ਪੰਜਾਬ ਦੀ ਧਰਤੀ ਨੂੰ ਹੋਰ ਜ਼ਰਖੇਜ਼ ਬਣਾਵੇਗਾ ਖੇਡ ਸੱਭਿਆਚਾਰ: ਮੀਤ ਹੇਅਰ
–ਖੇਡ ਮੰਤਰੀ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੂਬਾ ਪੱਧਰੀ ਮੁਕਾਬਲਿਆਂ ਦਾ ਆਗਾਜ਼
ਬਰਨਾਲਾ, 15 ਅਕਤੂਬਰ:
ਪੰਜਾਬ ‘ਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸੂਬਾ ਪੱਧਰੀ ਬਾਸਕਿਟ ਬਾਲ, ਟੇਬਲ ਟੈਨਿਸ ਤੇ ਨੈੱਟਬਾਲ ਦੇ ਮੁਕਾਬਲਿਆਂ ਦਾ ਆਗਾਜ਼ ਅੱਜ ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਇੱਥੇ ਐੱਸ. ਡੀ. ਕਾਲਜ ਬਰਨਾਲਾ ਵਿਖੇ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨਾਲ ਪੈਦਾ ਹੋਇਆ ਖੇਡ ਸੱਭਿਆਚਾਰ ਪੰਜਾਬ ਦੀ ਧਰਤੀ ਨੂੰ ਬੂਰ ਜ਼ਰਖੇਜ਼ ਬਣਾਵੇਗਾ। ਉਨ੍ਹਾਂ ਦੱਸਿਆ ਕਿ ਬਲਾਕ ਅਤੇ ਜ਼ਿਲ੍ਹਾ ਪੱਧਰ ਤੋਂ ਬਾਅਦ ਸੂਬਾ ਪੱਧਰ ‘ਤੇ ਕਰਵਾਈਆਂ ਜਾ ਰਹੀਆਂ ਖੇਡਾਂ ‘ਚ ਲਗਪਗ 3 ਲੱਖ ਖਿਡਾਰੀ ਭਾਗ ਲੈ ਰਹੇ ਹਨ। ਪੰਜਾਬ ਦੇ ਸਾਰੇ 350 ਬਲਾਕਾਂ ਦੇ 12500 ਪਿੰਡਾਂ ‘ਚੋਂ ਖਿਡਾਰੀ ਖੇਡਾਂ ਵਿਚ ਹਿੱਸਾ ਲੈ ਰਹੇ ਹਨ। ਕੁੱਲ 8000 ਖਿਡਾਰੀ ਸੂਬਾ ਪੱਧਰ ਉੱਤੇ ਪੁਜ਼ੀਸ਼ਨਾਂ ਹਾਸਲ ਕਰਕੇ ਰੁਪਏ 6 ਕਰੋੜ ਦੇ ਇਨਾਮਾਂ ਦੇ ਹੱਕਦਾਰ ਹੋਣਗੇ।
ਇਸ ਸਮਾਗਮ ਮੌਕੇ ਬੋਲਦਿਆਂ ਮੰਤਰੀ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਮੁੜ ਖੇਡਾਂ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਗਿਆ ਹੈ ਤੇ ਇਨ੍ਹਾਂ ਖੇਡਾਂ ਨੂੰ ਪੂਰੇ ਸੂਬੇ ਭਰ ‘ਚੋਂ ਬਹੁਤ ਚੰਗਾ ਹੁਲਾਰਾ ਮਿਲਿਆ ਹੈ ਅਤੇ ਹਰ ਵਰਗ ਦੇ ਖਿਡਾਰੀ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ।
ਸ੍ਰੀ ਮੀਤ ਹੇਅਰ ਨੇ ਦੱਸਿਆ ਕਿ ਬਰਨਾਲਾ ਵਿਖੇ ਕਰਵਾਈ ਜਾ ਰਹੀਆਂ ਸੂਬਾ ਪੱਧਰੀ ਖੇਡਾਂ ‘ਚ ਅੰਡਰ 14, 17, 21 ਅਤੇ 21-40 ਉਮਰ ਵਰਗ ਦੇ ਖਿਡਾਰੀ ਭਾਗ ਲੈ ਰਹੇ ਹਨ ਹਨ। 14-14 ਟੀਮਾਂ ਅੰਡਰ 14 ਅਤੇ 17 ਵਰਗ ‘ਚ ਭਾਗ ਲੈ ਰਹੀਆਂ ਹਨ, ਜਦਕਿ 12 ਟੀਮਾਂ ਅੰਡਰ 21 ਉਮਰ ਵਰਗ ਅਤੇ 8 ਟੀਮਾਂ 21 ਤੋਂ 40 ਉਮਰ ਵਰਗ ‘ਚ ਭਾਗ ਲੈ ਰਹੀਆਂ ਹਨ।
ਸਮਾਗਮ ਦੀ ਸ਼ੁਰੂਆਤ ਖੇਡ ਮੰਤਰੀ ਨੇ ਖੇਡ ਵਿਭਾਗ ਦਾ ਝੰਡਾ ਲਹਿਰਾ ਕੇ ਕੀਤੀ, ਜਿਸ ਮਗਰੋਂ ਐਸ ਡੀ ਕਾਲਜ ਬਰਨਾਲਾ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਅਤੇ ਗਿੱਧੇ ਦੀ ਟੀਮ ਨੇ ਪੇਸ਼ਕਾਰੀਆਂ ਦਿੱਤੀਆਂ।
ਇਸ ਮੌਕੇ ਬੋਲਦਿਆਂ ਵਿਧਾਇਕ ਮਹਿਲ ਕਲਾਂ ਸ. ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨੇ ਖੇਡਾਂ ਨੂੰ ਮੁੜ ਉਤਸ਼ਾਹਿਤ ਕੀਤਾ ਹੈ ਅਤੇ ਵੱਡੀ ਗਿਣਤੀ ਵਿੱਚ ਖਿਡਾਰੀ ਇਸ ਵਿਚ ਹਿੱਸਾ ਲੈ ਰਹੇ ਨੇ। ਵਿਧਾਇਕ ਭਦੌੜ ਸ. ਲਾਭ ਸਿੰਘ ਉਗੋਕੇ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਇਤਿਹਾਸਕ ਹੋ ਨਿਬੜਨਗੀਆਂ।
ਇਸ ਮੌਕੇ ਬਰਨਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਦਾ ਨੈੱਟਬਾਲ ਦਾ ਪ੍ਰਦਰਸ਼ਨੀ ਮੈਚ ਕਰਵਾਇਆ ਗਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਉਪ ਮੰਡਲ ਮੈਜਿਸਟਰੇਟ ਬਰਨਾਲਾ ਗੋਪਾਲ ਸਿੰਘ, ਪੀਜੀਓ ਸੁਖਪਾਲ ਸਿੰਘ, ਜ਼ਿਲ੍ਹਾ ਖੇਡ ਅਫਸਰ ਬਰਨਾਲਾ ਜਸਪ੍ਰੀਤ ਸਿੰਘ, ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੇ. ਐਨ. ਸ਼ਰਮਾ ਅਤੇ ਵਿੱਤ ਸਕੱਤਰ ਮੁਕੰਦ ਲਾਲ ਬਾਂਸਲ, ਪ੍ਰਿੰਸੀਪਲ ਐੱਸ. ਡੀ. ਕਾਲਜ ਰਮਾ ਸ਼ਰਮਾ, ਪ੍ਰਿੰਸੀਪਲ ਐੱਸ. ਡੀ. ਕਾਲਜ ਆਫ ਐਜੂਕੇਸ਼ਨ ਤਪਨ ਸਾਹੂ, ਪ੍ਰੋਫੈਸਰ ਬਲਵਿੰਦਰ ਸ਼ਰਮਾ, ਸਬ ਇੰਸਪੈਕਟਰ ਅਵਤਾਰ ਸਿੰਘ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।