ਔਰਤਾਂ ਦੇ ਅਧਿਕਾਰਾਂ ਸਬੰਧੀ ਕੀਤਾ ਜਾਗਰੂਕ
ਪਟਿਆਲਾ, 8 ਮਾਰਚ 2022
ਨਾਲਸਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਿਜ਼ੀਓਥੈਰੇਪੀ ਵਿਭਾਗ, ਵੂਮੈਨ ਸਟੱਡੀ ਸੈਂਟਰ ਅਤੇ ਮਨੋਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ -ਕਮ-ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਜਸਟਿਸ ਸ. ਅਜੈ ਤਿਵਾੜੀ ਦੀ ਯੋਗ ਅਗਵਾਈ ਹੇਠ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਰਜਿੰਦਰ ਅਗਰਵਾਲ ਪਟਿਆਲਾ ਦੀ ਨਿਗਰਾਨੀ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਿਜ਼ੀਓਥੈਰੇਪੀ ਵਿਭਾਗ, ਵੂਮੈਨ ਸਟੱਡੀ ਸੈਂਟਰ ਅਤੇ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਟਾਫ਼ ਨਾਲ ਇੱਕ ਸੈਮੀਨਾਰ ਕਰਵਾਇਆ ਗਿਆ।
ਹੋਰ ਪੜ੍ਹੋ :-ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ, ਸੋਹਾਣਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ
ਇਸ ਪ੍ਰੋਗਰਾਮ ਦੌਰਾਨ ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਪਰਮਿੰਦਰ ਕੌਰ ਪਟਿਆਲਾ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ ਅਤੇ ਦੱਸਿਆ ਕਿ ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਔਰਤ ਦੇ ਅਧਿਕਾਰਾਂ ਅਤੇ ਔਰਤਾਂ ਦੀ ਭਲਾਈ ਲਈ ਕਾਨੂੰਨਾਂ ਬਾਰੇ ਜਾਗਰੂਕਤਾ ਫੈਲਾਉਣਾ ਹੈ। ਇਸ ਸੈਮੀਨਾਰ ਦੌਰਾਨ ਸਕੱਤਰ, ਡੀ.ਐਲ.ਐਸ.ਏ. ਨੇ ਦਰਸ਼ਕਾਂ ਨੂੰ ਘਰੇਲੂ ਹਿੰਸਾ ਐਕਟ, ਵਰਕਪਲੇਸ ‘ਤੇ ਜਿਨਸੀ ਪਰੇਸ਼ਾਨੀ ਦੀ ਰੋਕਥਾਮ ਐਕਟ, ਦ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ ਐਕਟ, 1971, ਨਾਲਸਾ (ਤੇਜ਼ਾਬੀ ਹਮਲਿਆਂ ਦੇ ਪੀੜਤਾਂ ਲਈ ਕਾਨੂੰਨੀ ਸੇਵਾਵਾਂ) ਸਕੀਮ, 2015, ਪੰਜਾਬ ਵਿਕਟਿਮ ਕੰਪਨਸੇਸ਼ਨ ਸਕੀਮ ਅਤੇ ਨਾਲਸਾ ਮੁਆਵਜ਼ਾ ਸਕੀਮ, ਜਿਨਸੀ ਹਮਲੇ/ਹੋਰ ਅਪਰਾਧਾਂ ਦੀਆਂ ਪੀੜਤ ਔਰਤਾਂ/ਸਰਵਾਈਵਰਜ਼, 2018 ਦੇ ਮੁੱਖ ਉਪਬੰਧਾਂ ਬਾਰੇ ਜਾਣੂ ਕਰਵਾਇਆ।
ਸਕੱਤਰ, ਡੀ.ਐਲ.ਐਸ.ਏ., ਪਟਿਆਲਾ ਨੇ ਹਾਜ਼ਰੀਨ ਨੂੰ ਭਾਰਤ ਵਿੱਚ ਔਰਤਾਂ ਲਈ ਉਪਲਬਧ ਕਾਨੂੰਨੀ ਅਧਿਕਾਰਾਂ ਜਿਵੇਂ ਕਿ ਭਰੂਣ ਹੱਤਿਆ ਵਿਰੁੱਧ ਅਧਿਕਾਰ, ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਕਾਨੂੰਨ ਦੇ ਅਧਿਕਾਰ ਤਹਿਤ ਸਿੱਖਿਆ ਦਾ ਅਧਿਕਾਰ, ਬਾਲ ਨਿਆਂ ਐਕਟ ਅਧੀਨ ਸੁਰੱਖਿਅਤ ਵਾਤਾਵਰਣ ਵਿੱਚ ਪਾਲਣ ਦੇ ਅਧਿਕਾਰ ਬਾਰੇ ਜਾਗਰੂਕ ਕੀਤਾ। ਘਰੇਲੂ ਹਿੰਸਾ ਐਕਟ ਦੇ ਤਹਿਤ ਸੁਰੱਖਿਆ, ਔਰਤ ਧਨ ਦਾ ਅਧਿਕਾਰ, ਜਾਇਦਾਦ ਦੇ ਵਾਰਸ ਦਾ ਅਧਿਕਾਰ, ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਪਰੇਸ਼ਾਨੀ ਦੇ ਖਿਲਾਫ ਅਧਿਕਾਰ ਅਤੇ ਕੰਮ ਵਾਲੀ ਥਾਂ ‘ਤੇ ਜਿਨਸੀ ਸ਼ੋਸ਼ਣ ਦੇ ਖਿਲਾਫ ਅਧਿਕਾਰ ਸ਼ਾਮਲ ਹਨ। ਇਸ ਤੋਂ ਇਲਾਵਾ ਹਾਜ਼ਰੀਨ ਨੂੰ ਕਾਨੂੰਨੀ ਸੇਵਾਵਾਂ ਅਥਾਰਟੀਜ਼ ਐਕਟ, 1987 ਦੀ ਧਾਰਾ 12 ਅਧੀਨ ਔਰਤ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਗਰੂਕ ਕੀਤਾ ਗਿਆ।
ਡਾ: ਕਿਰਨਜੋਤ ਕੌਰ ਉੱਪਲ, ਐਸ.ਐਮ.ਓ ਘਨੌਰ ਨੇ ਵੀ ਹਾਜ਼ਰੀਨ ਨੂੰ ਆਮ ਸਿਹਤ, ਮਾਹਵਾਰੀ ਦੀ ਸਿਹਤ ਅਤੇ ਸਫਾਈ ਬਾਰੇ ਜਾਗਰੂਕ ਕੀਤਾ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਇੱਕ ਨਾਟਕ “ਇਤਨੀ ਕੀ ਜਲਦੀ ਹੈ” ਖੇਡਿਆ ਗਿਆ। ਵੋਕੇਸ਼ਨਲ ਟ੍ਰੇਨਿੰਗ ਸੈਂਟਰ, ਲੁਧਿਆਣਾ ਦੀ ਕਰਮਚਾਰੀ ਮੈਡਮ ਮਾਇਆ, ਵਿਦਿਆਰਥੀਆਂ ਹਿਮਾਨੀ ਆਹੂਜਾ, ਅਤੇ ਸੁਨੀਤਾ ਵੱਲੋਂ ਵੀ ਕਵਿਤਾਵਾਂ ਅਤੇ ਗੀਤ ਗਾਏ ਗਏ।
ਇਸ ਤੋਂ ਇਲਾਵਾ ਪ੍ਰੋਗਰਾਮ ‘ਚ ਸੀ.ਜੇ.ਐਮ.ਕਮ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਪਰਮਿੰਦਰ ਕੌਰ ਅਤੇ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪ੍ਰੋਫੈਸਰ ਅਰਵਿੰਦ ਵੱਲੋਂ ਅੰਗਹੀਣ ਔਰਤਾਂ/ਵਿਦਿਆਰਥੀਆਂ ਨੂੰ ਸਰਟੀਫਿਕੇਟ ਆਫ਼ ਆਨਰ ਵੰਡੇ ਗਏ।
ਇਸ ਸੈਮੀਨਾਰ ਵਿੱਚ ਮਨੋਵਿਗਿਆਨ ਵਿਭਾਗ ਦੀ ਮੁਖੀ ਪ੍ਰੋਫੈਸਰ ਮਮਤਾ ਸ਼ਰਮਾ, ਸੈਂਟਰ ਫਾਰ ਡਿਸਏਬਿਲਟੀ ਦੀ ਇੰਚਾਰਜ ਡਾ: ਕਿਰਨ, ਪ੍ਰੋਫੈਸਰ ਮੁਲਤਾਨੀ, ਮੁਖੀ, ਫਿਜ਼ੀਓਥੈਰੇਪੀ ਵਿਭਾਗ ਅਤੇ ਪ੍ਰੋਫੈਸਰ ਰਿਤੂ ਲਹਿਲ, ਵੂਮੈਨ ਸਟੱਡੀ ਸੈਂਟਰ ਨੇ ਵੀ ਇਸ ਸੈਮੀਨਾਰ ਵਿੱਚ ਸ਼ਿਰਕਤ ਕੀਤੀ। ਇਸ ਸੈਮੀਨਾਰ ਵਿੱਚ ਕੁੱਲ 200 ਵਿਅਕਤੀਆਂ ਨੇ ਭਾਗ ਲਿਆ।