ਲੱਖਾਂ ਬੇਰੋਜ਼ਗਾਰ ਨੌਜਵਾਨਾਂ ਨਾਲ ਧੋਖ਼ਾ ਹੈ ਮੰਤਰੀ ਕਾਂਗੜ ਦੇ ਜਵਾਈ ਨੂੰ ਦਿੱਤਾ ਨੌਕਰੀ ਦਾ ਤੋਹਫ਼ਾ: ਪ੍ਰੋ. ਬਲਜਿੰਦਰ ਕੌਰ

BALJINDER KAUR
ਮੋਦੀ ਸਰਕਾਰ ਵੱਲੋਂ ਟੋਲ ਟੈਕਸ ’ਚ 10 ਤੋਂ 18 ਫ਼ੀਸਦੀ ਕੀਤਾ ਵਾਧਾ ਜਨ- ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ: ਪ੍ਰੋ. ਬਲਜਿੰਦਰ ਕੌਰ
ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਦੇ ਬੱਚਿਆਂ ਤੱਕ ਹੀ ਸੀਮਤ ਹੋਇਆ ਘਰ- ਘਰ ਨੌਕਰੀ ਦਾ ਮਿਸ਼ਨ: ਪ੍ਰਿੰਸੀਪਲ ਬੁੱਧਰਾਮ
ਲੰਮੇ ਸਮੇਂ ਤੋਂ ਇੰਤਜ਼ਾਰ ਕਰਨ ਵਾਲੇ ਆਸ਼ਰਿਤ ਬੱਚਿਆਂ ਨੂੰ ਪਹਿਲ ਦੇ ਆਧਾਰ ‘ਤੇ ਨੌਕਰੀਆਂ ਦੇਵੇ ਸਰਕਾਰ: ਰੁਪਿੰਦਰ ਕੌਰ ਰੂਬੀ

ਬਠਿੰਡਾ,  18 ਸਤੰਬਰ 2021

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸ ਸਰਕਾਰ ਵੱਲੋਂ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਕਰੋੜਪਤੀ ਜਵਾਈ ਨੂੰ ਵਿਸ਼ੇਸ਼ ਤਰਸ ਦੇ ਆਧਾਰ ‘ਤੇ ਅਕਸਾਈਜ਼ ਇੰਸਪੈਕਟਰ ਦੀ ਨੌਕਰੀ ਦੇਣ ਨੂੰ ਪੰਜਾਬ ਦੇ ਲੱਖਾਂ ਬੇਰੋਜ਼ਗਾਰ ਨੌਜਵਾਨਾਂ ਨਾਲ ਧੋਖ਼ਾ ਕਰਾਰ ਦਿੱਤਾ ਹੈ।

ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ‘ਆਪ’ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਨੂੰ ਨਿਯਮ, ਕਾਨੂੰਨ ਅਤੇ ਸ਼ਰਤਾਂ ਨੂੰ ਦਰਕਿਨਾਰ ਕਰਕੇ ਵਿਸ਼ੇਸ਼ ਤਰਸ ਦੇ ਆਧਰ ‘ਤੇ ਨੌਕਰੀ ਦੇਣਾ ਬੇਸ਼ਰਮੀ ਦੀ ਹੱਦ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਲੱਖਾਂ ਬੇਰੁਜੋਗਾਰ ਨੌਜਵਾਨਾਂ ਨਾਲ ਧੋਖ਼ਾ ਹੈ।

ਹੋਰ ਪੜ੍ਹੋ :-ਅਕਾਲੀ ਦਲ ਦੇ ਮੁਖੌਟੇ ‘ਚ ਭਾਜਪਾ ਦੇ ਨਵੇਂ ਰੂਪ ਤੋਂ ਸਾਵਧਾਨ ਰਹਿਣਾ ਜ਼ਰੂਰੀ : ਪ੍ਰੋ. ਬਲਜਿੰਦਰ ਕੌਰ

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਵਿਸ਼ੇਸ਼ ਤਰਸ ਦੇ ਆਧਾਰ ‘ਤੇ ਨੌਕਰੀ ਦੇਣ ਦੇ ਜਿਹੜੇ ਮਾਪਦੰਡ ਤੈਅ ਕੀਤੇ ਗਏ ਹਨ, ਜੇਕਰ ਉਸ ਆਧਾਰ ‘ਤੇ ਕੋਈ ਨੌਕਰੀ ਪ੍ਰਾਪਤ ਕਰਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਜੇ ਅਮੀਰ ਕਰੋੜਪਤੀ ਪਰਿਵਾਰ ਦਾ ਵਿਅਕਤੀ ਵਿਸ਼ੇਸ਼ ਤਰਸ ਦੇ ਆਧਾਰ ‘ਤੇ ਨੌਕਰੀ ਲੈ ਕੇ ਜ਼ਰੂਰਤਮੰਦ ਆਮ ਨੌਜਵਾਨਾਂ ਦਾ ਹੱਕ ਮਾਰਦਾ ਤਾਂ ਇਸ ਤੋਂ ਸ਼ਰਮਨਾਕ ਕੁੱਝ ਨਹੀਂ ਹੋ ਸਕਦਾ।

ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਦਾ ਘਰ ਘਰ ਨੌਕਰੀ ਦੇਣ ਦਾ ਮਿਸ਼ਨ ਮਹਿਜ਼ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦੇ ਬੱਚਿਆਂ ਤੱਕ ਹੀ ਸੀਮਤ ਹੋ ਗਿਆ ਹੈ। ਉਨ੍ਹਾਂ ਕਿਹਾ ਜਿਹੜੀ ਕਾਂਗਰਸ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ‘ਤੇ ਕਾਬਜ ਹੋਈ ਸੀ। ਲੇਕਿਨ ਜਿਹੜੀਆਂ ਚਾਰ ਨੌਕਰੀਆਂ ਦਿੱਤੀਆਂ ਗਈਆਂ ਉਨਾਂ ਵਿੱਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ, ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਦੇ ਬੇਟੇ, ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਦੇ ਬੇਟੇ (ਬਾਜਵਾ ਪਰਿਵਾਰ ਨੇ ਲੋਕ ਵਿਰੋਧ ਤੋਂ ਬਾਅਦ ਇਹ ਨੌਕਰੀ ਲੈਣ ਤੋਂ ਮਨਾ ਕਰ ਦਿੱਤਾ ਸੀ) ਅਤੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਕਰੋੜਪਤੀ ਜਵਾਈ ਗੁਰਸ਼ੇਰ ਸਿੰਘ ਦੀ ਨੌਕਰੀ ਸ਼ਾਮਲ ਹੈ।

ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਸਰਕਾਰ ਲੰਮੇ ਸਮੇਂ ਤੋਂ ਇੰਤਜ਼ਾਰ ਕਰਨ ਵਾਲੇ ਆਸ਼ਰਿਤ ਬੱਚਿਆਂ ਨੂੰ ਪਹਿਲ ਦੇ ਆਧਾਰ ‘ਤੇ ਨੌਕਰੀ ਦੇਵੇ। ਉਨ੍ਹਾਂ ਕਿਹਾ ਕਿ ਹੁਣ ਵੀ ਪੰਜਾਬ ਦੇ ਹਰੇਕ ਸਰਕਾਰੀ ਵਿਭਾਗ, ਬੋਰਡ, ਅਤੇ ਨਿਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਸਾਰੀਆਂ ਅਰਜੀਆਂ ਧੂੜ ਚੱਖ ਰਹੀਆਂ ਹਨ, ਜਿਨਾਂ ਵਿੱਚ ਯੋਗ ਆਸ਼ਰਿਤ ਬੱਚਿਆਂ ਨੇ ਤਰਸ ਦੇ ਆਧਾਰ ‘ਤੇ ਨੌਕਰੀਆਂ ਦੀ ਮੰਗ ਕੀਤੀ ਸੀ। ਇਨਾਂ ਵਿੱਚੋਂ ਜ਼ਿਆਦਾਤਰ ਬੀਤੇ ਕਰੀਬ 15- 20 ਸਾਲਾਂ ਤੋਂ ਫਾਇਲਾਂ ਵਿੱਚ ਬੰਦ ਪਈਆਂ ਹਨ, ਪਰ ਉਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ।

ਆਪ ਦੇ ਵਿਧਾਇਕਾਂ ਨੇ ਕਿਹਾ ਕਿ ਇੱਕ ਪਾਸੇ ਸੱਤਾਧਾਰੀ ਕਾਂਗਰਸ ਦੇ ਵਿਧਾਇਕ ਅਤੇ ਵਜ਼ੀਰ ਆਪੋ ਆਪਣੇ ਬੇਟੇ, ਬੇਟੀਆਂ ਅਤੇ ਜਵਾਈਆਂ ਨੂੰ ਮੈਰਿਟ ਤੋੜ ਕੇ ਨੌਕਰੀ ਦੇਣ ਵਿੱਚ ਲੱਗੇ ਹੋਏ ਹਨ, ਉਥੇ ਹੀ ਦੂਜੇ ਪਾਸੇ ਪੰਜਾਬ ਦੇ ਲੱਖਾਂ ਯੋਗ ਨੌਜਵਾਨ ਨੌਕਰੀਆਂ ਲਈ ਰੋਸ ਪ੍ਰਦਰਸ਼ਨ ਕਰਨ ਨੂੰ ਮਜ਼ਬੂਰ ਹਨ। ਉਹ ਸਾਰੇ ਜਾਨ ਜ਼ੋਖ਼ਿਮ ਵਿੱਚ ਪਾ ਕੇ ਟਵਾਰਾਂ, ਟੈਂਕੀਆਂ ‘ਤੇ ਚੱੜ੍ਹ ਕੇ ਅਤੇ ਨਹਿਰਾਂ ਵਿੱਚ ਛਾਲਾ ਮਾਰ ਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਬੇਰੋਜ਼ਗਾਰ ਨੌਜਵਾਨ ਸਰਕਾਰ ਦੇ ਏਜੰਡੇ ‘ਤੇ ਹੀ ਨਹੀਂ ਹਨ। ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਹੁਣ ਤੱਕ ਨਾ ਹੀ ਘਰ ਘਰ ਨੌਕਰੀ ਦਿੱਤੀ ਗਈ ਹੈ ਅਤੇ ਨਾ ਹੀ ਬੇਰੋਜ਼ਗਾਰਾਂ ਨੂੰ 2500 ਰੁਪਏ ਮਾਸਿਕ ਭੱਤਾ ਦਿੱਤਾ ਗਿਆ ਹੈ। ਸਪੱਸ਼ਟ ਹੈ ਕਿ ਲੋਕ ਚੋਣਾ ਮੌਕੇ ਇਸ ਦਾ ਹਿਸਾਬ ਜ਼ਰੂਰ ਮੰਗਣਗੇ ਅਤੇ ਧੋਖ਼ਾ ਦੇਣ ਦਾ ਸਬਕ ਜ਼ਰੂਰ ਸਿਖਾਉਣਗੇ।

Spread the love