ਸਿੱਖਿਆ ਵਿਭਾਗ ਪੀ.ਟੀ.ਆਈ ਅਸਾਮੀਆਂ ਲਈ ਤੁਰੰਤ ਭਰਤੀ ਕਰੇ: ਹਰਪਾਲ ਸਿੰਘ ਚੀਮਾ
ਮੋਹਾਲੀ, 6 ਨਵੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦਿਵਾਲੀ ਮੌਕੇ ਸੋਹਾਣਾ (ਮੋਹਾਲੀ) ਵਿਖੇ ਧਰਨਾਕਾਰੀ ਪੀ.ਟੀ.ਆਈ. 646 ਅਧਿਆਪਕਾਂ ਨਾਲ ਮੁਲਾਕਾਤ ਕੀਤੀ, ਜੋ ਪਿੱਛਲੇ ਲੰਮੇ ਸਮੇਂ ਤੋਂ ਪਾਣੀ ਵਾਲੀ ਟੈਂਕੀ ‘ਤੇ ਬੈਠ ਕੇ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਉਨਾਂ ਨਾਲ ਪਾਰਟੀ ਦੇ ਬੁਲਾਰੇ ਤੇ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਵਨੀਤ ਵਰਮਾ ਵੀ ਮੌਜ਼ੂਦ ਸਨ।
ਹੋਰ ਪੜ੍ਹੋ :-ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਸਪੈਸ਼ਲ ਕੈਂਪ ਦੌਰਾਨ ਵੱਖ-ਵੱਖ ਪੋਲਿੰਗ ਬੂਥਾਂ ਦੀ ਕੀਤੀ ਚੈਕਿੰਗ
ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ, ”ਘਰ- ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਕਾਂਗਰਸ ਨੇ ਪੰਜਾਬ ਦੇ ਪੜੇ- ਲਿਖੇ ਨੌਜਵਾਨਾਂ ਨੂੰ ਥਾਂ- ਥਾਂ ਧਰਨੇ – ਪ੍ਰਦਰਸ਼ਨ ਕਰਨ ਲਈ ਮਜ਼ਬੂਰ ਕੀਤਾ ਹੈ। ਇਹ ਸਰਕਾਰ ਆਪਣਾ ਕੋਈ ਵਾਅਦਾ ਪੂਰਾ ਨਹੀਂ ਕਰ ਰਹੀ, ਕਿਉਂਕਿ ਕਾਂਗਰਸ ਨੇ ਨੌਜਵਾਨਾਂ ਨੂੰ ਹਮੇਸ਼ਾਂ ਵੋਟ ਬੈਂਕ ਵਜੋਂ ਵਰਤਿਆ ਹੈ।” ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਇਨਾਂ ਧਰਨਾਕਾਰੀ ਅਧਿਆਪਕਾਂ ਦੀ ਕੋਈ ਸਾਰ ਨਹੀਂ ਲੈ ਰਹੀ, ਜਿਸ ਕਾਰਨ ਇਹ ਅਧਿਆਪਕ ਤਿਉਹਾਰ ਵਾਲੇ ਦਿਨ ਵੀ ਟੈਂਕੀ ‘ਤੇ ਚੜ ਕੇ ਸੰਘਰਸ਼ ਕਰਨ ਲਈ ਮਜ਼ਬੂਰ ਹਨ।
ਇਸ ਦੇ ਨਾਲ ਹੀ ਹਰਪਾਲ ਸਿੰਘ ਚੀਮਾ ਨੇ ਸਿੱਖਿਆ ਵਿਭਾਗ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਧਰਨਾਕਾਰੀਆਂ ਦੀ ਮੰਗਾਂ ਅਨੁਸਾਰ ਬੇਰੁਜ਼ਗਾਰ ਪੀ.ਟੀ.ਆਈ ਅਧਿਆਪਕਾਂ ਦੀ ਭਰਤੀ ਬਿਨਾਂ ਟੈਸਟ, ਨਿਰੋਲ ਮੈਰਿਟ ਅਨੁਸਾਰ ਅਤੇ ਬਾਰਵੀਂ ਤੇ ਸੀ.ਪੀ.ਐਡ ਵਿੱਚ ਪ੍ਰਾਪਤ ਅੰਕਾਂ ਦੇ ਅਧਾਰ ‘ਤੇ ਕੀਤੀ ਜਾਵੇ। ਉਨਾਂ ਸਪੱਸ਼ਟ ਕੀਤਾ ਕਿ ਜਦੋਂ ਇਨਾਂ ਅਸਾਮੀਆਂ ਦੀ ਭਰਤੀ ਬਾਰੇ ਕੋਈ ਵਿਵਾਦ ਨਹੀਂ ਅਤੇ ਨਾ ਹੀ ਮਾਣਯੋਗ ਹਾਈਕੋਰਟ ਵੱਲੋਂ ਕਿਸੇ ਪ੍ਰਕਾਰ ਦੀ ਸਟੇਅ ਲਾਈ ਗਈ ਹੈ। ਇਸ ਲਈ ਸਿੱਖਿਆ ਵਿਭਾਗ ਵੱਲੋਂ ਪੀ.ਟੀ.ਆਈ ਅਸਾਮੀਆਂ ਦੀ ਭਰਤੀ ਤੁਰੰਤ ਕਰਨੀ ਚਾਹੀਦੀ ਹੈ, ਕਿਉਂਕਿ ਪੰਜਾਬ ਦੇ ਸਕੂਲਾਂ ਵਿੱਚ ਵੱਡੇ ਪੱਧਰ ‘ਤੇ ਪੀ.ਟੀ.ਆਈ ਅਧਿਆਪਕਾਂ ਦੀ ਘਾਟ ਪਾਈ ਜਾ ਰਹੀ ਹੈ।