ਪੰਜਾਬ ਸਟੇਟ ਜੀ.ਐਸ.ਟੀ. ਵੱਲੋਂ ਜੀ.ਐਸ.ਟੀ. ਦੀ ਜਾਅਲੀ ਬਿਲਿੰਗ ਦੇ 700 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼


ਹੁਣ ਤੱਕ 122 ਕਰੋੜ ਰੁਪਏ ਤੋਂ ਵੱਧ ਇਨਪੁੱਟ ਟੈਕਸ ਕਰੈਡਿਟ ਦੀ ਧੋਖਾਧੜੀ ਤੋਂ ਪਰਦਾ ਉੱਠਿਆ
5 ਵਿਅਕਤੀ ਗਿ੍ਰਫ਼ਤਾਰ

ਚੰਡੀਗੜ, 13 ਮਾਰਚ
ਪੰਜਾਬ ਸਟੇਟ ਜੀ.ਐਸ.ਟੀ. ਦੇ ਇਨਵੈਸਟੀਗੇਸ਼ਨ ਵਿੰਗ ਦੇ ਅਧਿਕਾਰੀਆਂ ਵੱਲੋਂ ਅੱਜ ਪੰਜਾਬ, ਦਿੱਲੀ ਅਤੇ ਹਰਿਆਣਾ ਸਮੇਤ ਵੱਖ ਵੱਖ ਰਾਜਾਂ ਵਿੱਚ ਜਾਅਲੀ ਬਿਲਿੰਗ ਦਾ ਨੈੱਟਵਰਕ ਬਣਾਉਣ ਤੇ ਚਲਾਉਣ ਅਤੇ ਸਰਕਾਰ ਨੂੰ ਟੈਕਸ ਦੀ ਅਦਾਇਗੀ ਕੀਤੇ ਬਿਨਾਂ ਧੋਖਾਧੜੀ ਨਾਲ ਵੱਖ-ਵੱਖ ਫਰਮਾਂ ਨੂੰ 122 ਕਰੋੜ ਰੁਪਏ ਤੋਂ ਵੱਧ ਦੀ ਆਈ.ਟੀ.ਸੀ. ਪਾਸ ਕਰਨ ਅਤੇ ਫਾਇਦਾ ਕਮਾਉਣ ਦੇ ਦੋਸ਼ ਵਿੱਚ 5 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ।
7 ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ਦੀ ਆਗਿਆ ਸਟੇਟ ਟੈਕਸ ਕਮਿਸ਼ਨਰ ਸ੍ਰੀ ਨੀਲਕੰਠ ਐਸ. ਅਵਹਦ (ਆਈ.ਏ.ਐਸ.) ਵੱਲੋਂ ਸੈਕਸ਼ਨ 132(1) (ਏ), (ਬੀ) ਅਤੇ (ਸੀ) ਦੀ ਉਲੰਘਣਾ ਲਈ ਜੀ.ਐਸ.ਟੀ. ਐਕਟ ਦੀ ਧਾਰਾ 69 ਤਹਿਤ ਦਿੱਤੀ ਗਈ। ਵਿਭਾਗ ਦੀਆਂ ਟੀਮਾਂ ਵੱਲੋਂ ਇਨਾਂ ਕਾਰਵਾਈਆਂ, ਜਿਸ ਵਿੱਚ ਤਾਂਬੇ ਦੇ ਸਕਰੈਪ ਅਤੇ ਹੌਜ਼ਰੀ ਦੀਆਂ ਵਸਤਾਂ ਦੇ ਕੰਮ ਵਿੱਚ ਪੰਜਾਬ ਅਤੇ ਸੂਬੇ ਤੋਂ ਬਾਹਰ ਫਰਮਾਂ ਬਣਉਣਾ ਅਤੇ ਇਸਤੋਂ ਬਾਅਦ ਇਸਨੂੰ ਸੂਬੇ ਵਿੱਚ ਵੱਖ ਵੱਖ ਲਾਭਪਾਤਰੀ ਫਰਮਾਂ ਨੂੰ ਦੇਣਾ ਸ਼ਾਮਲ ਹੈ, ਲਈ ਸਬੂਤ ਇਕੱਠੇ ਕਰਨ ਵਾਸਤੇ ਦੋਸ਼ੀਆਂ ਦੀ ਰਿਹਾਇਸ਼ ਸਮੇਤ ਖੰਨਾ ਸ਼ਹਿਰ ਦੀਆਂ ਕਈ ਥਾਵਾਂ ’ਤੇ ਤਲਾਸ਼ੀ ਅਤੇ ਬਰਾਮਦਗੀ ਦੀ ਕਾਰਵਾਈ ਕੀਤੀ ਗਈ।ਜਾਅਲੀ ਫਰਮਾਂ ਦੁਆਰਾ ਪ੍ਰਾਪਤ ਆਈ.ਟੀ.ਸੀ. ਦੀ ਵਰਤੋਂ ਵੱਖ-ਵੱਖ ਵਪਾਰੀਆਂ ਦੇ ਮਾਲ ਦੀ ਸਥਾਨਕ ਆਵਾਜਾਈ ਨੂੰ ਸਮਰਥਿਤ ਕਰਨ ਲਈ ਕੀਤੀ ਜਾਂਦੀ ਸੀ।
ਪਿਛਲੇ ਸਾਲ ਮੋਬਾਈਲ ਵਿੰਗ ਜਲੰਧਰ ਵੱਲੋਂ ਤਾਂਬੇ ਦਾ ਸਕ੍ਰੈਪ ਲਿਜਾ ਰਹੇ ਵਾਹਨ ਨੂੰ ਫੜਨ ਤੋਂ ਬਾਅਦ ਵਿਭਾਗ ਨੂੰ ਨੈੱਟਵਰਕ ਬਾਰੇ ਪਤਾ ਚੱਲਿਆ ਸੀ ਅਤੇ ਜਾਂਚ ਵਿੱਚ ਇਹ ਸਾਹਮਣੇ ਆਇਆ ਸੀ ਕਿ ਇਹ ਮਾਲ ਸਥਾਨਕ ਤੌਰ ’ਤੇ ਖਰੀਦਿਆ ਗਿਆ ਸੀ ਜਦੋਂ ਕਿ ਈ-ਵੇਅ ਅਤੇ ਇਨਵੁਆਇਸ ਕਿਸੇ ਹੋਰ ਫਰਮ ਤੋਂ ਤਿਆਰ ਕੀਤੇ ਗਏ ਸਨ। ਵਿਸਥਾਰਤ ਜਾਂਚ ਤੋਂ ਪਤਾ ਚੱਲਿਆ ਕਿ ਰਾਜਾਂ ਵਿੱਚ ਫੈਲਿਆ ਹੋਇਆ 44 ਫਰਮਾਂ ਦਾ ਇੱਕ ਨੈਟਵਰਕ ਹੈ ਜੋ ਸਥਾਨਕ ਗੈਰ ਰਜਿਸਟਰਡ ਡੀਲਰਜ਼ ਦੁਆਰਾ ਕੀਤੀ ਗਈ ਖਰੀਦ ’ਚੋਂ ਬਣਦੀ ਟੈਕਸ ਦੇਣਦਾਰੀ ਦੇ ਨਿਬੇੜੇ ਲਈ ਜਾਅਲੀ ਆਈ.ਟੀ.ਸੀ. ਬਣਾਉਣ ਵਾਸਤੇ ਵਰਤਿਆ ਜਾ ਰਿਹਾ ਸੀ। ਸਬੂਤਾਂ ਦਾ ਸਾਹਮਣਾ ਕਰਨ ’ਤੇ ਮੁੱਖ ਦੋਸ਼ੀ ਨੇ ਸਵੀਕਾਰ ਕੀਤਾ ਕਿ ਉਹ ਕੁਝ ਹੋਰ ਸਾਥੀਆਂ ਦੀ ਮਦਦ ਨਾਲ ਨੈਟਵਰਕ ਚਲਾ ਰਿਹਾ ਸੀ, ਜਿਨਾਂ ਵਿਚੋਂ ਕੁਝ ਨੂੰ ਗਿ੍ਰਫਤਾਰ ਵੀ ਕੀਤਾ ਗਿਆ ਹੈ। ਤਲਾਸ਼ੀ ਮੁਹਿੰਮਾਂ ਦੌਰਾਨ ਵੱਖ-ਵੱਖ ਫਰਮਾਂ ਨਾਲ ਸਬੰਧਤ ਦਸਤਾਵੇਜ਼ ਅਤੇ ਤਿਆਰ ਕੀਤੇ ਗਏ ਜਾਅਲੀ ਇਨਵੁਆਇਸ ਅਤੇ ਈ-ਵੇਅ ਸ਼ੇਅਰ ਕਰਨ ਲਈ ਵਰਤੇ ਗਏ ਮੋਬਾਈਲ ਫੋਨ ਜ਼ਬਤ ਕਰ ਲਏ ਗਏ। ਨੈਟਵਰਕ ਦੁਆਰਾ ਕੁੱਲ ਜਾਅਲੀ ਬਿਲਿੰਗ 700 ਕਰੋੜ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਤਿਆਰ ਕੀਤੀ ਗਈ ਆਈਟੀਸੀ ਅਤੇ ਟੈਕਸ ਚੋਰੀ 122 ਕਰੋੜ ਤੋਂ ਵੱਧ ਹੈ। ਜਾਅਲੀ ਨੈਟਵਰਕ ਦੇ ਵੱਖ-ਵੱਖ ਲਾਭਪਾਤਰੀਆਂ ਅਤੇ ਇਸ ਵਿਚ ਸ਼ਾਮਲ ਹੋਰਨਾਂ ਸਾਥੀਆਂ ਬਾਰੇ ਵੀ ਸਬੂਤ ਇਕੱਠੇ ਕੀਤੇ ਗਏ ਹਨ।
ਸੰਯੁਕਤ ਡਾਇਰੈਕਟਰ (ਇਨਵੈਸਟੀਗੇਸ਼ਨ), ਪਟਿਆਲਾ ਦੀ ਨਿਗਰਾਨੀ ਹੇਠ ਸਹਾਇਕ ਕਮਿਸ਼ਨਰ ਐਮ.ਡਬਲਯੂ. ਪਟਿਆਲਾ ਦੀ ਅਗਵਾਈ ਵਾਲੀ ਟੀਮ ਵੱਲੋਂ ਜੀ.ਐਸ.ਟੀ. ਐਕਟ ਦੀ ਧਾਰਾ 132 ਦੀ ਉਲੰਘਣਾ ਲਈ ਅੱਜ ਸੱਤ ਮੁਲਜ਼ਮਾਂ ਵਿਚੋਂ ਪੰਜ ਨੂੰ ਗਿ੍ਰਫ਼ਤਾਰ ਕੀਤਾ ਗਿਆ।ਇਸ ਆਪਰੇਸ਼ਨ ਵਿੱਚ ਸ਼੍ਰੀ ਸ਼ੌਕਤ ਅਹਿਮਦ ਪਾਰੇ (ਆਈ.ਏ.ਐੱਸ.) ਵਧੀਕ ਕਮਿਸ਼ਨਰ (ਇਨਫੋਰਸਮੈਂਟ) ਪੰਜਾਬ ਨੇ ਤਾਲਮੇਲ ਕੀਤਾ।
ਦੂਜੇ ਦੋਸ਼ੀਆਂ ਨੂੰ ਫੜਨ ਲਈ ਕੋਸ਼ਿਸ਼ਾਂ ਜਾਰੀ ਹਨ। ਦੋਸ਼ੀਆਂ ਨੂੰ ਡਿਊਟੀ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ ਅਤੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਵਿਨੋਦ ਕੁਮਾਰ, ਮਨਿੰਦਰ ਸ਼ਰਮਾ, ਸੰਦੀਪ ਸਿੰਘ, ਅਮਰਿੰਦਰ ਸਿੰਘ ਅਤੇ ਸੰਨੀ ਮਹਿਤਾ ਸ਼ਾਮਲ ਹਨ।
ਗਿ੍ਰਫਤਾਰ ਕੀਤੇ ਗਏ ਸਾਰੇ ਵਿਅਕਤੀ ਲੁਧਿਆਣਾ ਜ਼ਿਲਾ ਦੇ ਕਸਬਾ ਖੰਨਾ ਨਾਲ ਸਬੰਧਤ ਹਨ। ਵੱਖ-ਵੱਖ ਲਾਭਪਾਤਰੀਆਂ ਅਤੇ ਹੋਰ ਸਾਥੀਆਂ ਖਿਲਾਫ਼ ਕਾਰਵਾਈ ਆਰੰਭੀ ਜਾ ਰਹੀ ਹੈ। ਦੋਸ਼ੀਆਂ ਅਤੇ ਪੰਜਾਬ ਤੋਂ ਬਾਹਰਲੇ ਹੋਰ ਵਿਅਕਤੀਆਂ ਦੇ ਨਾਮ ’ਤੇ ਰਜਿਸਟਰਡ ਫਰਮਾਂ ਦੇ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ ਅਤੇ ਲੋੜੀਂਦੀ ਕਾਰਵਾਈ ਲਈ ਦੂਜੇ ਰਾਜਾਂ ਨਾਲ ਸਾਂਝੇ ਕੀਤੇ ਜਾਣਗੇ। ਅਗਲੇਰੀ ਜਾਂਚ ਜਾਰੀ ਹੈ।

Spread the love