ਅੰਮ੍ਰਿਤਸਰ, 26 ਅਕਤੂਬਰ 2021
ਲੋਕ ਸਭਾ ਮੈਂਬਰ ਸ: ਗੁਰਜੀਤ ਸਿੰਘ ਅੋਜਲਾ ਨੇ ਏਅਰ ਇੰਡੀਆਂ ਵਲੋਂ ਹਾਲ ਹੀ ਵਿੱਚ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਲਈ ਜਾਂਦੀਆਂ ਉਡਾਣਾਂ ਤੋਂ ਇਲਾਵਾ ਇਟਲੀ ਦੀ ਬੰਦ ਕੀਤੀ ਗਈ ਉਡਾਣ ਨੂੰ ਮੁੜ ਸ਼ੁਰੂ ਕਰਨ ਉਤੇ ਜ਼ੋਰ ਦਿੰਦੇ ਕਿਹਾ ਕਿ ਇਸ ਨਾਲ ਸਿੱਖ ਸ਼ਰਧਾਲੂਆਂ ਤੋਂ ਇਲਾਵਾ ਅੰਮ੍ਰਿਤਸਰ ਦਾ ਯੂਰਪ ਦੇ ਕਈ ਦੇਸ਼ਾਂ ਨਾਲ ਸੰਪਰਕ ਟੁੱਟਾ ਹੈ ਜੋ ਕਿ ਸਮੁੱਚੇ ਖਿੱਤੇ ਲਈ ਹਾਨੀਕਾਰਕ ਸਾਬਤ ਹੋਵੇਗਾ।
ਹੋਰ ਪੜ੍ਹੋ :-ਸੋਨੀ ਵੱਲੋਂ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਫੌਗਿੰਗ ਦੀ ਕਾਰਵਾਈ ਹੋਰ ਤੇਜ਼ ਕਰਨ ਦੇ ਹੁਕਮ
ਸ: ਔਜਲਾ ਜੋ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਸੰਪਰਕ ਬਣਾਉਣ ਲਈ ਲਗਾਤਾਰ ਯਤਨ ਕਰਦੇ ਰਹਿੰਦੇ ਹਨ ਨੇ ਇਸ ਸਬੰਧੀ ਕੇਂਦਰੀ ਮੰਤਰਾਲੇ ਨੂੰ ਪੱਤਰ ਲਿੱਖ ਕੇ ਇਹ ਉਡਾਣਾਂ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੇਵਲ ਪੰਜਾਬ ਹੀ ਨਹੀਂ ਬਲਿਕ ਰਾਜਸਥਾਨ , ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਵਪਾਰੀ ਵੀ ਲਾਹਾ ਲੈਂਦੇ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਹਵਾਈ ਅੱਡਾ ਦੁਨੀਆਂ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਸੰਪਰਕ ਦਾ ਮੁੱਖ ਸਾਧਨ ਹੈ ਅਤੇ ਇਥੋਂ ਉਡਾਣਾ ਦੀ ਕੀਤੀ ਕਟੌਤੀ ਸਾਡੀ ਸੈਰ ਸਪਾਟਾ ਸਨਅਤ ਦੇ ਲਈ ਨੁਕਸਾਨਦਾਇਕ ਸਾਬਤ ਹੁੰਦੀ ਹੈ। ਉਨਾਂ ਨੇ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਏਅਰ ਇੰਡੀਆ ਇਨਾਂ ਉਡਾਣਾਂ ਨੂੰ ਤੁਰੰਤ ਬਹਾਲ ਕਰਕੇ ਇਸ ਖਿੱਤੇ ਦੀ ਖੁਸ਼ਹਾਲੀ ਵਿੱਚ ਯੋਗਦਾਨ ਪਾਵੇ।