ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਨੇ ਸਮੂਹ ਦਫਤਰੀ ਸਟਾਫ ਨਾਲ ਕੀਤੀ ਇਟਰੋਡਕਟਰੀ ਮੀਟਿੰਗ

DAVINDER SINGH
ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਨੇ ਸਮੂਹ ਦਫਤਰੀ ਸਟਾਫ ਨਾਲ ਕੀਤੀ ਇਟਰੋਡਕਟਰੀ ਮੀਟਿੰਗ

ਹਰ ਕਰਮਚਾਰੀ ਆਪਣੀ ਜਿੰਮੇਵਾਰੀ ਨੂੰ ਸਮਝਦਾ ਹੋਇਆ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰੇ- ਡਿਪਟੀ ਕਮਿਸ਼ਨਰ

ਫਿਰੋਜ਼ਪੁਰ 8 ਨਵੰਬਰ 2021 

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦਵਿੰਦਰ ਸਿੰਘ ਵੱਲੋਂ ਅੱਜ ਦਫਤਰ ਡਿਪਟੀ ਕਮਿਸ਼ਨਰ ਦੇ ਸਮੂਹ ਸਟਾਫ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਆਪਣੇ ਕੰਮ ਦੇ ਤਜਰਬੇ ਨੂੰ ਸਾਂਝੇ ਕਰਦਿਆਂ ਦੱਸਿਆ ਕਿ ਉਹ ਫਿਰੋਜ਼ਪੁਰ ਵਿਖੇ ਬਤੌਰ ਐਸਡੀਐਮ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਜਿਸ ਕਰ ਕੇ ਉਹ ਇਹ ਜ਼ਿਲ੍ਹੇ ਅਤੇ ਇਥੋਂ ਦੇ ਕੁਝ ਸਟਾਫ ਨਾਲ ਪਹਿਲਾਂ ਤੋਂ ਹੀ ਵਾਕਫ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਨ ਮਹਿਸੂਸ ਹੈ ਕਿ ਅੱਜ ਉਨ੍ਹਾਂ ਨੂੰ ਫਿਰੋਜ਼ਪੁਰ ਜ਼ਿਲ੍ਹੇ ਨੂੰ ਲੀਡ ਕਰਨ ਦਾ ਮੌਕਾ ਮਿਲਿਆ ਹੈ।

ਹੋਰ ਪੜ੍ਹੋ :-ਸਪੀਕਰ ਵੱਲੋਂ ਕੌਫੀ ਟੇਬਲ ਬੁੱਕ ‘ਸਾਡਾ ਸੋਹਣਾ ਪੰਜਾਬ’ ਰਿਲੀਜ਼

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਪਹਿਲਾਂ ਫਰਜ ਇਹ ਹੀ ਹੈ ਕਿ ਅਸੀਂ ਸਰਕਾਰ ਦੁਆਰਾ ਦਿੱਤੇ ਗਏ ਕੰਮ ਨੂੰ ਸਮੇਂ ਸਿਰ ਅਤੇ ਸਹੀ ਢੰਗ ਨਾਲ ਪੂਰਾ ਕਰੀਏ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਅਸੀਂ ਜ਼ਿਲ੍ਹੇ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ, ਇਸ ਲਈ ਸਮੂਹ ਸਟਾਫ ਆਪਣੀ ਜਿੰਮੇਵਾਰੀ ਸਮਝਦੇ ਹੋਏ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਕੰਮ ਪ੍ਰਤੀ ਜਨੂਨ ਹੋਣਾ ਚਾਹੀਦਾ ਹੈ ਅਤੇ ਹਰੇਕ ਕੰਮ ਨੂੰ ਮਿੱਥੇ ਸਮੇਂ ਤੋਂ ਪਹਿਲਾਂ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰ ਕਰਮਚਾਰੀ ਇਹ ਵੀ ਧਿਆਨ ਵਿਚ ਰੱਖੇ ਕਿ ਦਫਤਰ ਵਿਖੇ ਕੰਮਕਾਜ ਲਈ ਆ ਰਹੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ, ਉਨ੍ਹਾਂ ਨਾਲ ਇਹ ਵੀ ਕਿਹਾ ਕਿ ਜੇਕਰ ਕਿਸੇ ਕਰਮਚਾਰੀ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਸਿੱਧਾ ਉਨ੍ਹਾਂ ਦੇ ਧਿਆਨ ਵਿਚ ਲਿਆ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਅੰਤ ਵਿਚ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਅਸੀਂ ਸਾਰੇ ਇੱਕ ਟੀਮ ਵਾਂਗ ਕੰਮ ਕਰ ਕੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਪਹਿਲਾਂ ਤੋਂ ਪਏ ਪੈਂਡਿੰਗ ਕੰਮਾਂ ਨੂੰ ਜਲਦੀ ਖਤਮ ਕਰ ਕੇ ਫਿਰੋਜ਼ਪੁਰ ਜ਼ਿਲ੍ਹੇ ਨੂੰ ਵਧੀਆ ਕੰਮ ਅਤੇ ਵਿਕਾਸ ਪੱਖੋਂ ਬਾਕੀ ਜ਼ਿਲ੍ਹਿਆਂ ਤੋਂ ਮੁਹਰੀ ਲੈ ਕੇ ਆਵਾਂਗੇ। ਮੀਟਿੰਗ ਤੋਂ ਪਹਿਲਾਂ ਸਮੂਹ ਹਾਜ਼ਰੀਨ ਵੱਲੋਂ ਡੀਸੀ ਦਫਤਰ ਦੇ ਕਰਮਚਾਰੀ ਸੰਜੀਵ ਕੁਮਾਰ ਦੀ ਕੁਝ ਦਿਨ ਪਹਿਲਾਂ ਮੌਤ ਹੋਣ ਤੇ ਉਸ ਨੂੰ ਸ਼ਰਧਾਂਜਲੀ ਦੇਣ ਵਜੋਂ 2 ਮਿੰਟ ਦਾ ਮੌਨ ਵੀ ਧਾਰਨ ਕੀਤਾ ਗਿਆ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਬਰਾਂਚਾਂ ਵਿਚ ਜਾ ਕੇ ਚੱਲ ਰਹੇ ਕੰਮਾਂ ਅਤੇ ਬੁਨਿਆਦੀ ਢਾਂਚੇ ਸਮੇਤ ਹੋਰ ਕੰਮਾਂ ਸਬੰਧੀ ਜਾਇਜਾ ਵੀ ਲਿਆ ਗਿਆ।

Spread the love