ਆਨੰਦ ਉਤਸਵ ਤਹਿਤ 18 ਅਗਸਤ ਤੱਕ ਤਿੰਨ ਹਜ਼ਾਰ ਬੂਟੇ ਲਗਾਏ ਜਾਣਗੇ
ਫਾਜ਼ਿਲਕਾ, 12 ਅਗਸਤ
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਹੁਣ ਲੋਕ ਲਹਿਰ ਬਣਨ ਲਗੀ ਹੈ ਅਤੇ ਇਸ ਤੋਂ ਪ੍ਰੇਰਿਤ ਹੋ ਕੇ ਵੱਖ-ਵੱਖ ਗੈਰ ਸਰਕਾਰੀ ਸੰਗਠਨ ਵੀ ਪੌਦੇ ਲਗਾਉਣ ਲਈ ਅਗੇ ਆ ਰਹੇ ਹਨ।ਇਸੇ ਲੜੀ ਤਹਿਤ ਆਜਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਵਾਤਾਵਰਣ ਦੀ ਸੰਭਾਲ ਕਰਨ ਲਈ ਬੂਟੇ ਲਗਾਉਣ ਦੀ ਮੁਹਿੰਮ ਨੂੰ ਹੁੰਗਾਰਾ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਗ੍ਰੈਜੂਏਟ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਪੌਦੇ ਲਗਾਏ ਜਾ ਰਹੇ ਹਨ। ਇਸ ਮੁਹਿੰਮ `ਚ ਵਾਧਾ ਕਰਦੇ ਹੋਏ ਗ੍ਰੈਜੂਏਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੌਦਿਆਂ ਦੀ ਵੰਡ ਲਈ ਤਿਆਰ ਕੀਤੀ ਗਈ ਡਾਇਲ-ਏ-ਟ੍ਰੀ ਸੇਵਾ ਆਕਸੀ ਵੈਨ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਹੋਰ ਪੜ੍ਹੋ :-ਜਲ ਸਰੋਤ ਮੰਤਰੀ ਵੱਲੋਂ ਮ੍ਰਿਤਕ ਪਸ਼ੂਆਂ ਨੂੰ ਕਿਸੇ ਵੀ ਜਲ ਸਰੋਤ ਵਿੱਚ ਨਾ ਵਹਾਉਣ ਦੀ ਅਪੀਲ
ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਕਰਨ ਵਿਚ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜਿਸ ਮਾਹੌਲ ਵਿਚ ਰਹਿੰਦੇ ਹਾਂ ਉਸ ਨੂੰ ਸਾਫ-ਸੁਥਰਾ ਤੇ ਸ਼ੁੱਧ ਰੱਖਣਾ ਸਾਡੀ ਨੈਤਿਕ ਜਿੰਮੇਵਾਰੀ ਬਣਦੀ ਹੈ।ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਇਕ-ਇਕ ਪੌਦਾ ਲਗਾਉਣਾ ਚਾਹੀਦਾ ਹੈ ਤੇ ਉਸਦੀ ਸੰਭਾਲ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਲੇ-ਦੁਆਲੇ ਪੌਦੇ ਵੀ ਲਗਾਏ।ਉਨ੍ਹਾਂ ਗ੍ਰੈਜੂਏਟ ਵੈਲਫੇਅਰ ਐਸੋਸੀਏਸ਼ਨ ਫਾਜ਼ਿਲਕਾ ਦਾ ਪੌਦੇ ਲਗਾਉਣ ਦੀ ਮੁਹਿੰਮ ਲਈ ਧੰਨਵਾਦ ਕੀਤਾ ਅਤੇ ਇਸੇ ਤਰ੍ਹਾਂ ਮੁਹਿੰਮ ਨੂੰ ਲਗਾਤਾਰੀ ਜਾਰੀ ਰੱਖਣ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਐਸੋਸੀਏਸ਼ਨ ਦੇ ਸਕੱਤਰ ਇੰਜੀ. ਡਾ: ਨਵਦੀਪ ਅਸੀਜਾ ਨੇ ਦੱਸਿਆ ਕਿ ਇਹ ਆਨੰਦ ਉਤਸਵ ਮੇਲਾ 18 ਅਗਸਤ ਤੱਕ ਚੱਲੇਗਾ। ਇਸ ਵਾਰ ਇਸ ਮੇਲੇ ਦੌਰਾਨ 3000 ਬੂਟੇ ਮੁਫ਼ਤ ਲਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 10 ਸਾਲਾਂ ਦੇ ਸਫ਼ਰ ਵਿੱਚ ਗ੍ਰੈਜੂਏਟ ਵੈਲਫੇਅਰ ਐਸੋਸੀਏਸ਼ਨ ਵੱਲੋਂ 40 ਹਜ਼ਾਰ ਬੂਟੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਉਹ ਰੁੱਖ ਵੀ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਆਮ ਨਾਗਰਿਕ ਅਤੇ ਸਮਾਜ ਸੇਵੀ ਸੰਸਥਾਵਾਂ ਫੋਨ ਲਾਈਨ `ਤੇ ਬੂਟੇ ਬੁੱਕ ਕਰਵਾਉਣਗੇ ਅਤੇ ਉਨ੍ਹਾਂ ਵੱਲੋਂ ਦੱਸੀ ਜਗ੍ਹਾ `ਤੇ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੇ ਵੱਡੇ ਹੋਣ ਤੱਕ ਉਨ੍ਹਾਂ ਦੀ ਦੇਖਭਾਲ ਵੀ ਕਰਨਗੇ।ਉਲ੍ਹਾਂ ਕਿਹਾ ਕਿ ਡਾਇਲ-ਏ-ਟ੍ਰੀ ਨਾਮਕ ਫ਼ੋਨ ਲਾਈਨ ਨੰਬਰ 8102152123 ਤੇ ਵਟਸਅਪ ਗ੍ਰੀਨ ਫਾਜ਼ਿਲਕਾ ਲਿਖ ਕੇ ਮੈਸੇਜ਼ ਕੀਤਾ ਜਾਵੇ ਜਿਸ ਨਾਲ ਬੁੱਕ ਕੀਤੇ ਗਏ ਬੂਟੇ 24 ਘੰਟਿਆਂ ਦੇ ਅੰਦਰ-ਅੰਦਰ ਐਸੋਸੀਏਸ਼ਨ ਵੱਲੋਂ ਲਗਾਏ ਜਾਣਗੇ, ਜਿਨ੍ਹਾਂ ਨੂੰ ਆਕਸੀ ਵੈਨਾਂ ਰਾਹੀਂ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਪਹਿਲੀ ਵਿਲਖਣ ਸੇਵਾ ਹੈ ਜਿਸ ਵਿਚ ਟੈਲੀਫੋਨ ਰਾਹੀਂ ਪੌਦਾ ਘਰ ਪਹੁੰਚਾਇਆ ਜਾਂਦਾ ਹੈ ਤੇ ਲਗਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਡਾਇਲ-ਏ-ਟ੍ਰੀ ਨਾਮਕ ਇਸ ਫ਼ੋਨ ਲਾਈਨ ਸੇਵਾ ਰਾਹੀਂ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਕਈ ਵਾਤਾਵਰਣ ਪ੍ਰੇਮੀ ਸੰਸਥਾਵਾਂ ਜੀ.ਡਬਲਿਊ.ਏ.ਐਫ ਦੇ ਇਸ ਖੁਸ਼ੀ ਦੇ ਤਿਉਹਾਰ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ, ਜਿਨ੍ਹਾਂ ਵਿੱਚ ਰੋਬਿਨਹੁੱਡ ਆਰਮੀ, ਨੌਜ਼ਵਾਨ ਸਮਾਜ ਸੇਵਾ ਸੰਸਥਾ, ਐਂਟੀ ਕਰਾਈਮ ਐਂਟੀ ਕੁਰੱਪਸ਼ਨ ਯੂਥ ਬਿਊਰੋ, ਵੂਮੈਨ ਵੈਲਫੇਅਰ ਸੋਸਾਇਟੀ, ਸਰਹਦ ਸੋਸ਼ਲ ਵੈਲਫੇਅਰ ਸੁਸਾਇਟੀ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਵਣ ਅਤੇ ਜੰਗਲੀ ਜੀਵ ਵਿਭਾਗ ਵੱਲੋਂ ਵੀ ਇਸ ਤਿਉਹਾਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਆਨੰਦ ਉਤਸਵ ਦੇ ਸੰਚਾਲਨ ਦੀ ਜਿੰਮੇਵਾਰੀ ਰੌਬਿਨਹੁੱਡ ਆਰਮੀ ਦੇ ਕਨਵੀਨਰ ਆਨੰਦ ਜੈਨ ਨੂੰ ਸੌਂਪੀ ਗਈ ਹੈ।
ਇਸ ਮੌਕੇ ਪਾਰਸ ਕਟਾਰੀਆ, ਉਮੇਸ਼ ਕੁਕੜ ਆਦਿ ਵੀ ਮੌਜੂਦ ਸਨ।