ਪੇਕ ਦੇ ਐਲੂਮਨੀ ਦੀ ਯਾਦ ਵਿਚ ਬੇਟੇ ਨੇ ਸ਼ੁਰੂ ਕੀਤੀ ₹30 ਲੱਖ ਦੀ ਸਕਾਲਰਸ਼ਿਪ

ਚੰਡੀਗੜ੍ਹ, 30 ਦਸੰਬਰ 2024

ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਯੂਨੀਵਰਸਿਟੀ), ਚੰਡੀਗੜ੍ਹ ਨੇ 27 ਦਸੰਬਰ 2024 ਨੂੰ ਇੱਕ ਸਮਝੌਤਾ ਯਾਦਗਾਰੀ ਪੱਤਰ (ਐਮ ਓ ਯੂ) ਤੇ ਹਸਤਾਖਰ ਕੀਤੇ। ਇਹ ਸਮਝੌਤਾ ਸ਼੍ਰੀ ਸੰਜਯ ਬੇਰੀ, ਸਵਰਗਵਾਸੀ ਇੰਜੀਨੀਅਰ ਭੀਸ਼ਮ ਕੁਮਾਰ ਬੇਰੀ (1962 ਬੈਚ ਦੇ ਮੈਕੈਨਿਕਲ ਇੰਜੀਨੀਅਰਿੰਗ ਤੋਂ ਗ੍ਰੈਜੂਏਟ) ਦੇ ਪੁੱਤਰ ਨਾਲ ਕੀਤਾ ਗਿਆ। ਇਸ ਦੇ ਤਹਿਤ “ਸ਼੍ਰੀ ਭੀਸ਼ਮ ਕੁਮਾਰ ਬੇਰੀ ਅਤੇ ਸ੍ਰੀਮਤੀ ਸੁਦੇਸ਼ ਬੇਰੀ ਸਕਾਲਰਸ਼ਿਪ” ਦੀ ਸਥਾਪਨਾ ਕੀਤੀ ਗਈ ਹੈ, ਜਿਸ ਲਈ ₹30 ਲੱਖ ਦਾ ਉਦਾਰ ਯੋਗਦਾਨ ਦਿੱਤਾ ਗਿਆ ਹੈ।
ਇਹ ਐਮ ਓ ਯੂ 27 ਦਸੰਬਰ 2024 ਨੂੰ ਡਾਇਰੈਕਟਰ, ਪੇਕ, ਪ੍ਰੋਫੈਸਰ ਰਾਜੇਸ਼ ਕੁਮਾਰ ਭਾਟੀਆ (ਐਡ ਇੰਟਰਿਮ), ਪ੍ਰੋਫੈਸਰ ਰਾਜੇਸ਼ ਕਾਂਡਾ (ਹੈੱਡ, ਐਲੂਮਨੀ, ਕਾਰਪੋਰੇਟ ਐਂਡ ਇੰਟਰਨੈਸ਼ਨਲ ਰਿਲੇਸ਼ਨਜ਼), ਡਾ. ਜਿੰਮੀ ਕਰਲੂਪੀਆ (ਪ੍ਰੋਫੈਸਰ-ਇਨ-ਚਾਰਜ, ਐਲੂਮਨੀ, ਕਾਰਪੋਰੇਟ ਐਂਡ ਇੰਟਰਨੈਸ਼ਨਲ ਰਿਲੇਸ਼ਨਜ਼), ਅਤੇ ਸ੍ਰੀਮਤੀ ਪ੍ਰੀਯੰਕਾ ਦੀ ਹਾਜ਼ਰੀ ਵਿਚ ਸਾਈਨ ਕੀਤਾ ਗਿਆ।
ਇਹ ਸਕਾਲਰਸ਼ਿਪ ਹਰ ਸਾਲ ਇੱਕ ਯੋਗ ਅਤੇ ਲੋੜਵੰਦ ਵਿਦਿਆਰਥੀ ਨੂੰ ₹1,76,000 ਦੀ ਪੂਰੀ ਟਿਊਸ਼ਨ ਫੀਸ ਪ੍ਰਦਾਨ ਕਰੇਗੀ। ਪਹਿਲੀ ਸਕਾਲਰਸ਼ਿਪ 2025 ਵਿੱਚ 2025-2029 ਬੈਚ ਦੇ ਇੱਕ ਵਿਦਿਆਰਥੀ ਲਈ ਸ਼ੁਰੂ ਹੋਵੇਗੀ, ਜੋ ਪੂਰੇ ਚਾਰ ਸਾਲਾਂ ਦੇ ਬੀ.ਟੈਕ ਪ੍ਰੋਗਰਾਮ ਲਈ ਉਪਲਬਧ ਰਹੇਗੀ। ਅਗਲੀ ਸਕਾਲਰਸ਼ਿਪ 2029 ਵਿੱਚ ਸ਼ੁਰੂ ਕੀਤੀ ਜਾਵੇਗੀ।
ਪੇਕ ਦੇ ਨਿਦੇਸ਼ਕ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਇਸ ਕਦਮ ਲਈ ਸ਼੍ਰੀ ਸੰਜਯ ਬੇਰੀ ਜੀ ਦਾ ਧੰਨਵਾਦ ਕਰਦਿਆਂ ਕਿਹਾ, ਕਿ ਪੁਰਾਣੇ ਵਿਦਿਆਰਥੀਆਂ ਦਾ ਇਸ ਤਰ੍ਹਾਂ ਦਾ ਯੋਗਦਾਨ ਸਿਰਫ ਵਿਦਿਆਰਥੀਆਂ ਦੀ ਜ਼ਿੰਦਗੀ ਬਦਲਦਾ ਹੀ ਨਹੀਂ, ਸਗੋਂ ਪੀਈਸੀ ਅਤੇ ਪੁਰਾਣੇ ਵਿਦਿਆਰਥੀਆਂ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ।
ਪ੍ਰੋ. ਰਾਜੇਸ਼ ਕਾਂਡਾ, ਜੋ ਖੁਦ ਪੀਈਸੀ ਦੇ ਪੁਰਾਣੇ ਵਿਦਿਆਰਥੀ ਹਨ, ਨੇ ਇਸ ਪਹੁੰਚ ਦੀ ਪ੍ਰਸ਼ੰਸਾ ਕਰਦਿਆਂ ਕਿਹਾ, ਕਿ ਇਸ ਤਰ੍ਹਾਂ ਦੇ ਯਤਨ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਹਨ ਅਤੇ ਪੂਰੇ ਪੀਈਸੀ ਸਮਾਜ ਨੂੰ ਮਜ਼ਬੂਤੀ ਦੇਣ ਵਿੱਚ ਯੋਗਦਾਨ ਪਾਉਂਦੇ ਹਨ।
ਸ਼੍ਰੀ ਸੰਜਯ ਬੇਰੀ ਨੇ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਕਿਹਾ, ਕਿ ਇਹ ਸਕਾਲਰਸ਼ਿਪ ਉਨ੍ਹਾਂ ਦੇ ਪਿਤਾ ਦੇ ਨਾਮ ’ਤੇ ਸ਼ੁਰੂ ਕਰਨਾ ਉਨ੍ਹਾਂ ਦੇ ਪਰਿਵਾਰ ਲਈ ਮਾਣ ਅਤੇ ਸਨਮਾਨ ਦੀ ਗੱਲ ਹੈ। ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਪੀਈਸੀ ਨਾਲ ਇਸ ਸਬੰਧ ਨੂੰ ਹੋਰ ਮਜ਼ਬੂਤ ਕਰਨ ਲਈ ਅੱਗੇ ਵੀ ਹੋਰ ਪੜਾਅ ਲੈਣਗੇ।
ਇਹ ਸਮਝੌਤਾ ਪੀਈਸੀ ਅਤੇ ਉਸਦੇ ਪੁਰਾਣੇ ਵਿਦਿਆਰਥੀਆਂ ਵਿਚਕਾਰ ਮਜ਼ਬੂਤ ਰਿਸ਼ਤੇ ਦਾ ਪ੍ਰਤੀਕ ਹੈ ਅਤੇ ਦਿਖਾਉਂਦਾ ਹੈ, ਕਿ ਸਾਂਝੇ ਯਤਨਾਂ ਨਾਲ ਵਿਦਿਆਰਥੀਆਂ ਅਤੇ ਸੰਸਥਾ ਦੋਹਾਂ ਨੂੰ ਉਚਾਈਆਂ ’ਤੇ ਪਹੁੰਚਾਇਆ ਜਾ ਸਕਦਾ ਹੈ।