
ਲੁਧਿਆਣਾ, 09 ਅਕਤੂਬਰ 2021
ਲੁਧਿਆਣਾ ਸ਼ਹਿਰ ਅੰਦਰ ਡੇਂਗੂ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ, ਕਾਰਜ਼ਕਾਰੀ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।
ਹੋਰ ਪੜ੍ਹੋ :-ਸ਼ਹਿਰ ਦੇ ਸਾਰੇ ਵਾਰਡਾਂ ‘ਚ ਫੌਗਿੰਗ ‘ਚ ਲਿਆਂਦੀ ਜਾਵੇ ਤੇਜ਼ੀ, ਡੇਂਗੂ ਲਾਰਵਾ ਦੀ ਰੋਕਥਾਮ ਲਈ ਵਿਸ਼ੇਸ਼ ਚੈਕਿੰਗ ਕੀਤੀ ਜਾਵੇ – ਭਾਰਤ ਭੂਸ਼ਣ ਆਸ਼ੂ
ਉੁਨ੍ਹਾਂ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਸੁ਼ੱਕਰਵਾਰ ਡ੍ਰਾਈ ਡੇਅ ਵਜੋਂ ਮਨਾਇਆ ਜਾਂਦਾ ਹੈ ਜਿਸਦੇ ਤਹਿਤ ਕੂਲਰਾਂ, ਫਰਿਜ਼ਾਂ, ਗਮਲਿਆਂ ਆਦਿ ਦਾ ਪਾਣੀ ਬਾਹਰ ਕੱਢ ਕੇ ਸਾਫ ਕਰਨਾ ਬੇਹੱਦ ਜ਼ਰੂਰੀ ਹੈ ਤਾਂ ਜੋ ਮੱਛਰ ਦੇ ਵਾਧੇ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਦਫ਼ਤਰ ਸਿਵਲ ਸਰਜਨ ਵੱਲੋਂ ਜਾਰੀ ਪੱਤਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪੱਤਰ ਰਾਹੀਂ ਸਕੂਲਾਂ/ਕਾਲਜ਼ਾਂ ਦੇ ਵਿਦਿਆਰਥੀ ਨੂੰ ਪੂਰਾ ਸਰੀਰ ਢੱਕ ਕੇ ਰੱਖਣ ਵਾਲੇ ਕਪੜੇ ਪਹਿਨਣ ਦੇ ਨਿਰਦੇਸ਼ ਜਾਰੀ ਕੀਤੇ ਹਨ, ਤਾਂ ਜੋ ਮੱਛਰ ਦੇ ਕੱਟਣ ਤੋਂ ਆਪਣੇ ਆਪ ਨੂੰ ਬਚਾਇਆ ਜਾ ਸਕੇ। ਰਾਤ ਨੂੰ ਸੌਣ ਸਮੇਂ ਸੰਭਵ ਹੋ ਸਕੇ ਤਾਂ ਜਾਲੀਦਾਰ ਕਮਰਿਆਂ ਦੀ ਇਸਤੇਮਾਲ ਕੀਤਾ ਜਾਵੇ ਅਤੇ ਲੋੜ ਅਨੁਸਾਰ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਆਪਣੇ ਆਲੇ-ਦੁਆਲੇ ਦੀ ਸਫਾਈ ਰੱਖੀ ਜਾਵੇ ਅਤੇ ਪਾਣੀ ਬਿਲਕੁਲ ਵੀ ਕਿੱਧਰੇ ਖੜ੍ਹਾ ਨਾ ਹੋਣ ਦਿੱਤਾ ਜਾਵੇ।
ਡਾ. ਸਾਹਿਲ ਵਰਮਾ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਇਸ ਸਬੰਧੀ ਜਾਗਰੂਕ ਵੀ ਕਰ ਰਹੀਆਂ ਹਨ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਡੇਂਗੂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੁ਼ੱਕਰਵਾਰ ਡ੍ਰਾਈ ਡੇਅ ਮੌਕੇ ਟੀਮਾਂ ਵੱਲੋਂ ਮਨੋਹਰ ਨਗਰ, ਹਰਗੋਬਿੰਦ ਨਗਰ, ਪ੍ਰਤਾਪ ਨਗਰ, ਬੀ.ਆਰ.ਐਸ. ਨਗਰ, ਗੁਰਪਾਲ ਨਗਰ, ਸੰਤ ਨਗਰ, ਘੁਮਾਰ ਮੰਡੀ, ਟਿੱਬਾ ਰੋਡ ਅਤੇ ਬਸਤੀ ਜੋਧੇਵਾਲ ਏਰੀਏ ਵਿੱਚ ਡੇਂਗੂ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਡਾ.ਸਾਹਿਲ ਨੇ ਦੱਸਿਆ ਕਿ ਰੋਜ਼ਾਨਾ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਮੁਹਿੰਮ ਜਾਰੀ ਰਹੇਗੀ।
ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਬੁਖ਼ਾਰ ਹੋਣ ‘ਤੇ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਟੈਸਟ ਕਰਵਾਏ ਜਾਣ ਅਤੇ ਲੋੜੀਂਦਾ ਇਲਾਜ਼ ਕਰਵਾਇਆ ਜਾਵੇ, ਜੋਕਿ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।