ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕਰਨਗੀਆਂ ‘ਖੇਡਾਂ ਵਤਨ ਪੰਜਾਬ ਦੀਆਂ’ – ਡਿਪਟੀ ਕਮਿਸ਼ਨਰ

ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ ਬਲਾਕ ਪੱਧਰੀ ਖੇਡਾਂ ਦਾ ਅਗਾਜ਼

ਬਲਾਕ ਪੱਧਰੀ ਮੁਕਾਬਲਿਆਂ ਵਿੱਚ 10 ਹਜ਼ਾਰ ਦੇ ਕਰੀਬ ਖਿਡਾਰੀ ਭਾਗ ਲੈਣਗੇ

ਬਟਾਲਾ, 1 ਸਤੰਬਰ (           ) – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਦਾ ਜਰੀਆ ਬਣਨਗੀਆਂ ਅਤੇ ਸੂਬੇ ਦੀ ਜਵਾਨੀ ਦਾ ਰੁਖ ਹੁਣ ਖੇਡ ਮੈਦਾਨਾਂ ਵੱਲ ਹੋਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਅੱਜ ਦੀਨਾਨਗਰ ਦੇ ਐੱਸ.ਐੱਸ.ਐੱਮ. ਕਾਲਜ ਦੇ ਖੇਡ ਮੈਦਾਨ ਵਿੱਚ ਬਲਾਕ ਪੱਧਰੀ ਖੇਡਾਂ ਦਾ ਰਸਮੀ ਉਦਘਾਟਨ ਕਰਨ ਮੌਕੇ ਆਪਣੇ ਸੰਬੋਧਨ ਦੌਰਾਨ ਕੀਤਾ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਖਿਡਾਰੀਆਂ ਵਿੱਚ ਇਨ੍ਹਾਂ ਖੇਡਾਂ ਪ੍ਰਤੀ ਪੂਰਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅਤੇ ਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ 10 ਹਜ਼ਾਰ ਦੇ ਕਰੀਬ ਖਿਡਾਰੀਆਂ ਨੇ ਆਪਣਾ ਨਾਮ ਰਜ਼ਿਸਟਰਡ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੱਜ 6 ਬਲਾਕਾਂ ਦੀਨਾਨਗਰ, ਗੁਰਦਾਸਪੁਰ, ਕਾਹਨੂੰਵਾਨ, ਕਾਦੀਆਂ, ਸ੍ਰੀ ਹਰਗੋਬਿੰਦਪੁਰ ਸਾਹਿਬ, ਫਤਹਿਗੜ੍ਹ ਚੂੜੀਆਂ ਦੀਆਂ ਖੇਡਾਂ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ ਬਲਾਕ ਬਟਾਲਾ ਸ਼ਹਿਰੀ ਤੇ ਪੇਂਡੂ, ਕਲਾਨੌਰ, ਡੇਰਾ ਬਾਬਾ ਨਾਨਕ, ਦੋਰਾਂਗਲਾ ਅਤੇ ਧਾਰੀਵਾਲ ਬਲਾਕਾਂ ਦੀਆਂ ਖੇਡਾਂ 5 ਸਤੰਬਰ ਤੋਂ 7 ਸਤੰਬਰ ਤੱਕ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬਲਾਕ ਪੱਧਰੀ ਖੇਡ ਮੁਕਾਬਲਿਆਂ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ ਅਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਅੰਦਰ ਚੁਣੇ ਗਏ ਖਿਡਾਰੀਆਂ ਨੂੰ ਰਾਜ ਪੱਧਰੀ ਖੇਡ ਮੁਕਾਬਲਿਆਂ ’ਚ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਖੇਡ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਸਮੂਹ ਖਿਡਾਰੀਆਂ ਨੂੰ ਸੁਭਕਾਮਨਾਵਾਂ ਦਿੰਦਿਆਂ ਖੇਡ ਭਾਵਨਾਂ ਨਾਲ ਆਪਣੀ ਖੇਡ ਦਾ ਪ੍ਰਦਰਸ਼ਨ ਕਰਕੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਦੀਨਾਨਗਰ ਹਲਕੇ ਦੇ ਇੰਚਾਰਜ ਸ੍ਰੀ ਸ਼ਮਸ਼ੇਰ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਬਚ ਕੇ ਖੇਡਾਂ ਨਾਲ ਜੁੜੇਗੀ। ਉਨ੍ਹਾਂ ਕਿਹਾ ਕਿ ਖੇਡਾਂ ਦਾ ਮਨੁੱਖੀ ਜੀਵਨ ਵਿੱਚ ਅਹਿਮ ਸਥਾਨ ਹੈ ਅਤੇ ਖੇਡਾਂ ਨਾਲ ਜੁੜ ਕੇ ਨਿਰੋਗ ਤੇ ਖੁਸ਼ਹਾਲ ਜੀਵਨ ਬਸਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਜੇਤੂ ਖਿਡਾਰੀਆਂ ਨੂੰ 6 ਕਰੋੜ ਰੁਪਏ ਦੇ ਇਨਾਮ ਤਕਸੀਮ ਕੀਤੇ ਜਾਣਗੇ ਅਤੇ ਨਾਲ ਹੀ ਜੇਤੂ ਖਿਡਾਰੀਆਂ ਨੂੰ ਗ੍ਰੇਡਏਸ਼ਨ ਨੀਤੀ ਤਹਿਤ ਕਵਰ ਕੀਤਾ ਜਾਵੇਗਾ।

ਇਸ ਮੌਕੇ ਐੱ.ਐੱਨ.ਸੀ. ਕੈਡਿਟਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਖਿਡਾਰੀਆਂ ਨੇ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ  ਚੁੱਕੀ ਗਈ। ਸਕੂਲੀ ਵਿਦਿਆਰਥੀਆਂ ਵੱਲੋਂ ਖਿਡਾਰੀਆਂ ਅੰਦਰ ਖੇਡਾਂ ਪ੍ਰਤੀ ਹੋਰ ਉਤਸ਼ਾਹ ਪੈਦਾ ਕਰਨ ਲਈ ਜੋਸ਼ ਭਰੀ ਰੰਗਾਰੰਗ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਗੋਪੀ ਸਪੋਰਟਸ ਅਕੈਡਮੀ ਅਤੇ ਐੱਸ.ਐੱਸ.ਐੱਮ ਕਾਲਜ ਦਰਮਿਆਨ ਰੱਸਾ-ਕੱਸੀ ਦਾ ਸ਼ੋਅ ਮੈਚ ਕਰਵਾਇਆ ਗਿਆ ਜਿਸ ਵਿੱਚ ਗੋਪੀ ਸਪੋਰਟਸ ਅਕੈਡਮੀ ਦੇ ਖਿਡਾਰੀ ਜੇਤੂ ਰਹੇ। ਇਸ ਤੋਂ ਬਾਅਦ ਅਥਲੈਟਿਕ, ਰੱਸਾ-ਕੱਸੀ, ਵਾਲੀਬਾਲ ਅਤੇ ਫੁੱਟਬਾਲ ਦੇ ਮੁਕਾਬਲੇ ਵੀ ਕਰਵਾਏ ਗਏ।

ਇਸ ਮੌਕੇ ਐਸ.ਡੀ.ਐਮ. ਦੀਨਾਨਗਰ ਸ੍ਰੀ ਵਿਕਰਮਜੀਤ ਸਿੰਘ, ਜ਼ਿਲ੍ਹਾ ਖੇਡ ਅਫਸਰ ਸੁਖਚੈਨ ਸਿੰਘ, ਪ੍ਰਿੰਸੀਪਲ ਐੱਸ.ਐੱਸ.ਐੱਮ ਕਾਲਜ ਡਾ. ਆਰ.ਕੇ. ਤੁੱਲੀ, ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਰਵੀ ਦਾਰਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਪਾਲ ਸਿੰਘ ਸੰਧਾਵਾਲੀਆ, ਜ਼ਿਲ੍ਹਾ ਸਿੱਖਿਆ ਅਫ਼ਸਰ (ਅ.ਸ) ਅਮਰਜੀਤ ਸਿੰਘ ਭਾਟੀਆ, ਸੁਖਦੇਵ ਰਾਜ, ਪਰਦੀਪ ਠਾਕੁਰ, ਬਚਿਤ੍ਰ ਸਿੰਘ, ਵਿਜੇ ਕਮਾਰ, ਰਾਜ ਕੁਮਾਰ, ਮਨਮੋਹਨ ਸਿੰਘ, ਰਿੰਕੂ ਪਾਲ, ਰਾਜੇਸ਼ ਕੁਮਾਰ, ਗੁਰਮੁੱਖ ਸਿੰਘ, ਵਰਿੰਦਰ ਕਪੂਰ, ਅਰਵਿੰਦਰ ਕੁਮਾਰ, ਰਾਜਿੰਦਰ ਮਗਰਾਲਾ, ਰਛਪਾਲ ਸਿੰਘ, ਸੁਖਜਿੰਦਰ ਸਿੰਘ ਅਤੇ ਹੋਰ ਮੋਹਤਬਰ, ਖੇਡ ਕੋਚ ਤੇ ਖਿਡਾਰੀ ਹਾਜ਼ਰ ਸਨ।

 

ਹੋਰ ਪੜ੍ਹੋ :-  ਜ਼ਿਲ੍ਹਾ ਫਾਜ਼ਿਲਕਾ ਦੀ ਬਾਦਲ ਕਲੋਨੀ ਨੂੰ ਅਫਰੀਕਨ ਸਵਾਈਨ ਫੀਵਰ ਬਿਮਾਰੀ ਤੋਂ ਪ੍ਰਭਾਵਿਤ ਇਲਾਕਾ ਐਲਾਨਿਆ

Spread the love