ਜੇਲ੍ਹ ਮੰਤਰੀ ਨੇ ਸੁਖਬੀਰ ਬਾਦਲ ਦੇ ਦੋਸ਼ ਮੁੱਢੋਂ ਨਕਾਰੇ, ਜੱਗੂ ਭਗਵਾਨਪੁਰੀਆ 5 ਜੂਨ ਤੋਂ ਤਿਹਾੜ ਜੇਲ੍ਹ ਦਿੱਲੀ ਬੰਦ

ਚੰਡੀਗੜ੍ਹ, 9 ਅਗਸਤ
ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਸਬੰਧੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਏ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਿਸ ਜੱਗੂ ਭਗਵਾਨੀਆ ਦਾ ਜ਼ਿਕਰ ਅਕਾਲੀ ਦਲ ਦਾ ਪ੍ਰਧਾਨ ਕਰ ਰਿਹਾ ਹੈ, ਉਹ ਬੀਤੀ 5 ਜੂਨ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹੈ ਜਿਹੜੀ ਕਿ ਦਿੱਲੀ ਸਰਕਾਰ ਦੇ ਅਧੀਨ ਆਉਂਦੀ ਹੈ।
ਸ. ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਤੱਥਾਂ ਨਾਲ ਗੱਲ ਕਰਨ ਦੀ ਬਜਾਏ ਝੂਠ ਬੋਲਣ ਦੀ ਆਦਤ ਅਤੇ ਉਸ ਨੂੰ ਹਰ ਵੇਲੇ ‘ਰੰਧਾਵਾ ਫੋਬੀਆ’ ਹੋਇਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜੇ ਅਕਾਲੀ ਦਲ ਇਸ ਮਾਮਲੇ ਨੂੰ ਲੈ ਕੇ ਗੰਭੀਰ ਹੈ ਤਾਂ ਉਨ੍ਹਾਂ ਨੂੰ ਬਿਨਾਂ ਸਿਰ-ਪੈਰ ‘ਤੇ ਦੋਸ਼ ਲਾਉਣ ਦੀ ਬਜਾਏ ਦਿੱਲੀ ਸਰਕਾਰ ਜਾਂ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਮਾਮਲਾ ਚੁੱਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪ੍ਰਧਾਨ ਖੁਦ ਲੋਕ ਸਭਾ ਮੈਂਬਰ ਵੀ ਹਨ ਜਿਸ ਲਈ ਇਸ ਸਬੰਧੀ ਮਾਮਲਾ ਪਾਰਲੀਮੈਂਟ ਵਿੱਚ ਉਠਾਉਣਾ ਚਾਹੀਦਾ ਹੈ।

Spread the love