*ਬਰਨਾਲਾ ਤੋਂ ਵਰਚੂਅਲ ਸਮਾਗਮ ’ਚ ਸ਼ਾਮਲ ਹੋਏ ਕੇਵਲ ਸਿੰਘ ਢਿੱਲੋਂ ਅਤੇ ਡਿਪਟੀ ਕਮਿਸ਼ਨਰ
ਕਿਹਾ, 127 ਕਰੋੜ ਰੁਪਏ ਨਾਲ ਕਰਾਏ ਜਾ ਰਹੇ ਹਨ ਜ਼ਿਲ੍ਹਾ ਬਰਨਾਲਾ ਦੇ ਵਿਕਾਸ ਕਾਰਜ
* 17 ਕਰੋੜ ਦੀ ਸੱਜਰੀ ਰਾਸ਼ੀ ਨਾਲ ਹੋਰ ਨਿੱਖਰੇਗੀ ਸ਼ਹਿਰੀ ਖੇਤਰਾਂ ਦੀ ਨੁਹਾਰ
ਬਰਨਾਲਾ, 24 ਅਕਤੂਬਰ
ਸੂਬੇ ਵਿੱਚ 11 ਹਜ਼ਾਰ ਕਰੋੜ ਦੇ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਨਾਲ ਅਸੀਂ ਸ਼ਹਿਰਾਂ ਨੂੰ ਵਧੇਰੇ ਰਹਿਣਯੋਗ ਅਤੇ ਚਿਰ-ਸਥਾਈ ਬਣਾਉਣ ਲਈ ਪੁਲਾਂਘ ਪੁੱਟੀ ਹੈ। ਪਹਿਲੇ ਪੜਾਅ ਅਧੀਨ 3013 ਕਰੋੜ ਦੇ ਕੰਮ ਕਰਵਾਏ ਜਾ ਚੁੱਕੇ ਹਨ ਅਤੇ ਦੂਜੇ ਪੜਾਅ ਅਧੀਨ 8283 ਕਰੋੜ ਦੇ ਕਾਰਜ ਸ਼ਹਿਰਾਂ ਵਿਚ ਵਿੱਢੇ ਜਾ ਰਹੇ ਹਨ। ਇਹ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਗੇੜ ਦੀ ਸ਼ੁਰੂਆਤ ਮੌਕੇ ਵਰਚੂਅਲ ਸਮਾਗਮ ਮੌਕੇ ਕੀਤਾ ਗਿਆ।
ਇਸ ਮੌਕੇ ਬਰਨਾਲਾ ਵਿਖੇ ਵਰਚੂੂਅਲ ਸਮਾਗਮ ਵਿੱਚ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸ. ਕੇਵਲ ਸਿੰਘ ਢਿੱਲੋਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਸ਼ਾਮਲ ਹੋਏ। ਇਸ ਮੌਕੇ ਸ. ਢਿੱਲੋਂ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ 127 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਾਏ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਇਸ ਵਿਚ ਦੂਜੇ ਪੜਾਅ ਅਧੀਨ ਬਰਨਾਲਾ ਜ਼ਿਲ੍ਹੇ ਦੇ ਸ਼ਹਿਰਾਂ ਲਈ ਜਾਰੀ 17 ਕਰੋੜ ਦੀ ਰਾਸ਼ੀ ਵੀ ਸ਼ਾਮਲ ਹੈ, ਜਿਸ ਨਾਲ ਸ਼ਹਿਰੀ ਖੇਤਰਾਂ ਵਿਚ ਵਿਕਾਸ ਕਾਰਜ ਕਰਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਰਫੋਂ ਪ੍ਰਾਪਤ ਕਰੋੜਾਂ ਦੇ ਫੰਡਾਂ ਦੇ ਵਿਕਾਸ ਕਾਰਜਾਂ ਨਾਲ ਜ਼ਿਲ੍ਹੇ ਦੇ ਸ਼ਹਿਰਾਂ ਦਾ ਮੁਹਾਂਦਰਾ ਬਦਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਬਰਨਾਲਾ ਵਾਸੀਆਂ ਦੀ ਚਿਰੋਕਣ ਮੰਗ ਪੂਰੀ ਕਰਦਿਆਂ 92.45 ਕਰੋੜ ਦਾ ਸੀਵਰੇਜ ਟਰੀਟਮੈਂਟ ਪ੍ਰਾਜੈਕਟ ਲਿਆਂਦਾ ਗਿਆ ਹੈ, ਉਥੇ ਸ਼ਹਿਰਾਂ ਵਿਚ ਸੀਵਰੇਜ, ਪਾਣੀ ਦੀ ਸਪਲਾਈ, ਸੜਕੀ ਮੁਰੰਮਤ ਅਤੇ ਪੱਕੀਆਂ ਗਲੀਆਂ ਨਾਲੀਆਂ ਨਾਲ ਜ਼ਿਲ੍ਹੇ ਦੇ ਸ਼ਹਿਰੀ ਇਲਾਕਿਆਂ ਦੀ ਨੁਹਾਰ ਬਦਲੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਗੇੜ-2 ਅਧੀਨ 17 ਕਰੋੜ ਦੀ ਜਾਰੀ ਰਾਸ਼ੀ ਨਾਲ ਸ਼ਹਿਰਾਂ ’ਚ 68 ਵਿਕਾਸ ਕਾਰਜ ਕਰਾਏ ਜਾਣੇ ਹਨ। ਜ਼ਿਲ੍ਹਾ ਬਰਨਾਲਾ ਵਿੱਚ ਵਿਕਾਸ ਦੇ ਕੰਮਾਂ ਲਈ ਬਰਨਾਲਾ ਸ਼ਹਿਰ ਲਈ 8 ਕਰੋੜ, ਧਨੌਲਾ ਲਈ 3 ਕਰੋੜ, ਤਪਾ 2 ਕਰੋੜ, ਹੰਡਿਆਇਆ 2 ਕਰੋੜ ਅਤੇ ਭਦੌੜ ਲਈ 2 ਕਰੋੜ ਰੁਪਏ ਕੁੱਲ 17 ਕਰੋੜ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ।
ਇਨ੍ਹਾਂ ਵਿਚੋਂ ਸ਼ਕਤੀ ਨਗਰ ਕੁਝ ਗਲੀਆਂ, ਵਾਲਮੀਕਿ ਕਲੋਨੀ ਵਾਰਡ ਨੰਬਰ 23 ਅਤੇ 29 ਬਰਨਾਲਾ ਵਿੱਚ ਇੰਟਰਲਾਕਿੰਗ ਟਾਇਲਾਂ, ਗਲੀ ਨੰਬਰ 6 ਤੇ 7 ਅਤੇ ਨਾਲ ਦੀਆਂ ਗਲੀਆਂ ਵਾਰਡ ਨੰਬਰ 24 ਵਿੱਚ 60 ਐਮ.ਐਮ. ਇੰਟਰਲਾਕਿੰਗ ਟਾਈਲ ਲਗਾਉਣ ਦਾ ਕੰਮ, ਜੁੱਤੀਆਂ ਵਾਲੇ ਮੋਰਚੇ ਰਾਮਗੜ੍ਹੀਆ ਰੋਡ ਵਾਰਡ ਨੰਬਰ 10, 12 ਅਤੇ 14 ਵਿੱਚ ਇੰਟਰਲਾਕਿੰਗ ਟਾਈਲਾਂ ਦੇ ਫਰਸ਼ ਦੀ ਉਸਾਰੀ ਦਾ ਕੰਮ, ਰਾਏਕੋਟ ਰੋਡ ਤੋਂ ਘੜੂੰਆਂ ਚੌਂਕ ਤੱਕ ਰਾਮਗੜੀਆ ਚੌਂਕ ਤੇ ਵਾਰਡ ਨੰਬਰ 3, 4 ਅਤੇ 5 ਵਿੱਚ ਪੀ.ਸੀ. ਪਾਉਣ ਦਾ ਕੰਮ, ਗਰਚਾ ਰੋਡ ਤੋਂ ਹੰਡਿਆਇਆ ਰੋਡ ਤੱਕ ਵਾਰਡ ਨੰਬਰ 27 ਅਤੇ 28 ਵਿੱਚ ਪੀ.ਸੀ.ਪਾਉਣ ਦਾ ਕੰਮ, ਧਨੌਲਾ ਰੋਡ ਤੋਂ ਨਵੂ ਹੈਲਥ ਕਲੱਬ ਤੱਕ (ਗਿੱਲ ਕਲੋਨੀ ਅਤੇ ਲੱਖੀ ਕਲੋਨੀ ਰਾਹੀਂ ਹੁੰਦੇ ਹੋਏ ਕੋਰਟ ਤੱਕ ਅਤੇ ਲੱਖੀ ਕਲੋਨੀ ਗਲੀ ਨੰਬਰ 1 ਤੱਕ) ਅਤੇ ਕਿੰਨੂ ਵਾਲੇ ਬਾਗ ਤੋਂ ਜਤਿੰਦਰ ਵਕੀਲ ਦੇ ਘਰ ਤੱਕ ਵਾਰਡ ਨੰਬਰ 20, 21 ਅਤੇ 26 ਵਿੱਚ ਪੀ.ਸੀ.ਪਾਉਣ ਦਾ ਕੰਮ, ਵਾਰਡ ਨੰਬਰ 5 ਹੰਡਿਆਇਆ ਵਿਖੇ ਨਾਲੀਆਂ ਅਤੇ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ, ਅਨਾਜ ਮੰਡੀ ਰੋਡ ਤੋਂ ਬੱਸ ਸਟੈਂਡ ਬਰਨਾਲਾ ਤੱਕ ਵਾਰਡ ਨੰਬਰ 8 ਵਿੱਚ ਪ੍ਰੀਮਿਕਸ ਦਾ ਕੰਮ, ਵਾਰਡ ਨੰਬਰ 6 ਧਨੌਲਾ ਵਿਖੇ ਮਾਖੀ ਤੋਂ ਜਗਦੰਬੇ ਦੇ ਘਰ ਤੱਕ ਸੀਵਰ ਅਤੇ ਇੰਟਰਲਾਕ ਟਾਇਲਾਂ ਦਾ ਕੰਮ, ਧਨੌਲਾ ਖੁਰਦ ਨੇੜੇ ਵਾਰਡ ਨੰਬਰ 3 ਅਤੇ 5 ਵਿੱਚ ਨਾਲੀਆਂ ਅਤੇ ਇੰਟਰਲਾਕ ਟਾਇਲਾਂ ਸਣੇ 68 ਕੰਮ ਸ਼ਾਮਲ ਹੈ।
ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਤੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਅਗਵਾਈ ਹੇਠ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਵਿਕਾਸ ਕਾਰਜ ਅਤੇ ਜ਼ਿਲ੍ਹਾ ਵਾਸੀਆਂ ਨੂੰ ਅਤਿ-ਆਧੁਨਿਕ ਸਹੂਲਤਾਂ ਪਾਰਦਰਸ਼ਤਾ ਨਾਲ ਮੁਹੱਈਆ ਕਰਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਲੱਗ ਡਿਵੈਲਮੈਂਟ ਪ੍ਰਾਜੈਕਟ ਅਧੀਨ ਨਗਰ ਕੌਂਸਲ ਬਰਨਾਲਾ ਵੱਲੋਂ ਸਰਵੇਖਣ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਰਾਹੀਂ ਝੁੱਗੀਆਂ-ਝੌਂਪੜੀਆਂ ਵਾਲੇ ਯੋਗ ਪਰਿਵਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣਗੇ।
ਅੱਜ ਜ਼ਿਲ੍ਹੇ ਦੀਆਂ ਵੱਖ ਵੱਖ ਸ਼ਹਿਰੀ ਸਥਾਨਕ ਇਕਾਈਆਂ ਵਿਚ ਵਰਚੂਅਲ ਸਮਾਗਮ ਉਲੀਕੇ ਗਏ, ਜਿਸ ਵਿੱਚ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਮੱਖਣ ਸ਼ਰਮਾ, ਕਾਰਜਸਾਧਕ ਅਫਸਰ ਬਰਨਾਲਾ ਮਨਪ੍ਰੀਤ ਸਿੰਘ ਸਿੱਧੂ, ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਸ੍ਰੀ ਅਸ਼ੋਕ ਮਿੱਤਲ, ਦੀਪ ਸੰਘੇੜਾ, ਗੁਰਜਿੰਦਰ ਸਿੰਘ ਪੱਪੀ, ਪਲਵਿੰਦਰ ਸਿੰਘ ਗੋਗਾ, ਹੈਪੀ ਢਿੱਲੋਂ, ਰਾਜੀਵ ਲੂਬੀ, ਕੁਲਦੀਪ ਸਿੰਘ, ਹਰਦੀਪ ਸਿੰਘ ਜਾਗਲ ਤੇ ਹੋਰ ਸਖ਼ਸ਼ੀਅਤਾਂ ਅਤੇੇ ਇਲਾਕਾ ਵਾਸੀ ਹਾਜ਼ਰ ਸਨ।