ਸਿਹਤ ਮੰਤਰੀ ਨੇ ਕਰੋਨਾ ਬਾਰੇ ਝੂਠੇ ਤੇ ਗੁੰਮਰਾਹਕੁਨ ਅਫਵਾਹਾਂ ਫੈਲਾਣ ਵਾਲੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੇ ਦਿੱਤੇ ਨਿਰਦੇਸ਼

Health Minister punjab

ਡੀ.ਜੀ.ਪੀ ਪੰਜਾਬ ਨੇ ਸਮੂਹ ਜਿਲ੍ਹਾ ਅਫਸਰਾਂ ਨੂੰ ਤੁਰੰਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ
ਚੰਡੀਗੜ੍ਹ, 31 ਅਗਸਤ:
ਕਰੋਨਾ ਵਾਇਰਸ ਬਾਰੇ ਸੋਸ਼ਲ ਮੀਡੀਆ ਗਰੁੱਪਾਂ ਵਿਚ ਚੱਲ ਰਹੀ ਗੁੰਮਰਾਹਕੁਨ ਤੇ ਕੂੜ ਪ੍ਰਚਾਰ ਨਾਲ ਭਰੀ ਆਡੀਉ-ਵੀਡੀਓਜ਼ ਦਾ ਗੰਭੀਰ ਨੋਟਿਸ ਲੈਂਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸਿਵਲ ਸਰਜਨਾਂ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਡੀ.ਜੀ.ਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਸਮੂਹ ਜਿਲ੍ਹਾ ਅਫਸਰਾਂ ਨੂੰ ਤੁਰੰਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਤਹਿਤ ਪੁਲਿਸ ਵਿਭਾਗ ਦੇ ਸਾਇਬਰ ਵਿੰਗ ਨੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਤਫਤੀਸ਼ ਜੰਗੀ ਪੱਧਰ `ਤੇ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਕੱਲ ਪਟਿਆਲਾ ਦੇ ਥਾਣਾ ਤ੍ਰਿਪੜੀ ਵਿਖੇ ਆਈ.ਪੀ.ਸੀ. ਦੀ ਧਾਰਾ 188 ਅਤੇ ਆਫ਼ਤ ਪ੍ਰਬੰਧਨ ਐਕਟ ਦੀ ਧਾਰਾ 54 ਤਹਿਤ ਦਰਜ ਕੀਤੇ ਗਏ ਪਹਿਲੇ ਮਾਮਲੇ `ਚ ਗਰੀਸ਼ ਭੱਟ ਪੁੱਤਰ ਪਰਮਾਨੰਦ ਭੱਟ ਵਾਸੀ ਰਣਜੀਤ ਨਗਰ ਨੂੰ ਨਾਮਜਦ ਕੀਤਾ ਗਿਆ ਹੈ। ਇਸ ਵਿਅਕਤੀ ਨੇ ਇੰਸਟਾਗ੍ਰਾਮ `ਤੇ ਕੋਰੋਨਾ ਮਹਾਂਮਾਰੀ ਬਾਰੇ ਇੱਕ ਝੂਠਾ ਵੀਡੀਓ ਅਪਲੋਡ ਕੀਤਾ ਸੀ  ਪੁਲਿਸ ਨੇ ਇਸ ਨੂੰ ਗ੍ਰਿਫ਼ਤਾਰ ਕਰਕੇ ਇਸਦਾ ਫੋਨ ਆਦਿ ਜਬਤ ਕਰ ਲਿਆ ਹੈ।ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਪਟਿਆਲਾ ਦੇ ਥਾਣਾ ਸਿਵਲ ਲਾਈਨਜ ਵਿਖੇ ਸਰਬਜੋਤ ਸਿੰਘ ਸੋਨੂ ਪੁੱਤਰ ਘੁਲਵਿੰਦਰ ਸਿੰਘ ਵਾਸੀ ਗੋਬਿੰਦ ਨਗਰ ਨੂੰ ਨਾਮਜਦ ਕਰਦੇ ਗ੍ਰਿਫ਼ਤਾਰ ਕੀਤਾ ਗਿਆ ਹੈ।ਜਿਸ ਨੇ ਇਕ ਫੇਸਬੁੱਕ ਗਰੁੱਪ ਵਿੱਚ ਪੋਸਟ ਪਾ ਕੇ ਪਿੰਡਾਂ ਵਿੱਚ ਕੋਵਿਡ-19 ਦੇ ਟੈਸਟ ਕਰਨ ਲਈ ਸੈਂਪਲ ਲੈਣ ਅਤੇ ਕੋਵਿਡ ਬਾਰੇ ਪ੍ਰਚਾਰ ਜਾਂਦੀਆਂ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਕੋਰੋਨਾ ਯੋਧਿਆਂ ਬਾਰੇ ਭਰਮ ਭੁਲੇਖੇ ਪੈਦਾ ਕਰਕੇ ਅਫ਼ਵਾਹਾਂ ਫੈਲਾਈਆਂ ਸਨ।

ਸ. ਸਿੱਧੂ ਨੇ ਕਿਹਾ ਕਿ ਇਸ ਸਮੇਂ ਪੰਜਾਬ ਜਾਂ ਭਾਰਤ ਹੀ ਨਹੀਂ ਪੂਰਾ ਵਿਸ਼ਵ ਕਰੋਨਾ ਦੀ ਮਹਾਂਮਾਰੀ ਦੇ ਕਰੋਪ ਨਾਲ ਲੜ੍ਹ ਰਿਹਾ ਹੈ ਤੇ ਅਸੀਂ ਇਕ ਨਾਜ਼ੁਕ ਤੇ ਗੰੰਭੀਰ ਸਮੇਂ ਵਿਚੋਂ ਲੰਘ ਰਹੇ ਹਾਂ। ਅਮਰੀਕਾ ਵਰਗਾ ਵਿਸ਼ਵ ਸ਼ਕਤੀ ਕਹਿਲਾਉਣ ਵਾਲਾ ਦੇਸ਼ ਇਸ ਵਾਇਰਸ ਤੋਂ ਸੱਭ ਤੋਂ ਜਿਆਦਾ ਪ੍ਰਭਾਵਿਤ ਹੋਇਆ ਹੈ।ਇਸ ਵਾਇਰਸ ਨੂੰ ਕਾਬੂ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਬੜੇ ਵਿਆਪਕ ਤੇ ਕੜੇ ਕਦਮ ਚੁੱਕੇ ਜਾ ਰਹੇ ਹਨ। ਸਿਹਤ ਤੇ ਪੁਲਿਸ ਵਿਭਾਗ ਤੋਂ ਇਲਾਵਾ ਲਗਭਗ ਸਾਰੇ ਵਿਭਾਗਾਂ ਦੀਆਂ ਡਿਊਟੀਆਂ ਨਿਸ਼ਚਿਤ ਕੀਤੀਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਵੀ ਕਰੋਨਾ ਦਾ ਫੈਲਾਅ ਲਗਾਤਾਰ ਵੱਧ ਰਿਹਾ ਹੈ।

ਉਨ੍ਹਾਂ ਕਿਹਾ ਹੁਣ ਤੱਕ ਸਿਹਤ ਵਿਭਾਗ ਦੇ ਲਗਭਗ 836 ਮੁਲਾਜ਼ਮ ਕਰੋਨਾ ਤੋਂ ਪ੍ਰਭਾਵਿਤ ਹੋਏ ਹਨ ਜਦਕਿ ਇਕ ਰਿਪੋਰਟ ਅਨੁਸਾਰ 2 ਮੁਲਾਜ਼ਮਾਂ ਦੀ ਮੌਤ ਹੋਈ ਹੈ। ਪੁਲਿਸ ਵਿਭਾਗ ਦੇ ਲਗਭਗ 1650 ਮੁਲਾਜ਼ਮ ਪ੍ਰਭਾਵਿਤ ਹੋਏ ਹਨ ਅਤੇ 13 ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ।

ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਫਵਾਹਾਂ ਵਿਚ ਵਿਸ਼ਵਾਸ਼ ਨਾ ਕਰਨ ਅਤੇ ਜੇਕਰ ਕਿਸੇ ਐਸੇ ਸ਼ਰਾਰਤੀ ਵਿਅਕਤੀ ਦਾ ਪਤਾ ਲਗਦਾ ਹੈ ਜੋ ਕਰੋਨਾ ਸਬੰਧੀ ਲੋਕਾਂ ਨੂੰ ਗੰੁਮਰਾਹ ਕਰ ਰਿਹਾ ਹੈ ਜਾਂ ਕਰੋਨਾ ਦੀ ਦਵਾਈ ਬਣਾਉਣ ਦਾ ਦਾਵਾ ਕਰਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਸਿਹਤ ਜਾਂ ਪੁਲਿਸ ਵਿਭਾਗ ਨੂੰ ਕਰੋ ਤਾਂ ਜੋ ਇਨ੍ਹਾਂ ਦੋਸ਼ਿਆਂ ਖਿਲਾਫ ਸ਼ਖਤ ਕਾਰਵਾਈ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਜਿਵੇਂ ਕਿ ਅਜੇ ਤੱਕ ਕਰੋਨਾ ਸਬੰਧੀ ਕੋਈ ਵੈਕਸੀਨ ਨਹੀਂ ਆਈ ਹੈ ਅਤੇ ਇਸ ਲਈ ਸਾਨੂੰ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਹੀ ਆਪਣੇ ਆਪ ਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਕਰ ਸਕਦੇ ਹਾਂ।

Spread the love