
ਕਿਹਾ, ਦਿੱਲੀ ਸਰਕਾਰ ਨੇ 2015 ‘ਚ 35 ਵਸਤੂਆਂ ‘ਤੇ ਟੈਕਸ 12.5 ਫੀਸਦੀ ਤੋਂ ਘਟਾ ਕੇ 5 ਫੀਸਦੀ ਕੀਤਾ, 2019 ‘ਚ ਮਾਲੀਆ 30 ਹਜ਼ਾਰ ਕਰੋੜ ਤੋਂ ਵਧ ਕੇ 65 ਹਜ਼ਾਰ ਕਰੋੜ ਹੋ ਗਿਆ
ਪੰਜਾਬ ‘ਚ ਵੀ ਸਰਕਾਰ ਬਣਨ ‘ਤੇ ਟੈਕਸਾਂ ‘ਚ ਕਟੌਤੀ ਕਰਾਂਗੇ, ਟੈਕਸ ਘਟਣ ਨਾਲ ਮਹਿੰਗਾਈ ਵੀ ਘਟੇਗੀ ਤੇ ਕਾਰੋਬਾਰ ਵੀ ਵਧੇਗਾ- ਸੌਰਭ ਭਾਰਦਵਾਜ
ਕਿਹਾ, ਕਾਰੋਬਾਰ ਨੂੰ ਪ੍ਰਫੁੱਲਤ ਕਰਨ ਲਈ ‘ਆਪ’ ਸਰਕਾਰ ਭ੍ਰਿਸ਼ਟਾਚਾਰ ਅਤੇ ਇੰਸਪੈਕਟਰੀ ਰਾਜ ਨੂੰ ਜੜ੍ਹ ਤੋਂ ਖਤਮ ਕਰੇਗੀ
ਆਪ ਆਗੂ ਸੌਰਭ ਭਾਰਦਵਾਜ ਨੇ ਨਵਾਂ ਸ਼ਹਿਰ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਕੇ ਸਮੱਸਿਆਵਾਂ
ਸੁਣੀਆਂ
ਨਵਾਂਸ਼ਹਿਰ, 30 ਦਸੰਬਰ 2021
ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਕੌਮੀ ਬੁਲਾਰੇ ਸੌਰਭ ਭਾਰਦਵਾਜ ਨੇ 2015 ਵਿੱਚ ਦਿੱਲੀ ਸਰਕਾਰ ਵੱਲੋਂ ਕਈ ਵਸਤੂਆਂ ਦੇ ਟੈਕਸ ਦਰਾਂ ਵਿੱਚ ਕੀਤੀ ਕਟੌਤੀ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਜੇਕਰ ਸਰਕਾਰ ਦੀ ਨੀਅਤ ਸਾਫ਼ ਹੈ ਤਾਂ ਟੈਕਸ ਦਰਾਂ ਵਿੱਚ ਕਟੌਤੀ ਕਰਨ ਨਾਲ ਪੰਜਾਬ ਸਰਕਾਰ ਦਾ ਮਾਲੀਆ ਨਹੀਂ ਘਟਦਾ ਸਗੋਂ ਇਹ ਵਧਦਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਵਰ੍ਹੇ 2015-16 ਦੇ ਬਜਟ ਵਿੱਚ ਦਿੱਲੀ ਸਰਕਾਰ ਨੇ 35 ਵਸਤੂਆਂ ‘ਤੇ ਟੈਕਸ ਦਰ 12.5 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤੀ ਸੀ। ਚਾਰ ਸਾਲ ਬਾਅਦ ਵਿੱਤੀ ਵਰ੍ਹੇ 2019-20 ਵਿੱਚ ਟੈਕਸ ਦੀ ਉਗਰਾਹੀ 2015-16 ਦੇ ਮੁਕਾਬਲੇ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ। ਉਹਨਾਂ ਦੱਸਿਆ ਕਿ ਜਿਥੇ 2015 -16 ਸਾਲ ਵਿੱਚ ਦਿੱਲੀ ਸਰਕਾਰ ਦਾ ਮਾਲੀਆ 30 ਹਜ਼ਾਰ ਕਰੋੜ ਸੀ ਉਥੇ ਇਹ ਸਾਲ 2019-20 ਵਿੱਚ ਵਧ ਕੇ 65000 ਕਰੋੜ ਹੋ ਗਿਆ।
ਹੋਰ ਪੜ੍ਹੋ :-ਅਸੀਂ ‘ਬੱਸ’ ਅਤੇ ‘ਸਰਕਾਰ’ ਦੋਵੇਂ ‘ਮਾਫੀਆ ਮੁਕਤ‘ ਚਲਾਉਂਦੇ ਹਾਂ: ਅਰਵਿੰਦ ਕੇਜਰੀਵਾਲ
ਵੀਰਵਾਰ ਨੂੰ ‘ਆਪ’ ਆਗੂ ਸੌਰਭ ਭਾਰਦਵਾਜ ਨੇ ਨਵਾਂਸ਼ਹਿਰ ਅਤੇ ਆਸ-ਪਾਸ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਸੁਝਾਅ ਮੰਗੇ। ਉਨ੍ਹਾਂ ਕਿਹਾ ਕਿ ਟੈਕਸ ਦੀ ਦਰ ਘਟਣ ਨਾਲ ਟੈਕਸ ਚੋਰੀ ਖਤਮ ਹੋਵੇਗੀ ਅਤੇ ਸਰਕਾਰ ਪਹਿਲਾਂ ਨਾਲੋਂ ਜ਼ਿਆਦਾ ਟੈਕਸ ਇਕੱਠਾ ਕਰੇਗੀ। ਮਾਲੀਆ ਵਧਣ ਨਾਲ ਸਰਕਾਰ ਵਿਕਾਸ ਕਾਰਜਾਂ ‘ਤੇ ਵੱਧ ਖਰਚ ਕਰੇਗੀ ਅਤੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਪ੍ਰਦਾਨ ਕਰੇਗੀ। ਇਸ ਨਾਲ ਮਹਿੰਗਾਈ ਵੀ ਘਟੇਗੀ ਅਤੇ ਕਾਰੋਬਾਰ ਵੀ ਵਧੇਗਾ। ਕਾਰੋਬਾਰ ਵਿੱਚ ਵਾਧਾ ਹੋਣ ਦੇ ਨਾਲ ਹੀ ਰੁਜ਼ਗਾਰ ਵਿੱਚ ਵੀ ਵਾਧਾ ਹੋਵੇਗਾ। ਭਾਰਦਵਾਜ ਨੇ ਪੰਜਾਬ ਦੇ ਵਪਾਰੀਆਂ ਨਾਲ ਵਾਅਦਾ ਕੀਤਾ ਕਿ ਜੇਕਰ 2022 ‘ਚ ‘ਆਪ’ ਦੀ ਸਰਕਾਰ ਬਣੀ ਤਾਂ ਮੌਜੂਦਾ ਟੈਕਸ ਦਰਾਂ ‘ਚ ਕਟੌਤੀ ਕੀਤੀ ਜਾਵੇਗੀ ਅਤੇ ਵਪਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ।
ਉਨ੍ਹਾਂ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਰੇ ਵਪਾਰੀਆਂ ਲਈ ਮੁੱਖ ਸਮੱਸਿਆ ਇੰਸਪੈਕਟਰੀ ਰਾਜ ਹੈ। ਅਧਿਕਾਰੀ ਅਤੇ ਨੇਤਾ ਇਕੱਠੇ ਕਾਰੋਬਾਰ ਵਿਚ ਹਿੱਸਾ ਲੈਂਦੇ ਹਨ ਅਤੇ ਰਿਸ਼ਵਤ ਅਤੇ ਦਲਾਲੀ ਇਕੱਠੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਾਲ 2015 ਵਿੱਚ ਜਦੋਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਉੱਥੋਂ ਦੇ ਕਾਰੋਬਾਰੀ ਲੀਡਰਾਂ ਅਤੇ ਅਫਸਰਾਂ ਤੋਂ ਪ੍ਰੇਸ਼ਾਨ ਰਹਿੰਦੇ ਸਨ। ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿੱਲੀ ਦੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਦੇ ਹੋਏ ਹੀ ਐਲਾਨ ਕੀਤਾ ਸੀ ਕਿ ਅੱਜ ਤੋਂ ਬਾਅਦ ਕੋਈ ਵੀ ਇੰਸਪੈਕਟਰ ਅਤੇ ਅਧਿਕਾਰੀ ਦਿੱਲੀ ਦੀ ਕਿਸੇ ਵੀ ਫੈਕਟਰੀ, ਉਦਯੋਗ ਅਤੇ ਦੁਕਾਨ ‘ਤੇ ਨਹੀਂ ਜਾਵੇਗਾ। ਇਸ ਐਲਾਨ ਤੋਂ ਬਾਅਦ ਵਪਾਰੀਆਂ ਦੀਆਂ ਕਈ ਸਮੱਸਿਆਵਾਂ ਆਪਣੇ ਆਪ ਹੱਲ ਹੋ ਗਈਆਂ। ਭਾਰਦਵਾਜ ਨੇ ਵਾਅਦਾ ਕੀਤਾ ਕਿ ਪੰਜਾਬ ਵਿੱਚ ਉਦਯੋਗ ਅਤੇ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਭ੍ਰਿਸ਼ਟਾਚਾਰ ਅਤੇ ਇੰਸਪੈਕਟਰੀ ਰਾਜ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ।
‘ਆਪ’ ਆਗੂਆਂ ਦੀ ਪੰਜਾਬ ਦੇ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕਰਨ ਦੇ ਮਕਸਦ ਬਾਰੇ ਦੱਸਦਿਆਂ ਭਾਰਦਵਾਜ ਨੇ ਕਿਹਾ ਕਿ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਉਦਯੋਗ ਅਤੇ ਵਪਾਰ ਨੂੰ ਪ੍ਰਫੁੱਲਤ ਕਰਨਾ ਬਹੁਤ ਜ਼ਰੂਰੀ ਹੈ। ਜਿੰਨੇ ਜ਼ਿਆਦਾ ਉਦਯੋਗ ਵਧਣਗੇ, ਓਨਾ ਹੀ ਰੁਜ਼ਗਾਰ ਵਧੇਗਾ। ‘ ਇਸ ਸੋਚ ਨਾਲ ਆਮ ਆਦਮੀ ਪਾਰਟੀ ਨੇ ਸੁਝਾਅ ਪਤਾ ਕਰਨ ਲਈ ਪੰਜਾਬ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਮਿਲਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ
ਪੰਜਾਬ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਕੀਤੇ ਵਿਚਾਰ ਵਟਾਂਦਰਿਆਂ ਤੋਂ ਬਾਅਦ ਉਹਨਾਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਚੋਣ ਮਨੋਰਥ ਪੱਤਰ ਵਿਚ ਜ਼ਿਕਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ‘ਆਪ’ ਵਲੋਂ ਦਿੱਲੀ ਵਿੱਚ ‘ਦਿੱਲੀ ਡਾਇਲਾਗ’ ਦੇ ਨਾਂ ‘ਤੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਵਿਚਾਰ ਵਟਾਂਦਰੇ ਲਈ ਪ੍ਰੋਗਰਾਮ ਕੀਤਾ ਗਿਆ ਸੀ, ਜਿਸ ਨਾਲ ਦਿੱਲੀ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਬਹੁਤ ਲਾਭ ਹੋਇਆ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਬਦਲਾਅ ਲਈ ਮੌਕਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ‘ਆਪ’ ਦੀ ਇੱਕ ਵਾਰ ਸਰਕਾਰ ਬਣਾਉਣ, ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਾਂਗੇ।