ਪੰਜਾਬ ਦੇ ਲੋਕਾਂ ਦੀ ਜਿੱਤ ਹੈ, ਕੈਪਟਨ ਸਰਕਾਰ ਵੱਲੋਂ ਪਲਾਜ਼ਮਾ ਵੇਚਣ ਵਾਲਾ ਬੇਤੁਕਾ ਫ਼ੈਸਲਾ ਵਾਪਸ ਲੈਣਾ- ਭਗਵੰਤ ਮਾਨ

‘ਆਪ’ ਸੰਸਦ ਨੇ ਕੈਪਟਨ ਨੂੰ ਆਤਮ ਚਿੰਤਨ ਕਰਨ ਅਤੇ ਆਰਥਿਕ ਸਲਾਹਕਾਰ ਬਦਲਣ ਦੀ ਸਲਾਹ

ਚੰਡੀਗੜ੍ਹ, 31 ਜੁਲਾਈ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਰਕਾਰ ਵੱਲੋਂ ਦਾਨ ‘ਚ ਲਏ ਪਲਾਜ਼ਮਾ (ਬਲੱਡ ਸੈੱਲ) ਦੀ ਕੋਰੋਨਾ ਮਰੀਜ਼ਾਂ ਕੋਲੋਂ 20 ਹਜ਼ਾਰ ਰੁਪਏ ਪ੍ਰਤੀ ਯੂਨਿਟ ਲੈਣ ਸੰਬੰਧੀ ਫ਼ੈਸਲਾ ਵਾਪਸ ਲਏ ਜਾਣ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਲੋਕਾਂ ਦੀ ਜਿੱਤ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ‘ਆਪ’ ਸੰਸਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਆਤਮ-ਚਿੰਤਨ ਕਰਕੇ ਅਜਿਹੇ ਹੋਰ ਦਰਜਨਾਂ ਲੋਕ ਮਾਰੂ ਫ਼ੈਸਲਿਆਂ ‘ਤੇ ਵੀ ਨਜ਼ਰਸਾਨੀ ਕਰਨ ਜਿੰਨਾ ਕਰਕੇ ਪੰਜਾਬ ਦੇ ਲੋਕ ਬੁਰੀ ਤਰਾਂ ਪਿਸ ਰਹੇ ਹਨ।
ਵੀਰਵਾਰ ਦੇਰ ਸ਼ਾਮੀ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੇ ਰੋਹ ਨੂੰ ਭਾਂਪਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਬੇਤੁਕਾ, ਹਾਸੋਹੀਣਾ ਅਤੇ ਤੁਗ਼ਲਕੀ ਫ਼ਰਮਾਨ ਵਾਪਸ ਲੈਣ ਲਈ ਮਜਬੂਰ ਹੋਣਾ ਪੈ ਗਿਆ। ਇਸ ਲਈ ਪੰਜਾਬ ਦੀ ਜਨਤਾ ਅਤੇ ਆਮ ਆਦਮੀ ਪਾਰਟੀ ਦੇ ਸਮੂਹ ਆਗੂ ਅਤੇ ਵਰਕਰ-ਵਲੰਟੀਅਰ ਵਧਾਈ ਦੇ ਪਾਤਰ ਹਨ।
ਭਗਵੰਤ ਮਾਨ ਨੇ ਕਿਹਾ ਕਿ ਜਨਤਾ ਦੇ ਹਿਤਾਂ ਲਈ ਸਰਕਾਰਾਂ (ਪੰਜਾਬ ਅਤੇ ਕੇਂਦਰ) ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਆਮ ਆਦਮੀ ਪਾਰਟੀ ਇੰਜ ਹੀ ਆਪਣਾ ਫ਼ਰਜ਼ ਨਿਭਾਉਂਦੀ ਰਹੇਗੀ।
ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਆਰਥਿਕ ਸਲਾਹਕਾਰ ਬਦਲਣ ਦੀ ਸਲਾਹ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਜੇ ਵੀ ਦਰਜਨਾਂ ਅਜਿਹੇ ਮਾਰੂ ਫ਼ੈਸਲੇ ਹਨ ਜੋ ਆਤਮ-ਚਿੰਤਨ ਮੰਗਦੇ ਹਨ।
ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀਆਂ ਜੇਬਾਂ ‘ਤੇ ਭਾਰੂ ਪੈਣ ਵਾਲੇ ਅਜਿਹੇ ਗੈਰ-ਜ਼ਰੂਰੀ ਫ਼ੈਸਲਿਆਂ ਦੀ ਥਾਂ ਬਹੁਭਾਂਤੀ ਮਾਫ਼ੀਆ ਦੀ ਲੁੱਟ ਨੂੰ ਨੱਥ ਪਾਉਣੀ ਚਾਹੀਦੀ ਹੈ।

Spread the love