ਫੋਕਲ ਪੁਆਇੰਟ ਲੁਧਿਆਣਾ ਦੇ ਡਾਈਂਗ ਉਦਯੋਗ ਲਈ 40 ਐਮ.ਐਲ.ਡੀ. ਸਮਰੱਥਾ ਵਾਲੇ ਇੱਕ ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ (ਸੀ.ਈ.ਟੀ.ਪੀ.) ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਕੀਰਤ ਸਿੰਘ ਕੋਟਲੀ ਨੇ ਹਲਕਾ ਲੁਧਿਆਣਾ ਪੂਰਬੀ ਵਿਧਾਇਕ ਸ੍ਰੀ ਸੰਜੇ ਤਲਵਾੜ, ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਚੇਅਰਮੈਨ ਪੰਜਾਬ ਇਨਫੋਟੈੱਕ ਸ੍ਰੀ ਹਰਪ੍ਰੀਤ ਸੰਧੂ ਤੋਂ ਇਲਾਵਾ ਹੋਰਨਾਂ ਦੀ ਮੌਜੂਦਗੀ ਵਿੱਚ ਕੀਤਾ।
ਹੋਰ ਪੜ੍ਹੋ :-ਮੁੱਖ ਮੰਤਰੀ ਵੱਲੋਂ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮਾਸਿਕ ਤਨਖਾਹਾਂ ਵਿੱਚ ਵਾਧੇ ਦਾ ਐਲਾਨ
ਇਸ ਸੀ.ਈ.ਟੀ.ਪੀ. ‘ਤੇ ਕੁੱਲ ਲਾਗਤ 84.50 ਕਰੋੜ ਰੁਪਏ ਆਈ ਹੈ, ਜਿਸ ਵਿੱਚ ਲਗਭਗ 25 ਕਿਲੋਮੀਟਰ ਦੀ ਆਵਾਜਾਈ ਪ੍ਰਣਾਲੀ ਸਮੇਤ 24 ਕਰੋੜ ਰੁਪਏ ਦਾ ਖਰਚਾ ਵੀ ਸ਼ਾਮਲ ਹੈ। ਲੁਧਿਆਣਾ ਫੋਕਲ ਪੁਆਇੰਟਸ, ਫੇਜ਼ 1 ਤੋਂ 8 ਵਿੱਚ ਸਥਿਤ ਡਾਈੰਗ ਉਦਯੋਗ ਨਾਲ ਜੁੜੇ 73 ਲਾਭਪਾਤਰੀ ਇਸ ਸੀ.ਈ.ਟੀ.ਪੀ. ਦੇ ਮੈਂਬਰ ਹਨ। ਸੀ.ਈ.ਟੀ.ਪੀ. ਦਾ ਨਿਰਮਾਣ ਇੰਜਨੀਅਰਿੰਗ ਅਤੇ ਨਿਰਮਾਣ ਵਿੱਚ ਇੱਕ ਉੱਘੀ ਕੰਪਨੀ ਮੈਸਰਜ਼ ਲਾਰਸਨ ਐਂਡ ਟਿਊਬਰੋ ਦੁਆਰਾ ਪੂਰਾ ਕੀਤਾ ਗਿਆ ਹੈ। ਇਹ ਸੀ.ਈ.ਟੀ.ਪੀ. ਸਟੇਟ-ਆਫ-ਆਰਟ, ਸੀਕੁਐਂਸ਼ੀਅਲ ਬੈਚ ਰਿਐਕਟਰ (ਐਸ.ਬੀ.ਆਰ.) ਤਕਨਾਲੋਜੀ ‘ਤੇ ਆਧਾਰਿਤ ਹੈ।
ਪ੍ਰੋਫੈਸਰ (ਡਾ.) ਆਦਰਸ਼ ਪਾਲ ਵਿਗ, ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਪੀ.ਪੀ.ਸੀ.ਬੀ. ਪੰਜਾਬ ਰਾਜ ਵਿੱਚ ਪ੍ਰਦੂਸ਼ਣ ਨੂੰ ਨਿਯੰਤਰਣ ਅਤੇ ਰੋਕਥਾਮ ਕਰਨ ਲਈ ਇੱਕ ਰੈਗੂਲੇਟਰੀ ਸੰਸਥਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦੀਆਂ ਨਦੀਆਂ ਅਤੇ ਵਾਤਾਵਰਣ ਦੀ ਸੰਭਾਲ ਅਤੇ ਕਾਇਆ ਕਲਪ ਲਈ ਸਾਰੇ ਮੋਰਚਿਆਂ ‘ਤੇ ਇੱਕੋ ਸਮੇਂ ਕੰਮ ਕਰ ਰਿਹਾ ਹੈ। ਸੀ.ਈ.ਟੀ.ਪੀ. ਦਾ ਉਦਘਾਟਨ ਮੰਦਰ/ਧਾਰਮਿਕ ਸਥਾਨ/ਇਤਿਹਾਸਕ ਸਮਾਰਕਾਂ ਦੇ ਉਦਘਾਟਨ ਦੇ ਸਮਾਨ ਹੈ ਅਤੇ ਮਨੁੱਖਤਾ, ਵਾਤਾਵਰਣ ਅਤੇ ਸਮਾਜ ਦੀ ਸਰਵੋਤਮ ਸੇਵਾ ਹੈ। ਇਹ ਸੀ.ਈ.ਟੀ.ਪੀ. ਸਮੇਂ ਦੀ ਲੋੜ ਸੀ ਕਿਉਂਕਿ ਵਿਅਕਤੀਗਤ ਛੋਟੇ ਪੱਧਰ ਦੇ ਉਦਯੋਗ ਹੁਨਰਮੰਦ ਮਨੁੱਖੀ ਸ਼ਕਤੀ ਦੀ ਘਾਟ ਕਾਰਨ ਆਪਣੇ ਈ.ਟੀ.ਪੀ. ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਚਲਾ ਸਕਦੇ ਸਨ। ਉਨ੍ਹਾਂ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਬਣਾਉਣ ਵਿੱਚ ਦਿੱਤੇ ਵੱਡਮੁੱਲੇ ਅਤੇ ਵਿੱਤੀ ਸਹਿਯੋਗ ਲਈ ਪੰਜਾਬ ਸਰਕਾਰ, ਐਸ.ਪੀ.ਵੀ., ਐਲ ਐਂਡ ਟੀ (ਸੀ.ਈ.ਟੀ.ਪੀ. ਓਪਰੇਟਰ) ਪੀ.ਡੀ.ਏ. ਸਥਾਨਕ ਪ੍ਰਸ਼ਾਸਨ ਅਤੇ ਸਥਾਨਕ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ।
ਪੀ.ਡੀ.ਏ. ਦੇ ਚੇਅਰਮੈਨ ਸ੍ਰੀ ਅਸ਼ੋਕ ਮੱਕੜ ਨੇ ਮੰਚ ‘ਤੇ ਮੌਜੂਦ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੀ.ਈ.ਟੀ.ਪੀ. 40 ਐਮ.ਐਲ.ਡੀ. ਦੀ ਸਫ਼ਲਤਾ ਉਦਯੋਗਪਤੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਇਸ ਸੀ.ਈ.ਟੀ.ਪੀ. ਦੇ ਚਾਲੂ ਹੋਣ ਨਾਲ ਬੁੱਢੇ ਨਾਲੇ ਨੂੰ ਦੂਸ਼ਿਤ ਕਰਨ ਦੇ ਦੋਸ਼ ਨੂੰ ਹਮੇਸ਼ਾ ਲਈ ਦੂਰ ਕਰਨ ਲਈ ਲੁਧਿਆਣਾ ਦਾ ਡਾਈੰਗ ਉਦਯੋਗ ਅੱਗੇ ਆਇਆ ਹੈ।
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ਤਰਫੋਂ ਬੋਲਦਿਆਂ ਸ੍ਰੀਮਤੀ ਮਮਤਾ ਆਸ਼ੂ ਨੇ ਲੁਧਿਆਣਾ ਦੇ ਉਦਯੋਗਪਤੀਆਂ ਨੂੰ ਵਾਤਾਵਰਨ ਦੀ ਸੁਰੱਖਿਆ ਲਈ ਅਜਿਹੇ ਵੱਡੇ ਕਦਮ ਲਈ ਵਧਾਈ ਦਿੱਤੀ। ਉਦਯੋਗਿਕ ਇਕਾਈਆਂ ਦੇ ਗੰਦੇ ਪਾਣੀ ਦੇ ਸੁੱਧੀਕਰਨ ਲਈ ਆਪਣੇ ਸੀ.ਈ.ਟੀ.ਪੀ. ਸਥਾਪਤ ਕਰ ਲਏ ਹਨ ਅਤੇ ਬੁੱਢੇ ਨਾਲੇ ਵਿੱਚ ਘਰੇਲੂ ਗੰਦੇ ਪਾਣੀ ਦੇ ਨਿਯੰਤਰਣ ਲਈ ਕੰਮ ਤੈਅ ਸਮੇਂ ਅਨੁਸਾਰ ਨਾਲ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ ਅਤੇ ਆਉਣ ਵਾਲੇ ਡੇਢ ਸਾਲ ਦੇ ਅੰਦਰ ਚਾਲੂ ਹੋਣ ਦੀ ਸੰਭਾਵਨਾ ਹੈ।
ਵਿਧਾਇਕ ਸ੍ਰੀ ਸੰਜੇ ਤਲਵਾੜ ਨੇ ਇਸ ਸੀ.ਈ.ਟੀ.ਪੀ. ਨੂੰ ਲੁਧਿਆਣਾ ਦੇ ਲੋਕਾਂ ਅਤੇ ਖਾਸ ਕਰਕੇ ਆਪਣੇ ਹਲਕੇ ਲੁਧਿਆਣਾ ਪੂਰਬੀ ਨੂੰ ਸਮਰਪਿਤ ਕੀਤਾ। ਉਨ੍ਹਾਂ ਆਪਣੇ ਹਲਕੇ ਦੇ ਲੋਕਾਂ ਨੂੰ ਰੋ}ਗਾਰ ਮੁਹੱਈਆ ਕਰਵਾਉਣ ਲਈ ਉਦਯੋਗਪਤੀਆਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੀ.ਈ.ਟੀ.ਪੀ. ਦੇ ਚਾਲੂ ਹੋਣ ਨਾਲ ਉਨ੍ਹਾਂ ਦੇ ਹਲਕੇ ਵਿੱਚ ਸੀਵਰੇਜ ਦੇ ਓਵਰਫਲੋਅ ਦੀ ਵੱਡੀ ਸਮੱਸਿਆ ਹੱਲ ਹੋ ਗਈ ਹੈ ਕਿਉਂਕਿ ਸੀਵਰੇਜ ਅਤੇ ਉਦਯੋਗਿਕ ਗੰਦੇ ਪਾਣੀ ਦੀ ਨਿਕਾਸੀ ਸਾਂਝੀ ਸੀਵਰੇਜ ਪ੍ਰਣਾਲੀ ਰਾਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਉਦਯੋਗਪਤੀਆਂ ਨੂੰ ਆਪਣੇ ਹਲਕੇ ਦੇ ਖੇਤਰ ਵਿੱਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਹਿਲਕਦਮੀ ਕਰਨ ਲਈ ਵੀ ਅਪੀਲ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ. ਗੁਰਕੀਰਤ ਸਿੰਘ ਕੋਟਲੀ ਨੇ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਵਾਤਾਵਰਣ ਦੇ ਮੁੱਦਿਆਂ ਪ੍ਰਤੀ ਬਹੁਤ ਜਾਗਰੂਕ ਹੈ ਅਤੇ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਤਕਨਾਲੋਜੀ ਨੂੰ ਸ਼ਾਮਲ ਕਰਕੇ ਇਨ੍ਹਾਂ ਮੁੱਦਿਆਂ ਦਾ ਧਿਆਨ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਉਦਯੋਗ ਦੀ ਸਹੂਲਤ ਲਈ ਆਪਣਾ ਪੂਰਾ ਸਹਿਯੋਗ ਦੇਣ ਲਈ ਫੇਸਲੈਸ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਪੰਜਾਬ ਵਿੱਚ ਵੀ ਭਾਰੀ ਨਿਵੇਸ਼ ਹੋਇਆ ਹੈ।
ਸ੍ਰੀ ਕਰੁਨੇਸ਼ ਗਰਗ, ਮੈਂਬਰ ਸਕੱਤਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਤਵੰਤੇ ਸੱਜਣਾਂ, ਉਦਯੋਗਪਤੀਆਂ, ਪ੍ਰੈਸ, ਵੱਖ-ਵੱਖ ਵਿਭਾਗਾਂ ਅਤੇ ਆਮ ਲੋਕਾਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਸੀ.ਈ.ਟੀ.ਪੀ. ਦਾ ਸਫਲ ਚਾਲੂ ਹੋਣਾ ਅਤੇ ਬੁੱਢੇ ਨਾਲੇ ਵਿੱਚ 200 ਕਿਊਸਿਕ ਤਾਜ਼ਾ ਪਾਣੀ ਛੱਡਣਾ ਇੱਕ ਸੁਪਨਾ ਸਾਕਾਰ ਹੋਣ ਵਰਗਾ ਹੈ। ਬੁੱਢੇ ਨਾਲੇ ਦੇ ਕਾਇਆ ਕਲਪ ਤੋਂ ਇਲਾਵਾ ਇਹ ਸੀ.ਈ.ਟੀ.ਪੀ. ਲੁਧਿਆਣਾ ਵਿੱਚ ਟੈਕਸਟਾਈਲ ਕਾਰੋਬਾਰ ਨੂੰ ਹੁਲਾਰਾ ਦੇਣ ਅਤੇ ਰਾਜ ਦੇ ਸਮੁੱਚੇ ਵਿਕਾਸ ਵਿੱਚ ਯਕੀਨਨ ਮਦਦ ਕਰੇਗਾ।