ਬਾਗਾਂ ਨੂੰ ਅੱਤ ਦੀ ਗਰਮੀ ਤੋਂ ਬਚਾਉਣ ਲਈ ਤਣਿਆਂ ਨੂੰ ਸਫ਼ੈਦੀ ਕੀਤੀ ਜਾਵੇ : ਡਾ. ਨਿਰਵੰਤ ਸਿੰਘ
ਪਟਿਆਲਾ, 22 ਅਪ੍ਰੈਲ 2022
ਡਿਪਟੀ ਡਾਇਰੈਕਟਰ ਬਾਗਬਾਨੀ -ਕਮ- ਨੋਡਲ ਅਫ਼ਸਰ ਅਮਰੂਦ ਡਾ. ਨਿਰਵੰਤ ਸਿੰਘ ਨੇ ਫਲਦਾਰ ਬੂਟਿਆਂ ਨੂੰ ਗਰਮੀ ਤੋਂ ਬਚਾਉਣ ਦੀ ਐਡਵਾਈਜ਼ਰੀ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਫਲਦਾਰ ਬੂਟਿਆਂ ਨੂੰ ਗਰਮੀ ਦੇ ਪ੍ਰਕੋਪ ਤੋ ਬਚਾਉਣ ਲਈ ਅਪ੍ਰੈਲ ਮਹੀਨੇ ਵਿੱਚ ਹੀ ਬੂਟਿਆਂ ਦੇ ਮੁੱਢਾਂ ਨੂੰ 3 ਫੁੱਟ ਤੱਕ ਸਫ਼ੈਦੀ ਕਰ ਦਿੱਤੀ ਜਾਵੇ ਤਾਂ ਕਿ ਜ਼ਿਆਦਾ ਗਰਮੀ ਦੇ ਮੌਸਮ ‘ਚ ਬੂਟੇ ਅਤੇ ਫਲ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਲੀ (ਸਫ਼ੈਦੀ) ਦਾ ਮਿਸਰਣ ਤਿਆਰ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਕਿੱਲੋ ਬੂਝਿਆਂ ਚੂਨਾ, ਕਿੱਲੋ ਨੀਲਾ ਥੋਥਾ ਅਤੇ ਕਿੱਲੋ ਫੈਵੀਕੋਲ ਜਾਂ ਸੁਰੇਸ਼ 100 ਲੀਟਰ ਪਾਣੀ ਵਿੱਚ ਪਾ ਕੇ ਇਸ ਘੋਲ ਦੀ ਵਰਤੋਂ ਬੂਟਿਆਂ ‘ਤੇ ਕਰਨੀ ਚਾਹੀਦੀ ਹੈ।
ਹੋਰ ਪੜ੍ਹੋ :-ਸਰਕਾਰੀ ਦਫਤਰਾਂ ਅੰਦਰ ਅਪਣੇ ਕੰਮ ਕਰਵਾਉਂਣ ਲਈ ਆਉਂਣ ਵਾਲੇ ਲੋਕਾਂ ਨੂੰ ਪੂਰਾ ਦਿੱਤਾ ਜਾਵੇ ਮਾਣ ਸਨਮਾਣ—ਡਿਪਟੀ ਕਮਿਸਨਰ
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਅਮਰੂਦਾਂ ਤੇ ਹੋਰ ਫਲਾਂ ਦੇ ਨਵੇਂ ਲਗਾਏ ਬੂਟਿਆਂ ਨੂੰ ਗਰਮੀ ਦੇ ਪ੍ਰਕੋਪ ਤੋ ਬਚਾਉਣ ਲਈ ਅਪ੍ਰੈਲ, ਮਈ ਅਤੇ ਜੂਨ ਮਹੀਨਿਆਂ ਦੌਰਾਨ ਹਫ਼ਤੇ ਚ ਦੋ ਵਾਰ ਪਾਣੀ ਦੇਣਾ ਚਾਹੀਦਾ ਹੈ ਅਤੇ ਪੁਰਾਣੇ ਲੱਗੇ ਬੂਟਿਆਂ ਨੂੰ ਮਿੱਟੀ ਦੀ ਕਿਸਮ ਅਨੁਸਾਰ 8-10 ਦਿਨਾਂ ਬਾਅਦ ਪਾਣੀ ਦੇਣਾ ਚਾਹੀਦਾ ਹੈ ।
ਮਈ ਮਹੀਨਾ ਅਮਰੂਦਾਂ ਅਤੇ ਬੇਰੀ ਦੇ ਬਾਗਾਂ ਨੂੰ ਖਾਦਾਂ ਪਾਉਣ ਲਈ ਢੁਕਵਾਂ ਸਮਾਂ ਹੈ। ਸਮੇਂ ਸਿਰ ਸਹੀ ਮਾਤਰਾ ਮਾਹਿਰਾਂ ਦੀ ਸਲਾਹ ਨਾਲ ਖਾਦਾਂ ਪਾਉਣ ਨਾਲ ਫਲ ਦੀ ਕੁਆਲਿਟੀ ਵਿੱਚ ਸੁਧਾਰ ਹੁੰਦਾ ਹੈ। ਜਿਸ ਨਾਲ ਫਲ ਦੇ ਸਾਈਜ਼ ਅਤੇ ਮਿਠਾਸ ਵਿੱਚ ਵਧਾ ਹੁੰਦਾ ਹੈ। ਇਸ ਤੋਂ ਬਿਨਾਂ ਬੂਟਾ ਸਿਹਤਮੰਦ ਰਹਿੰਦਾ ਹੈ। ਜਿਸ ਕਰਕੇ ਬਿਮਾਰੀਆਂ ਦਾ ਹਮਲਾ ਨਹੀਂ ਹੁੰਦਾ।
ਇਸ ਤੋਂ ਇਲਾਵਾ ਅਮਰੂਦ ਦੇ ਪੁਰਾਣੇ ਲੱਗੇ ਬੂਟਿਆਂ ਤੋ ਵਧੀਆ ਕੁਆਲਿਟੀ ਦਾ ਫਲ ਪ੍ਰਾਪਤ ਕਰਨ ਲਈ 20-30 ਅਪ੍ਰੈਲ ਦੌਰਾਨ ਟਹਿਣੀਆਂ ਦੇ 20-30 ਸੈਂਟੀ ਮੀਟਰ ਸਿਰੇ ਕੱਟ ਦਿੱਤੇ ਜਾਣ ਅਤੇ ਸੁੱਕੀਆਂ ਅਤੇ ਆਪਸ ਵਿੱਚ ਫਸੀਆਂ ਟਾਹਣੀਆਂ ਵੀ ਕੱਟ ਦਿੱਤਾ ਜਾਵੇ ਉਹਨਾਂ ਇਹ ਵੀ ਕਿਹਾ ਕਿ ਸਬਜ਼ੀਆਂ ਦੀ ਤੁੜਾਈ ਸਵੇਰੇ ਸ਼ਾਮ ਕਰਨੀ ਚਾਹੀਦੀ ਹੈ ਤਾਂ ਜੋ ਤਿੱਖੀ ਧੁੱਪ ਕਾਰਨ ਸਬਜੀਆਂ ਦਾ ਨੁਕਸਾਨ ਨਾ ਹੋਵੇ ਅਤੇ ਮੰਡੀ ਵਿਚ ਚੰਗਾ ਮੁੱਲ ਮਿਲ ਸਕੇ।