ਕਾਂਗਰਸ ਨੂੰ ਝਟਕਾ ਦਿੰਦਿਆਂ ਸਾਬਕਾ ਕੌਸਲ ਪ੍ਰਧਾਨ ਸਾਥੀ ਕੌਸਲਰਾਂ ਸਮੇਤ ਹੋਏ ‘ਆਪ’ ‘ਚ ਸ਼ਾਮਲ

ਚੰਡੀਗੜ, 4 ਅਗਸਤ 2021
ਸੱਤਾਧਾਰੀ ਕਾਂਗਰਸ ਪਾਰਟੀ ਨੂੰ ਦੁਆਬੇ ਵਿੱਚ ਕਰਾਰਾ ਝਟਕਾ ਦਿੰਦਿਆਂ ਨਵਾਂ ਸ਼ਹਿਰ ਨਗਰ ਕੌਸਲ ਦੇ ਪ੍ਰਧਾਨ ਰਹੇ ਲਲਿਤ ਮੋਹਨ ਪਾਠਕ ਆਪਣੇ ਕੌਸਲਰ ਸਾਥੀਆਂ ਨਾਲ ਆਮ ਆਦਮੀ (ਆਪ) ਪਾਰਟੀ ਵਿੱਚ ਸ਼ਾਮਲ ਹੋ ਗਏ। ਬੁੱਧਵਾਰ ਨੂੰ ਪਾਰਟੀ ਦਫ਼ਤਰ ਵਿਖੇ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ, ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਾਂਗਰਸ ਛੱਡ ਕੇ ‘ਆਪ’ ‘ਚ ਸ਼ਾਮਲ ਹੋਏ ਇਹਨਾਂ ਆਗੂਆਂ ਦਾ ਸਵਾਗਤ ਕੀਤਾ।
ਲਲਿਤ ਮੋਹਨ ਪਾਠਕ ਅਤੇ ਹੋਰਨਾਂ ਆਗੂਆਂ ਦਾ ਸਵਾਗਤ ਕਰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ‘ਦਿੱਲੀ ਮਾਡਲ’ ਕਿਸੇ ਸਰਕਾਰ ਦੇ ਖ਼ਜ਼ਾਨੇ ਨੂੰ ਲੁੱਟਣ ਤੋਂ ਰੋਕਣ ਦਾ ਨਾਂਅ ਹੈ ਅਤੇ ਇਹ ਮਾਡਲ ਪੰਜਾਬ ਦੇ ਖ਼ਜ਼ਾਨੇ ਨੂੰ ਮੁੱੜ ਤੋਂ ਭਰ ਦੇਵੇਗਾ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਪ ਵਿੱਚ ਸ਼ਾਮਲ ਹੋ ਰਹੇ ਹਨ, ਤਾਂ ਜੋ ਅਗਲੇ ਸਾਲ ਤੋਂ ਪੰਜਾਬ ਦੇ ਲੋਕਾਂ ਨੂੰ ਵੀ ਦਿੱਲੀ ਵਾਲੀਆਂ ਸਹੂਲਤਾਂ ਮਿਲ ਜਾਣ। ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਨਵਾਂ ਸ਼ਹਿਰ ਨਗਰ ਕੌਸਲ ਦੇ ਦੋ ਵਾਰ ਪ੍ਰਧਾਨ ਰਹੇ ਅਤੇ ਮੌਜੂਦਾ ਕੌਸਲਰ ਲਲਿਤ ਮੋਹਨ ਪਾਠਕ ਅਤੇ ਉਨਾਂ ਦੇ ਸਾਥੀ ਕੌਸਲਰ ਵਿਨੋਦ ਕੁਮਾਰ ਪਿੰਕਾ, ਬਲਵਿੰਦਰ ਕੁਮਾਰ, ਸਾਬਕਾ ਪੁਲੀਸ ਅਧਿਕਾਰੀ ਤੇ ਕੌਸਲਰ ਮੋਹਿੰਦਰ ਸਿੰਘ ਅਤੇ ਲਖਵਿੰਦਰ ਲੱਧੜ ਲੱਕੀ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਹਨ।

Spread the love