂ ਕਾਹਲਾ ਕਿਉਂ ਹਨ? ਜਦਕਿ ਇਸ ਤਜਵੀਜ਼ ਨੂੰ ਅਮਲ ‘ਚ ਲਿਆਉਣ ‘ਤੇ ਜਿੱਥੇ ਬਾਬੇ ਨਾਨਕ ਦੀ ਵਿਰਾਸਤ ਸੁਰੱਖਿਅਤ ਰਹਿੰਦੀ, ਉਥੇ ਕਿਸਾਨਾਂ ਨੂੰ ਪਰਾਲੀ ਤੋਂ ਅਮਦਨੀ ਹੁੰਦੀ ਅਤੇ ਵਾਤਾਵਰਣ ਨੁੰ ਪ੍ਰਦੂਸ਼ਣ ਤੋਂ ਮੁਕਤੀ ਮਿਲਦੀ।
ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਜੇਕਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਥਰਮਲ ਪਲਾਂਟ ਦੀ ਥਾਂ ਕਿਸੇ ਹੋਰ ਥਾਂ ਤੇ ਸਨਅਤੀ ਪਾਰਕ ਬਣਾਉਂਦੇ ਹਨ ਤਾਂ ਆਮ ਆਦਮੀ ਪਾਰਟੀ ਇਸ ਦਾ ਪੂਰਨ ਤੌਰ ‘ਤੇ ਸਮਰਥਨ ਕਰਦੀ ਹੋਈ ਖੁਸ਼ੀ ਦਾ ਪ੍ਰਗਟਾਵਾ ਕਰੇਗੀ, ਪਰੰਤੂ ਇਸ ਤਰਾਂ ਦੀ ਨੀਤੀ ਤੇ ਖਿਲਾਫ ‘ਆਪ’ 20 ਅਗਸਤ ਤੋਂ ਥਰਮਲ ਪਲਾਂਟ ਨੁੰ ਢਾਹੁਣ ਦਾ ਵਿਰੋਧ ਕਰਦੀ ਹੋਈ ਸੰਘਰਸ਼ ਤੇਜ਼ ਕਰੇਗੀ, ਜਿਸ ਨੂੰ ਸਾਰੇ ਪੰਜਾਬ ਦਾ ਅੰਦੋਲਨ ਬਣਾਇਆ ਜਾਵੇਗਾ।