ਕਿਸਾਨ ਭੁਪਿੰਦਰ ਸਿੰਘ ਨੇ ਪਿਛਲੇ 4 ਸਾਲ ਤੋਂ ਨਹੀਂ ਸਾੜੀ ਪਰਾਲੀ
ਲੁਧਿਆਣਾ, 20 ਸਤੰਬਰ 2021
ਅਗਾਂਹਵਧੂ ਕਿਸਾਨ ਭੁਪਿੰਦਰ ਸਿੰਘ ਜੋਕਿ ਪਿੰਡ ਗੋਹ ਦੇ ਰਹਿਣ ਵਾਲੇ ਹਨ ਨੇ 2016 ਤੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਮਲਚਿੰਗ ਵਿਧੀ ਰਾਹੀਂ ਖੇਤਾਂ ਵਿੱਚ ਵਾਹਿਆ ਹੈ ਅਤੇ ਫਸਲਾਂ ਦੇ ਝਾੜ ਵਿੱਚ ਵਾਧਾ ਪ੍ਰਾਪਤ ਕਰਕੇ ਲਾਹਾ ਖੱਟਿਆ ਹੈ।
ਕਿਸਾਨ ਭੁਪਿੰਦਰ ਸਿੰਘ ਨੇ ਮਲਚਿੰਗ ਵਿਧੀ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਸਾਲ 2018 ਵਿੱਚ ਉਸਨੇ 6 ਕਨਾਲ ਬਿਲਕੁਲ ਸੁੱਕੀ ਜ਼ਮੀਨ ਵਿੱਚ ਮਲਚਿੰਗ ਵਾਲੀ ਕਣਕ ਦੀ ਬਿਜਾਈ ਕੀਤੀ, ਜਿਸ ਵਿੱਚ ਹੁਣ ਉਸ ਵੱਲੋਂ 45 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਬੀਜ ਅਤੇ 50 ਕਿਲੋ ਪ੍ਰਤੀ ਏਕੜ ਡੀ.ਏ.ਪੀ. ਦੀ ਵਰਤੋਂ ਕੀਤੀ ਗਈ ਅਤੇ ਬੀਜ ਤੇ ਡੀ.ਏ.ਪੀ. ਦਾ ਛੱਟਾ ਦੇਣ ਤੋਂ ਬਾਅਦ ਕਰਚੇ ਕੱਟਣ ਵਾਲਾ ਰੀਪਰ ਫੇਰ ਕੇ ਪਾਣੀ ਲਗਾ ਦਿੱਤਾ ਗਿਆ. ਉਸਨੇ ਦੱਸਿਆ ਕਿ ਇਕ ਹਫਤੇ ਵਿੱਚ ਕਣਕ ਪਰਾਲੀ ਤੋਂ ਬਾਹਰ ਨਿਕਲਣ ਲੱਗ ਪਈ। ਉਸਨੇ ਦੱਸਿਆ ਕਿ ਕਣਕ ਇਕ ਮਹੀਨੇ ਦੀ ਹੋਣ ਤੇ 25 ਕਿਲੋ ਯੂਰੀਆ ਪਾਇਆ ਗਿਆ ਅਤੇ ਦੂਜਾ ਪਾਣੀ ਦੋ ਮਹੀਨੇ ਬਾਅਦ ਲਗਾਇਆ ਗਿਆ। ਕਿਸਾਨ ਵੱਲੋਂ 25 ਕਿਲੋ ਯੂਰੀਆ ਦੂਜੀ ਵਾਰ ਪਾਇਆ ਗਿਆ ਅਤੇ ਇਸ ਵਿੱਚ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਪਈ।
ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਣਕ ਦਾ ਝਾੜ ਵੀ ਰਵਾਇਤੀ ਬਿਜਾਈ ਵਾਲੀ ਕਣਕ ਤੋਂ 2 ਕੁਇੰਟਲ ਵੱਧ ਰਿਹਾ ਅਤੇ ਇਸ ਢੰਗ ਨਾਲ ਇਕ ਤਾਂ ਬਿਜਾਈ ਦਾ ਖਰਚਾ ਘੱਟ ਗਿਆ ਦੂਜਾ ਨਦੀਨ ਵੀ ਆਮ ਨਾਲੋਂ ਘੱਟ ਹੋਏ, ਖਾਦ ਦੀ ਵਰਤੋਂ ਵੀ ਘੱਟ ਹੋਈ ਅਤੇ ਕੋਈ ਵੀ ਸਪਰੇਅ ਕਰਨ ਦੀ ਲੋੜ ਨਹੀਂ ਪਈ।
ਭੁਪਿੰਦਰ ਸਿੰਘ ਵਲੋਂ ਲਗਾਤਾਰ ਤਿੰਨ ਸਾਲਾਂ ਤੋਂ ਮਲਚਿੰਗ ਵਿਧੀ ਰਾਹੀਂ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ। ਇਹ ਢੰਗ ਉਹਨਾਂ ਨੂੰ ਸਭ ਤੋਂ ਸੌਖਾ ਅਤੇ ਘੱਟ ਖਰਚੇ ਵਾਲਾ ਲੱਗਿਆ। ਉਸਨੇ ਹੋਰ ਕਿਸਾਨ ਵੀਰਾਂ ਨੂੰ ਵੀ ਅਪੀਲੀ ਕੀਤੀ ਕਿ ਉਹ ਵੀ ਮਲਚਿੰਗ ਵਿਧੀ ਰਾਹੀਂ ਕਣਕ ਦੀ ਬਿਜਾਈ ਕਰਨ ਅਤੇ ਆਪਣੇ ਖਰਚੇ ਘਟਾਉਣ ।