ਡਿਪਟੀ ਕਮਿਸ਼ਨਰ ਨੇ ਦੋਵਾਂ ਨੌਜਵਾਨਾਂ ਨੂੰ ਦਿੱਤੀ ਮੁਬਾਰਕਬਾਦ
ਕਿਹਾ, ਦੋਵਾਂ ਦੀ ਪ੍ਰਾਪਤੀ ਹੋਰਨਾਂ ਲਈ ਬਣੇਗੀ ਪ੍ਰੇਰਨਾ ਸਰੋਤ
ਜਲੰਧਰ, 25 ਸਤੰਬਰ 2021
ਸ਼ਹਿਰ ਦੇ ਰਹਿਣ ਵਾਲੇ ਦੋ ਨੌਜਵਾਨਾਂ ਦਿਲਪ੍ਰੀਤ ਸਿੰਘ ਅਤੇ ਲਕਸ਼ਿਤ ਸਰੀਨ ਨੇ ਸੰਘ ਲੋਕ ਸੇਵਾ ਕਮਿਸ਼ਨ (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਦੀ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ ਦੇ ਨਾਲ-ਨਾਲ ਜ਼ਿਲ੍ਹੇ ਦਾ ਨਾਂ ਵੀ ਰੌਸ਼ਨ ਕੀਤਾ ਹੈ।
ਯੂਪੀਐਸਈ ਦੀ ਪ੍ਰੀਖਿਆ ਵਿੱਚ 237ਵਾਂ ਰੈਂਕ ਹਾਸਲ ਕਰਨ ਵਾਲੇ ਦਿਲਪ੍ਰੀਤ ਸਿੰਘ, ਜਿਸ ਵੱਲੋਂ ਦੋ ਸਾਲ ਪਹਿਲਾਂ ਪੀਸੀਐਸ ਦੀ ਪ੍ਰੀਖਿਆ ਪਾਸ ਕੀਤੀ ਗਈ ਸੀ ਅਤੇ ਤਹਿਸੀਲਦਾਰ ਵਜੋਂ ਸਿਖਲਾਈ ਲੈ ਰਿਹਾ ਸੀ, ਨੇ ਇਸ ਸਾਲ ਜੂਨ ਵਿੱਚ ਪੀਸੀਐਸ ਵਿੱਚ ਵੀ ਅੱਠਵਾਂ ਸਥਾਨ ਪ੍ਰਾਪਤ ਕੀਤਾ ਸੀ।
ਹੋਰ ਪੜ੍ਹੋ :-ਗਰੀਬ ਪਰਿਵਾਰਾ ਨੂੰ ਮਾਲਿਕਾਨਾ ਹੱਕ ਦੇਣ ਲਈ ਕੀਤੇ ਜਾ ਰਹੇ ਸਰਵੇ : ਵਰਿੰਦਰ ਕੁਮਾਰ ਸ਼ਰਮਾ
ਕਾਲੀਆ ਕਲੋਨੀ ਦੇ ਰਹਿਣ ਵਾਲੇ ਦਿਲਪ੍ਰੀਤ ਵੱਲੋਂ ਆਪਣੀ ਬੀ.ਟੈੱਕ ਮਕੈਨੀਕਲ ਇੰਜੀਨੀਅਰਿੰਗ ਵਿੱਚ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਤੋਂ ਕੀਤੀ ਗਈ ਹੈ। ਉਸਦੇ ਪਿਤਾ ਮਨਮੋਹਨ ਸਿੰਘ, ਪਾਵਰ ਗਰਿੱਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਕਰਮਚਾਰੀ ਹਨ ਅਤੇ ਮਾਤਾ ਜੀ ਲਿਦੜਾਂ ਸਰਕਾਰੀ ਸਕੂਲ ਵਿੱਚ ਹੈਡਮਿਸਟ੍ਰੈਸ ਹਨ ਜਦਕਿ ਭੈਣ ਡਾਕਟਰ ਵਜੋਂ ਸੇਵਾ ਨਿਭਾਅ ਰਹੀ ਹੈ।
ਇਸੇ ਤਰ੍ਹਾਂ ਜਲੰਧਰ ਦੇ ਲਕਸ਼ਿਤ ਸਰੀਨ ਵੱਲੋਂ ਆਪਣੀ ਦੂਜੀ ਕੋਸ਼ਿਸ਼ ਵਿੱਚ ਯੂਪੀਐਸਈ ਪ੍ਰੀਖਿਆ ਵਿੱਚ 667ਵਾਂ ਰੈਂਕ ਹਾਸਲ ਕੀਤਾ ਗਿਆ ਹੈ। ਪਹਿਲੀ ਕੋਸ਼ਿਸ਼ ਵਿੱਚ ਉਹ ਇੰਟਰਵਿਊ ਤੱਕ ਪਹੁੰਚੇ ਸਨ। ਲਕਸ਼ਿਤ, ਜਿਸ ਨੇ ਆਪਣੀ ਬੀ.ਕਾਮ ਆਨਰਜ਼ ਸ਼੍ਰੀ ਰਾਮ ਕਾਲਜ ਆਫ ਕਾਮਰਸ ਤੋਂ ਕੀਤੀ ਹੈ, ਦੇ ਪਿਤਾ ਅਸ਼ੋਰ ਸਰੀਨ ਚਾਰਟਡ ਅਕਾਊਂਟੈਂਟ ਹਨ ਅਤੇ ਮਾਤਾ ਅਜੇ ਸਰੀਨ ਐਚਐਮਵੀ ਕਾਲਜ ਦੀ ਪ੍ਰਿੰਸੀਪਲ ਹਨ।
ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਯੂਪੀਐਸਈ ਪ੍ਰੀਖਿਆ ਪਾਸ ਕਰਨ ‘ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਨਾ ਸਿਰਫ਼ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਸਗੋਂ ਜ਼ਿਲ੍ਹੇ ਦੇ ਨਾਮ ਨੂੰ ਵੀ ਚਾਰ ਚੰਨ੍ਹ ਲਾਏ ਹਨ। ਉਨ੍ਹਾਂ ਦੋਵਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਵੱਲੋਂ ਲਗਾਤਾਰ ਮਿਹਨਤ ਅਤੇ ਲਗਨ ਨਾਲ ਹਾਸਲ ਕੀਤੀ ਗਈ ਇਹ ਪ੍ਰਾਪਤੀ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਹਰੇਕ ਨੌਜਵਾਨ ਨੂੰ ਇਸ ਤੋਂ ਪ੍ਰੇਰਨਾ ਲੈਂਦਿਆਂ ਆਪਣੀ ਜ਼ਿੰਦਗੀ ਵਿੱਚ ਬਿਹਤਰ ਮੁਕਾਮ ਹਾਸਲ ਕਰਨ ਦਾ ਟੀਚਾ ਮਿਥਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਸੀਐਸਈ 2020 ਵਿੱਚ ਚੁਣੇ ਗਏ ਸਿਵਲ ਅਧਿਆਕਾਰੀਆਂ ਨੂੰ ਸੇਵਾ ਅਲਾਟਮੈਂਟ ਹੋਣ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ।