ਪਠਾਨਕੋਟ 9 ਮਈ 2022
ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਜਿਲ੍ਹਾ ਪਠਾਨਕੋਟ ਅੰਦਰ ਜੇਕਰ ਕਿਸੇ ਸਰਕਾਰੀ ਜਮੀਨ ਤੇ ਨਜਾਇਜ ਉਸਾਰੀ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਉਸਾਰੀਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਇੱਕ ਵਿਸੇਸ ਮੀਟਿੰਗ ਦੋਰਾਨ ਕੀਤਾ ਗਿਆ। ਜਿਕਰਯੋਗ ਹੈ ਕਿ ਜਿਲ੍ਹਾ ਪਠਾਨਕੋਟ ਅੰਦਰ ਸਿਟੀ ਪਠਾਨਕੋਟ, ਨੇਸਨਲ ਹਾਈਵੇ ਅਤੇ ਹੋਰ ਮਾਰਗਾਂ ਤੇ ਜਿਆਦਾਤਰ ਨਜਾਇਜ ਕੀਤੀਆਂ ਜਾ ਰਹੀਆਂ ਉਸਾਰੀਆਂ ਦੇ ਮਾਮਲੇ ਧਿਆਨ ਵਿੱਚ ਆਏ ਹਨ। ਇਨ੍ਹਾਂ ਨਜਾਇਜ ਉਸਾਰੀਆਂ ਤੇ ਜਿਲ੍ਹਾ ਪ੍ਰਸਾਸਨ ਕਾਰਵਾਈ ਕਰਨ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਪਿਛਲੇ ਦਿਨ੍ਹਾਂ ਦੋਰਾਨ ਉਨ੍ਹਾਂ ਵੱਲੋਂ ਪਠਾਨਕੋਟ ਤੋਂ ਦੁਨੇਰਾ-ਕਟੋਰੀ ਬੰਗਲਾ ਤੱਕ ਵਿਸੇਸ ਦੋਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਰੋਡ ਦੇ ਕਿਨਾਰਿਆਂ ਤੇ ਬਹੁਤ ਸਾਰੇ ਲੋਕਾਂ ਵੱਲੋਂ ਮਕਾਨਾਂ ਅਤੇ ਦੁਕਾਨਾਂ ਦੀਆਂ ਉਸਾਰੀਆਂ ਕੀਤੀਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਈ ਸਥਾਨਾਂ ਤੇ ਜਾਂ ਤਾਂ ਪਹਾੜੀਆਂ ਦੀ ਕਟਿੰਗ ਕਰਕੇ ਨਿਰਮਾਣ ਕਰਵਾਇਆ ਜਾ ਰਿਹਾ ਹੈ ਜਾਂ ਫਿਰ ਬਿਲਕੁਲ ਰੋਡ ਦੇ ਕਿਨਾਰਿਆਂ ਤੇ ਹੀ ਉਸਾਰੀ ਕੀਤੀ ਹੋਈ ਹੈ। ਜਿਸ ਦੇ ਚਲਦਿਆਂ ਰਸਤੇ ਤੰਗ ਹੋ ਰਹੇ ਹਨ ਅਤੇ ਮੰਦਭਾਗੀ ਘਟਨਾਵਾਂ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਅਜਿਹੇ ਮਾਮਲਿਆਂ ਦੀ ਜਾਂਚ ਕੀਤੀ ਜਾਵੇ ਅਤੇ ਅਗਰ ਕਿਸੇ ਦੀ ਨਜਾਇਜ ਉਸਾਰੀ ਪਾਈ ਜਾਂਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਸਿਟੀ ਪਠਾਨਕੋਟ ਅੰਦਰ ਵੀ ਬਹੁਤ ਸਾਰੇ ਲੋਕਾਂ ਵੱਲੋਂ ਬਿਨ੍ਹਾਂ ਨਕਸਾ ਪਾਸ ਕਰਵਾਇਆ ਅਤੇ ਹੋਰ ਆਦਿ ਨਿਯਮਾਂ ਦੀ ਉਲੰਘਣਾ ਕਰਕੇ ਉਸਾਰੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨਗਰ ਨਿਗਮ ਪਠਾਨਕੋਟ ਦੇ ਅਧਿਕਾਰੀਆਂ ਨੂੰ ਵੀ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਹਿਰ ਅੰਦਰ ਨਿਯਮਾਂ ਦੀ ਉਲੰਘਣਾ ਕਰਕੇ ਗਲਤ ਢੰਗ ਨਾਲ ਕੀਤੀਆਂ ਜਾ ਰਹੀਆਂ ਉਸਾਰੀਆਂ ਤੇ ਵੀ ਨਜਰ ਰੱਖੀ ਜਾਵੇ ਅਤੇ ਅਗਰ ਕੋਈ ਅਜਿਹਾ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ।