ਬਾਗਬਾਨੀ ਵਿਭਾਗ ਰੂਪਨਗਰ ਵੱਲੋ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ
ਰੂਪਨਗਰ, 28 ਮਾਰਚ 2022
ਬਾਗਬਾਨੀ ਵਿਭਾਗ ਰੂਪਨਗਰ ਵੱਲੋ ਰੂਪਨਗਰ ਦੇ ਪਿੰਡ ਦੁੱਗਰੀ ਵਿਖੇ ਆਤਮਾ ਸਕੀਮ ਅਧੀਨ ਘਰੇਲੂ ਬਗ਼ੀਚੀ ਨੂੰ ਉਤਸ਼ਾਹਿਤ ਕਰਨ ਲਈ ਅਤੇ ਬਾਗ਼ਬਾਨੀ ਵਿਭਾਗ ਦੀਆਂ ਸਕੀਮਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਹਾਜ਼ਰ ਸ੍ਰੀ ਯੁਵਰਾਜ ਭਾਰਦਵਾਜ, ਬਾਗਬਾਨੀ ਵਿਕਾਸ ਅਫਸਰ ਰੂਪਨਗਰ ਵੱਲੋਂ ਦੱਸਿਆ ਗਿਆ ਕਿ ਅਜੋਕੇ ਦੌਰ ਵਿਚ ਹਰ ਪਾਸੇ ਬਿਮਾਰੀਆਂ ਦਾ ਬੋਲਬਾਲਾ ਹੈ ਜਿਸ ਦਾ ਮੁੱਖ ਕਾਰਨ ਲੋਕਾਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਘੱਟ ਹੋਣਾ ਹੈ, ਭੱਜ-ਦੌੜ ਦੀ ਜ਼ਿੰਦਗੀ ਵਿਚ ਸਮੇਂ ਦੀ ਘਾਟ ਹੋਣ ਕਾਰਨ ਲੋਕ ਤਾਜ਼ੇ ਫਲ, ਸਬਜ਼ੀਆਂ ਦੇ ਸੇਵਨ ਦੀ ਬਜਾਏ ਬਾਜ਼ਾਰ ਤੋਂ ਤਿਆਰ ਭੋਜਨ ਖਾਣ ਨੂੰ ਤਰਜ਼ੀਹ ਦਿੰਦੇ ਹਨ ਜਾਂ ਫਿਰ ਬਾਜ਼ਾਰ ਰੇਹੜੀ ਆਦਿ ਤੋ ਸਬਜ਼ੀਆਂ, ਫਲ ਖ਼ਰੀਦਦੇ ਹਨ।
ਹੋਰ ਪੜ੍ਹੋ :-ਵਿਸ਼ਵ ਰੰਗ-ਮੰਚ ਦਿਵਸ ਸ਼ਾਨੋ-ਸ਼ੌਕਤ ਨਾਲ ਮਨਾਇਆ
ਕਈ ਵਾਰ ਇਹ ਸਬਜ਼ੀ, ਫਲ ਤਾਜੇ ਨਹੀਂ ਹੁੰਦੇ ,ਕਈ ਵਾਰ ਇਨ੍ਹਾਂ ਤੇ ਖ਼ਤਰਨਾਕ ਦਵਾਈਆਂ ਦਾ ਛਿੜਕਾਅ ਕੀਤਾ ਹੁੰਦਾ ਹੈ ਜੋ ਕਈ ਗੰਭੀਰ ਬਿਮਾਰੀਆਂ ਨੂੰ ਸੱਦਾ ਦਿੰਦੀਆਂ ਹਨ। ਉਨ੍ਹਾਂ ਦੱਸਿਆ ਸਾਨੂੰ ਤੰਦਰੁਸਤ ਰਹਿਣ ਲਈ ਸੰਤੁਲਿਤ ਖੁਰਾਕ ਜਿਸ ਵਿੱਚ ਵਿਟਾਮਿਨ, ਖਣਿਜ, ਪ੍ਰੋਟੀਨ ਅਤੇ ਹੋਰ ਲੋੜੀਂਦੇ ਤੱਤ ਹੁੰਦੇ ਹਨ ਇਨ੍ਹਾਂ ਪੋਸ਼ਟਿਕ ਅਹਾਰਾਂ ਦਾ ਹੀ ਸਾਨੂੰ ਸੇਵਨ ਕਰਨਾ ਚਾਹੀਦਾ ਹੈ। ਹਰ ਵਿਅਕਤੀ ਨੂੰ ਪ੍ਰਤੀ ਦਿਨ 300 ਗ੍ਰਾਮ ਸਬਜੀਆਂ ਜਿਸ ਵਿੱਚ ਲਗਭਗ 120 ਗ੍ਰਾਮ ਹਰੇ ਪੱਤੇ ਵਾਲੀਆਂ,90 ਗ੍ਰਾਮ ਜੜ੍ਹਾਂ ਵਾਲੀਆਂ ਅਤੇ 90 ਗ੍ਰਾਮ ਬਾਕੀ ਸਬਜੀਆ ਅਤੇ 100 ਗ੍ਰਾਮ ਫਲ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਸਾਨੂੰ ਆਪਣੇ ਖਾਣ ਲਈ ਆਪਣੇ ਘਰ ਵਿੱਚ ਹੀ ਫਲ, ਸ਼ਬਜੀਆ ਉਗਾਉਣੇ ਚਾਹੀਦੇ ਹਨ। ਉਹਨਾਂ ਵੱਲੋਂ ਬਾਗਬਾਨੀ ਵਿਭਾਗ ਵੱਲੋਂ ਤਿਆਰ ਕੀਤੇ ਗਏ ਸਬਜ਼ੀ ਅਤੇ ਫਲ ਬਗੀਚੀ ਦੇ ਮਾਡਲ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵਿਭਾਗ ਵੱਲੋਂ ਬਾਗਬਾਨੀ ਖੇਤੀ ਨੂੰ ਪ੍ਰਫੁਲਤ ਕਰਨ ਲਈ ਚੱਲ ਰਹੀਆਂ ਸਕੀਮਾਂ ਸਬੰਧੀ ਜਾਣਕਾਰੀ ਦਿਤੀ ਗਈ।
ਡਾਕਟਰ ਸੰਜੀਵ ਅਹੁਜਾ, ਸਹਾਇਕ ਪ੍ਰੋਫੈਸਰ (ਬਾਗਬਾਨੀ), ਕ੍ਰਿਸ਼ੀ ਵਿਗਿਆਨ ਕੇਂਦਰ, ਰੂਪਨਗਰ ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਕੀੜੇ ਅਤੇ ਬਿਮਾਰੀਆਂ ਤੋਂ ਸੁਰੱਖਿਆ ਲਈ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਘਰੇਲੂ ਪੱਧਰ ਤੇ ਉਗਾਏ ਜਾਣ ਵਾਲੇ ਫ਼ਲ-ਸਬਜੀਆਂ ਨੂੰ ਕੀੜਿਆਂ ਤੋਂ ਬਚਾਉਣ ਲਈ ਟਰੈਪ ਲਗਾਉਣ ਦੀ ਸਲਾਹ ਦਿੱਤੀ ਤਾਂ ਜੋ ਜ਼ਹਿਰਾਂ ਦੀ ਵਰਤੋਂ ਘਟਾਈ ਜਾ ਸਕੇ। ਇਹ ਟਰੈਪ ਕ੍ਰਿਸ਼ੀ ਵਿਗਿਆਨ ਕੇਂਦਰ, ਰੂਪਨਗਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਆਪਣੀ ਉਪਜ ਨੂੰ ਪ੍ਰੋਸੈਸ ਕਰਕੇ ਵੇਚਣ ਦੀ ਸਲਾਹ ਦਿੱਤੀ ਅਤੇ ਕਿਸਾਨ ਬੀਬੀਆਂ ਨੂੰ ਅਚਾਰ, ਮੁਰੱਬੇ, ਚਟਨੀ, ਜੈਮ ਅਤੇ ਹੋਰ ਪਦਾਰਥ ਬਣਾ ਕੇ ਮੰਡੀਕਰਨ ਕਰਨ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਅਫ਼ਸਰ-ਕਮ-ਜ਼ਿਲ੍ਹਾ ਟਰੇਨਿੰਗ ਅਫਸਰ, ਰੂਪਨਗਰ ਡਾ. ਅਮਰੀਕ ਸਿੰਘ ਨੇ ਕਿਸਾਨਾਂ ਨਾਲ ਕਣਕ ਦੀ ਫ਼ਸਲ ਵਿੱਚ ਗੁਲੀਡੰਡੇ ਦੀ ਰੋਕਥਾਮ ਲਈ ਉਪਾਅ ਵਿਸਤਾਰ ਵਿਚ ਸਾਂਝੇ ਕੀਤੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਫਸਲਾਂ ਵਿਚ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ ਤਾਂ ਜੋ ਖਰਚ ਘਟਾ ਕੇ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਇਸ ਉਪਰੰਤ ਖੇਤੀਬਾੜੀ ਅਫਸਰ ਰੂਪਨਗਰ ਡਾ. ਨੰਦ ਸਿੰਘ ਨੇ ਤਿੰਨ ਅਹਿਮ ਕੁਦਰਤੀ ਸਰੋਤ ਹਵਾ, ਪਾਣੀ ਅਤੇ ਮਿੱਟੀ ਨੂੰ ਬਚਾਉਣ ਲਈ ਤਕਨੀਕਾਂ ਨਾਲ ਖੇਤੀ ਕਰਨ ਦੀ ਕਿਸਾਨਾਂ ਨੂੰ ਅਪੀਲ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਵੱਧ ਪਾਣੀ ਲੈਣ ਵਾਲੀ ਫਸਲ ਝੋਨੇ ਦੀ ਬਜਾਏ ਸੋਇਆਬੀਨ ਅਤੇ ਹੋਰ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਦੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ। ਕਿਸਾਨਾਂ ਵੱਲੋਂ ਖੇਤੀ ਸਮੱਸਿਆਵਾਂ ਸਬੰਧੀ ਪੁੱਛੇ ਗਏ ਵੱਖ ਵੱਖ ਸਵਾਲਾਂ ਦੇ ਮੌਕੇ ਤੇ ਜਵਾਬ ਵੀ ਦਿੱਤੇ ਗਏ। ਇਸ ਮੌਕੇ ਬਾਗਬਾਨੀ ਸਹਾਇਕ ਸ਼੍ਰੀ ਸੁਮੇਸ਼ ਕੁਮਾਰ ਅਤੇ ਵਿਭਾਗ ਦੇ ਹੋਰ ਕਰਮਚਾਰੀ ਹਾਜ਼ਰ ਸਨ। ਕੈਂਪ ਦੇ ਅੰਤ ਵਿੱਚ ਆਤਮਾ ਸਕੀਮ ਤਹਿਤ ਬਾਗਬਾਨੀ ਵਿਭਾਗ ਵਲੋਂ ਗਰਮੀ ਰੁੱਤ ਦੇ ਸਬਜ਼ੀ ਬੀਜਾਂ ਦੀਆਂ ਮਿੰਨੀ ਕਿੱਟਾਂ ਮੁਫ਼ਤ ਵਿੱਚ ਵੰਡੀਆਂ ਗਈਆਂ।