ਨੌਕਰੀ ਮੇਲਾ: 516 ਉਮੀਦਵਾਰਾਂ ਨੂੰ ਵਿਸ਼ਵ ਪ੍ਰਸਿੱਧ ਕੰਪਨੀਆਂ ਵਿੱਚ ਮਿਲੀਆਂ ਨੌਕਰੀਆਂ

ਐਸ.ਏ.ਐਸ ਨਗਰ, 14 ਸਤੰਬਰ 2021

ਪੰਜਾਬ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਘਰ ਘਰ ਰੋਜ਼ਗਾਰ ਮਿਸ਼ਨ’ ਤਹਿਤ, ਵਿਸ਼ਵ ਪ੍ਰਸਿੱਧ ਕੰਪਨੀਆਂ ਨੇ ਅੱਜ ਰਿਆਤ ਬਾਹਰਾ ਯੂਨੀਵਰਸਿਟੀ ਖਰੜ (ਐਸਏਐਸ ਨਗਰ) ਵਿਖੇ ਕਰਵਾਏ ਸੱਤਵੇਂ ਮੈਗਾ ਰੋਜ਼ਗਾਰ ਮੇਲਿਆਂ ਦੇ ਤੀਜੇ ਮੇਲੇ ਵਿੱਚ 516 ਉਮੀਦਵਾਰਾਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ।

ਡਿਪਟੀ ਡਾਇਰੈਕਟਰ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ (ਡੀਬੀਈਈ) ਸ੍ਰੀਮਤੀ ਮੀਨਾਕਸ਼ੀ ਗੋਇਲ ਨੇ ਦੱਸਿਆ ਕਿ ਰਿਲਾਇੰਸ, ਐਚਡੀਐਫਸੀ, ਟਾਟਾ ਏਆਈਜੀ, ਪਿਉਮਾ ਸੋਰਸ, ਕੋਟਕ ਮਹਿੰਦਰਾ, ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ, ਪੁਖਰਾਜ, ਜ਼ਮੈਟੋ, ਐਚਸੀਐਲ ਆਦਿ ਵਰਗੀਆਂ ਪ੍ਰਮੁੱਖ ਕੰਪਨੀਆਂ ਨੇ ਨੌਕਰੀ ਮੇਲੇ ਵਿੱਚ ਹਿੱਸਾ ਲਿਆ ਅਤੇ 516 ਉਮੀਦਵਾਰਾਂ ਨੂੰ ਨੌਕਰੀਆਂ ਮੁਹੱਈਆ ਕੀਤੀਆਂ, ਜਦੋਂ ਕਿ 41 ਉਮੀਦਵਾਰਾਂ ਨੂੰ ਹੁਨਰ ਸਿਖਲਾਈ ਲਈ ਚੁਣਿਆ ਗਿਆ ਹੈ, 52 ਸਵੈ-ਰੁਜ਼ਗਾਰ ਲਈ ਚੁਣੇ ਗਏ। ਉਨ੍ਹਾਂ ਦੱਸਿਆ ਕਿ ਰਿਆਤ ਅਤੇ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂ ਕਿ ਪ੍ਰੋ. ਬੀ.ਐਸ. ਸਤਿਆਲ ਰਜਿਸਟਰਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਮੇਲੇ ਵਿੱਚ ਭਾਗ ਲਿਆ। ਸ੍ਰੀਮਤੀ ਗੋਇਲ ਨੇ ਅੱਗੇ ਦੱਸਿਆ ਕਿ ਤੀਜੇ ਨੌਕਰੀ ਮੇਲੇ ਵਿੱਚ 750 ਤੋਂ ਵੱਧ ਉਮੀਦਵਾਰਾਂ ਨੇ ਭਾਗ ਲਿਆ।

ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਰੋਜ਼ਗਾਰ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਆਰਥਿਕ ਸੁਤੰਤਰਤਾ ‘ਤੇ ਮਾਣ ਮਹਿਸੂਸ ਕਰਨ। ਮੌਜੂਦਾ ਨੌਕਰੀ ਮੇਲੇ ਦੀ ਸਫਲਤਾ ਲਈ ਸ਼੍ਰੀ ਅਮਿਤ ਸਿੰਘ ਡਾਇਰੈਕਟਰ ਕਾਰਪੋਰੇਟ ਸੰਪਰਕ, ਰਿਆਤ ਬਾਹਰਾ ਯੂਨੀਵਰਸਿਟੀ ਖਰੜ ਨੇ ਵਿਦਿਆਰਥੀਆਂ/ਉਮੀਦਵਾਰਾਂ ਦੀ ਲਾਮਬੰਦੀ ਅਤੇ ਪ੍ਰਬੰਧਾਂ ਵਿੱਚ ਸਹਿਯੋਗ ਦਿੱਤਾ। ਗਾਰਡੀਅਨਜ਼ ਆਫ ਗਵਰਨੈਂਸ (ਜੀ.ਓ.ਜੀਜ਼) ਅਤੇ ਵੀਐਲਈਜ਼ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਸਮਾਗਮ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਸਵੈ-ਰੋਜ਼ਗਾਰ ਨਾਲ ਸਬੰਧਤ ਵੱਖ-ਵੱਖ ਸਕੀਮਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਉਮੀਦਵਾਰਾਂ ਨੂੰ ਵੱਖ -ਵੱਖ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਸਾਹਿਤ ਅਤੇ ਬਰੋਸ਼ਰ ਵੀ ਮੁਹੱਈਆ ਕਰਵਾਏ ਗਏ। ਮੇਲੇ ਦੌਰਾਨ ਡੀਬੀਈਈ ਦੇ ਡਿਪਟੀ ਸੀਈਓ ਮਨਜੇਸ਼ ਸ਼ਰਮਾ ਅਤੇ ਰੋਜ਼ਗਾਰ ਅਫਸਰ ਹਰਪ੍ਰੀਤ ਸਿੱਧੂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

 

Spread the love