ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਲਗਾਏ ਕਿਸਾਨ ਮੇਲੇ ਨੂੰ ਕਿਸਾਨਾਂ ਵੱਲੋਂ ਮਿਲਿਆ ਭਰਵਾਂ ਹੁੰਗਾਰਾ

NEWS MAKHANI
ਰੂਪਨਗਰ, 26 ਅਕਤੂਬਰ 2021
ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਰੋਪੜ ਵੱਲੋਂ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਆਈ.ਸੀ.ਏ.ਆਰ.-ਅਟਾਰੀ, ਜ਼ੋਨ-1, ਲੁਧਿਆਣਾ ਦੇ ਸਹਿਯੋਗ ਨਾਲ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਸਬੰਧੀ ਕਿਸਾਨ ਮੇਲਾ ਲਗਾਇਆ ਗਿਆ।
ਇਸ ਮੌਕੇ ਡਾ. ਰਾਜਬੀਰ ਸਿੰਘ ਬਰਾੜ, ਜ਼ੋਨਲ ਪ੍ਰੋਜੈਕਟ ਡਾਇਰੈਕਟਰ, ਆਈ.ਸੀ.ਏ.ਆਰ.-ਅਟਾਰੀ, ਜ਼ੋਨ-1 ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਜੀ.ਪੀ.ਐਸ.ਸੋਢੀ, ਐਡੀਸ਼ਨਲ ਡਾਇਰੈਕਟਰ ਆਫ਼ ਅਕਟੈਂਸ਼ਨ ਐਜੂਕੇਸ਼ਨ, ਪੀਏਯੂ, ਲੁਧਿਆਣਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਜੇ.ਐਸ. ਸਮਰਾ, ਸੀਨੀਅਰ ਸਲਾਹਕਾਰ ਆਰ.ਈ.ਪੀ., ਸੀ.ਆਰ.ਆਰ.ਆਈ.ਡੀ., ਚੰਡੀਗੜ੍ਹ ਅਤੇ ਡਾ. ਪੁਸ਼ਪੇਂਦਰ ਪੀ. ਸਿੰਘ, ਐਸੋਸੀਏਟ ਡੀਨ, ਆਈ.ਆਈ.ਟੀ. ਰੋਪੜ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਸਮਾਗਮ ਦੇ ਮੁੱਖ ਮਹਿਮਾਨ ਡਾ. ਰਾਜਬੀਰ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਸੀਆਰਐਮ ਮਸ਼ੀਨਰੀ ਅਪਣਾ ਕੇ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਲਾਮਬੰਦ ਕਰਨ ਵਿੱਚ ਕੇਵੀਕੇ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਡਾ. ਬਰਾੜ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਵਾਤਾਵਰਣ ਸੰਤੁਲਨ ਨੂੰ ਵਿਗਾੜੇ ਬਿਨਾਂ ਕਿਸਾਨ ਭਾਈਚਾਰੇ ਦੇ ਸਮੁੱਚੇ ਵਿਕਾਸ ਲਈ ਕੇਵੀਕੇ ਮਸ਼ੀਨਰੀ ਬੈਂਕ ਅਤੇ ਹੋਰ ਨਵੀਆਂ ਤਕਨੀਕਾਂ ਦਾ ਲਾਭ ਲੈਣ ਲਈ ਅੱਗੇ ਆਉਣ।
ਕੇ.ਵੀ.ਕੇ ਰੋਪੜ ਦੇ ਡਿਪਟੀ ਡਾਇਰੈਕਟਰ (ਟੀ.ਆਰ.ਜੀ.) ਡਾ. ਜੀ.ਐਸ. ਮੱਕੜ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਕਿਸਾਨ ਮੇਲਾ ਲੋਕਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਵਾਤਾਵਰਨ ਪੱਖੀ ਨਵੇਂ ਬਦਲਾਂ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਉਤਸ਼ਾਹਿਤ ਕਰਨ ਲਈ ਲਗਾਇਆ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਮਾਗਮ ਵਿੱਚ 400 ਦੇ ਕਰੀਬ ਕਿਸਾਨ, ਕਿਸਾਨ ਮਹਿਲਾਵਾਂ, ਖੇਤੀਬਾੜੀ ਵਿਦਿਆਰਥੀ ਅਤੇ ਵਿਗਿਆਨੀਆਂ/ਮਾਹਿਰਾਂ ਨੇ ਸ਼ਿਰਕਤ ਕੀਤੀ।
16 ਤੋਂ ਵੱਧ ਸੂਬਿਆਂ ਦੇ ਖੇਤੀਬਾੜੀ ਸਹਾਇਕ ਵਿਭਾਗਾਂ (ਮਿਟੀ ਅਤੇ ਜਲ ਸੰਭਾਲ, ਬਾਗਬਾਨੀ, ਡੇਅਰੀ ਵਿਕਾਸ, ਮੱਛੀ ਪਾਲਣ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ, ਆਰਐਸਈਟੀਆਈ-ਯੂਕੋ ਬੈਂਕ, ਇਫਕੋ, ਪੰਜਾਬ ਐਗਰੋ ਆਦਿ), ਪ੍ਰਾਈਵੇਟ ਫਰਮਾਂ (ਕ੍ਰਿਸ਼ੀ ਜਾਗਰਣ, ਬੇਅਰ) ਦੀਆਂ ਪ੍ਰਦਰਸ਼ਨੀ ਸਟਾਲਾਂ ਤੋਂ ਇਲਾਵਾ ਚਾਰ ਐਫਪੀਓਜ਼, ਤਿੰਨ ਐਸਐਚਜੀਜ਼ ਅਤੇ ਵੱਖ-ਵੱਖ ਖੇਤੀਬਾੜੀ ਅਧਾਰਤ ਗਤੀਵਿਧੀਆਂ ਕਿਸਾਨਾਂ ਅਤੇ ਕਿਸਾਨ ਮਹਿਲਾਵਾਂ ਲਈ ਖਿੱਚ ਦਾ ਕੇਂਦਰ ਰਹੀਆਂ।
ਡਾ. ਜੀ.ਪੀ.ਐਸ. ਸੋਢੀ ਨੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਸੰਭਾਵੀ ਖਤਰਿਆਂ ਦੇ ਮੁੱਦਿਆਂ ‘ਤੇ ਸੰਬੋਧਨ ਕੀਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਲਈ ਸੀਆਰਐਮ ਅਭਿਆਸਾਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ। ਡਾ. ਸੋਢੀ ਨੇ ਕਿਸਾਨਾਂ ਨੂੰ ਕਿਸੇ ਵੀ ਸਵਾਲ ਜਾਂ ਸ਼ੰਕੇ ਦੀ ਸੂਰਤ ਵਿੱਚ ਕੇਵੀਕੇ ਦੇ ਮਾਹਿਰਾਂ ਦੀ ਸਲਾਹ ਲੈਣ ਦਾ ਸੁਝਾਅ ਵੀ ਦਿੱਤਾ।
ਡਾ. ਜੇ.ਐਸ. ਸਮਰਾ ਨੇ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਮੁੱਦੇ ਨਾਲ ਨਜਿੱਠਣ ਲਈ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਲਈ ਵੱਖ-ਵੱਖ ਨਵੇਂ ਤਰੀਕੇ ਸੁਝਾਏ ਅਤੇ ਕਿਸਾਨਾਂ ਨੂੰ ਇਨ੍ਹਾਂ ਤਕਨੀਕਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।
ਡਾ. ਪੁਸ਼ਪੇਂਦਰ ਪੀ. ਸਿੰਘ ਨੇ ਬਾਇਓਮਾਸ ਸਾੜਨ ਕਾਰਨ ਵਾਤਾਵਰਣ ਪ੍ਰਦੂਸ਼ਣ ਦੇ ਖਤਰੇ ਨਾਲ ਨਜਿੱਠਣ ਲਈ ਪੀਏਯੂ ਦੇ ਯਤਨਾਂ ਨੂੰ ਮਾਨਤਾ ਦਿੱਤੀ ਅਤੇ ਨਵੀਆਂ ਤਕਨਾਲੋਜੀਆਂ ਦੇ ਵਿਕਾਸ ਵਿੱਚ ਆਈਆਈਟੀ, ਰੋਪੜ ਨੂੰ ਪੂਰਾ ਸਹਿਯੋਗ ਦਾ ਭਰੋਸਾ ਦਿੱਤਾ।
ਪੀਏਯੂ, ਲੁਧਿਆਣਾ ਤੋਂ ਆਏ ਵਿਗਿਆਨੀ ਡਾ. ਕੇ.ਐਸ. ਸੂਰੀ (ਪ੍ਰਿੰਸੀਪਲ ਐਂਟੋਮੋਲੋਜਿਸਟ) ਅਤੇ ਡਾ. ਮਨਪ੍ਰੀਤ ਸਿੰਘ (ਐਕਸਟੇਂਸ਼ਨ ਸਾਇੰਟਿਸਟ, ਐਫ.ਪੀ.ਐਮ.) ਨੇ ਕ੍ਰਮਵਾਰ ਕਿਸਾਨਾਂ ਨਾਲ ਕੀਟ ਪ੍ਰਬੰਧਨ ਅਤੇ ਫਾਰਮ ਪਾਵਰ ਮਸ਼ੀਨਰੀ ਬਾਰੇ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ।
ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਨੇ ਸੀਆਰਐਮ ਪ੍ਰੋਜੈਕਟ ਅਧੀਨ ਫਸਲਾਂ ਦੀ ਰਹਿੰਦ-ਖੂੰਹਦ ਦੇ ਮੌਕੇ ‘ਤੇ ਹੀ ਪ੍ਰਬੰਧਨ ਲਈ ਕੇਵੀਕੇ ਰੋਪੜ ਦੇ ਗੋਦ ਲਏ ਪਿੰਡਾਂ ਲਈ ਸੀਆਰਐਮ ਮਸ਼ੀਨਰੀ (ਹੈਪੀ ਸੀਡਰ, ਜ਼ੀਰੋ ਡਰਿੱਲ, ਆਦਿ) ਨੂੰ ਹਰੀ ਝੰਡੀ ਦਿੱਤੀ। ਕੇ.ਵੀ.ਕੇ ਰੋਪੜ ਨੇ ਗੋਦ ਲਏ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਰਹਿੰਦ-ਖੂੰਹਦ ਸਾੜਨ ਤੋਂ ਮੁਕਤ ਮਿਸਾਲੀ ਪਿੰਡ ਬਣਾਉਣ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਵੀ ਕੀਤਾ।
ਇਸ ਸਮਾਗਮ ਦਾ ਮੁੱਖ ਆਕਰਸ਼ਣ ਪੀਏਯੂ ਦੇ ਬੀਜਾਂ ਦੀ ਵਿਕਰੀ ਅਤੇ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ, ਫਲਾਂ ਦੇ ਪੌਦੇ ਅਤੇ ਖੇਤੀਬਾੜੀ ਸਬੰਧੀ ਸਾਹਿਤ ਦੀ ਮੁਫ਼ਤ ਵੰਡ ਸੀ।
ਇਸ ਮੌਕੇ ਕੇ.ਵੀ.ਕੇ ਰੋਪੜ ਵਿਖੇ ਡਾ. ਰਾਜਬੀਰ ਸਿੰਘ ਬਰਾੜ, ਡਾ. ਜੀ.ਪੀ.ਐਸ. ਸੋਢੀ ਅਤੇ ਹੋਰ ਪਤਵੰਤਿਆਂ ਵੱਲੋਂ ਮੱਛੀ ਪਾਲਣ ਪ੍ਰਦਰਸ਼ਨੀ ਯੂਨਿਟ ਦਾ ਉਦਘਾਟਨ ਵੀ ਕੀਤਾ ਗਿਆ।
ਅੰਤ ਵਿੱਚ, ਡਾ. ਜੀ.ਐਸ. ਮੱਕੜ ਨੇ ਸਾਰੇ ਪਤਵੰਤਿਆਂ, ਸਬੰਧਤ ਵਿਭਾਗਾਂ, ਕਿਸਾਨਾਂ, ਕਿਸਾਨ ਮਹਿਲਾਵਾਂ, ਉੱਦਮੀਆਂ, ਸਵੈ-ਸਹਾਇਤਾ ਸਮੂਹਾਂ, ਐਫਪੀਓਜ਼, ਪ੍ਰੈਸ ਅਤੇ ਮੀਡੀਆ ਦਾ ਸਮਰਥਨ ਅਤੇ ਸਹਿਯੋਗ ਲਈ ਧੰਨਵਾਦ ਕੀਤਾ।
Spread the love