ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਅਰੁਣ ਗੁਪਤਾ ਵਿਦਿਆਰਥੀਆਂ ਦੇ ਹੋਏ ਰੂਬਰੂ

ਪੰਜਾਬ ਰਾਜ ਕਾਨੂੰਨੀ ਸੇਵਾਵਾਂ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਅਰੁਣ ਗੁਪਤਾ ਵਿਦਿਆਰਥੀਆਂ ਦੇ ਹੋਏ ਰੂਬਰੂ
ਕਾਨੂੰਨ ਦੇ ਵਿਦਿਆਰਥੀਆਂ  ਨੂੰ ਨਾਲਸਾ ਦੀਆਂ ਸਕੀਮਾਂ ਸਬੰਧੀ ਦਿੱਤੀ ਜਾਣਕਾਰੀ

ਪਟਿਆਲਾ, 29 ਅਕਤੂਬਰ 2021

ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ (ਨਾਲਸਾ) ਦੇ ਨਿਰਦੇਸ਼ਾਂ ਅਨੁਸਾਰ ਪੈਨ ਇੰਡੀਆ ਜਾਗਰੂਕਤਾ ਅਤੇ ਆਊਟਰੀਚ ਪ੍ਰੋਗਰਾਮ 2 ਅਕਤੂਬਰ 2021 ਤੋਂ 14 ਨਵੰਬਰ 2021 ਤੱਕ “ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ” ਦੇ ਹਿੱਸੇ ਵਜੋਂ ਅਤੇ 8 ਨਵੰਬਰ ਤੋਂ 14 ਨਵੰਬਰ, 2021 ਤੱਕ ਕਾਨੂੰਨੀ ਸੇਵਾਵਾਂ ਹਫ਼ਤੇ ਵਜੋਂ ਮਨਾਇਆ ਜਾ ਰਿਹਾ ਹੈ।

ਹੋਰ ਪੜ੍ਹੋ :-ਪੈਨ ਇੰਡੀਆ ਮੁਹਿੰਮ ਤਹਿਤ 18 ਪਿੰਡਾਂ ‘ਚ ਜਾਗਰੂਕਤ ਪ੍ਰੋਗਰਾਮ ਆਯੋਜਿਤ

ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਜਸਟਿਸ ਅਜੇ ਤਿਵਾੜੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਾਨੂੰਨ ਵਿਭਾਗ ਦੇ ਵਿਦਿਆਰਥੀਆਂ ਨਾਲ ਇੱਕ ਸੈਮੀਨਾਰ/ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਭਾਗ ਦੀ ਮੁਖੀ ਸ਼੍ਰੀਮਤੀ ਮੋਨਿਕਾ ਚਾਵਲਾ ਨੇ ਜੀ ਆਇਆਂ ਨੂੰ ਕਿਹਾ।

ਸੈਮੀਨਾਰ ਦੌਰਾਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਅਰੁਣ ਗੁਪਤਾ ਨੇ ਵਿਦਿਆਰਥੀਆਂ ਨੂੰ ਪੈਨ ਇੰਡੀਆ ਜਾਗਰੂਕਤਾ ਅਤੇ ਆਊਟਰੀਚ ਪ੍ਰੋਗਰਾਮ ਬਾਰੇ ਜਾਗਰੂਕ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਦੁਰਘਟਨਾਵਾਂ ਤੋਂ ਬਾਅਦ ਪੀੜਤ ਨੂੰ ਮਿਲਣ ਵਾਲੇ ਮੁਆਵਜ਼ਾ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਐਕਟ, 1987 ਦੀ ਧਾਰਾ 12 ਅਧੀਨ ਮੁਫਤ ਕਾਨੂੰਨੀ ਸੇਵਾਵਾਂ ਲਈ ਹੱਕਦਾਰ ਵਿਅਕਤੀਆਂ ਦੀਆਂ ਸ਼੍ਰੇਣੀਆਂ, ਕਾਨੂੰਨੀ ਸੇਵਾਵਾਂ ਦੇ ਢੰਗ ਅਤੇ ਕਾਨੂੰਨੀ ਸੇਵਾਵਾਂ ਕਿਵੇਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਬਾਰੇ ਵੀ ਜਾਗਰੂਕ ਕੀਤਾ ਗਿਆ।

ਸੈਮੀਨਾਰ ਦੌਰਾਨ ਸੀਜੇਐਮ/ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਰਮਿੰਦਰ ਕੌਰ ਵੱਲੋਂ ਨਾਲਸਾ (ਤੇਜ਼ਾਬੀ ਹਮਲੇ ਦੇ ਪੀੜਤਾਂ ਲਈ ਕਾਨੂੰਨੀ ਸੇਵਾਵਾਂ) ਸਕੀਮ ਬਾਰੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।  ਇਸ ਤੋਂ ਇਲਾਵਾ ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ, ਸਥਾਈ ਲੋਕ ਅਦਾਲਤ (ਪੀਯੂਐਸ), ਵਿਚੋਲਗੀ ਦੇ ਫਾਇਦਿਆਂ ਅਤੇ ਲੋਕ ਅਦਾਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਇਸ ਪ੍ਰੋਗਰਾਮ ਦੌਰਾਨ ਪ੍ਰੋਫੈਸਰ ਡਾ. ਬੀ.ਐਸ. ਸੰਧੂ ਡੀਨ ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਮੈਡਮ ਜੇਜੀ, ਡਾਇਰੈਕਟਰ, ਲੋਕ ਸੰਪਰਕ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਨੂੰਨ ਵਿਭਾਗ ਦਾ ਸਟਾਫ਼ ਵੀ ਹਾਜ਼ਰ ਸੀ।

ਇਸ ਤੋਂ ਇਲਾਵਾ ਪਿੰਡ ਖੰਡੋਲੀ ਦੇ ਲੋਕਾਂ ਨਾਲ ਸੈਮੀਨਾਰ ਕੀਤਾ ਗਿਆ। ਸੈਮੀਨਾਰਾਂ ਦੌਰਾਨ ਪੈਨ ਇੰਡੀਆ ਜਾਗਰੂਕਤਾ ਅਤੇ ਆਊਟਰੀਚ ਪ੍ਰੋਗਰਾਮ ਅਤੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਬਾਰੇ ਜਾਗਰੂਕ ਕੀਤਾ ਗਿਆ।  ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਰੁਣ ਗੁਪਤਾ ਨੇ ਨਾਲਸਾ ਦੀਆਂ ਵੱਖ ਵੱਖ ਸਕੀਮ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ।  ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਜਿਵੇਂ ਕਿ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਮੈਂਬਰ, ਅਣਮਨੁੱਖੀ ਤਸਕਰੀ ਦਾ ਸ਼ਿਕਾਰ ਜਾਂ ਭਿਖਾਰੀ, ਔਰਤ ਜਾਂ ਬੱਚਾ, ਅਪਾਹਜ ਵਿਅਕਤੀ, ਸਮੂਹਿਕ ਆਫ਼ਤਾਂ ਦਾ ਸ਼ਿਕਾਰ, ਜਾਤੀ ਅੱਤਿਆਚਾਰ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਲੀਗਲ ਲਿਟਰੇਸੀ ਕਲੱਬ ਟੌਹੜਾ ਵਿਖੇ ਵਿਦਿਆਰਥੀਆਂ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਵਿਸ਼ੇ ‘ਤੇ ਨੁੱਕੜ ਨਾਟਕ ਵੀ ਖੇਡਿਆ ਗਿਆ।

ਇਸ ਮੌਕੇ ਸੀ.ਜੇ.ਐਮ.ਪਰਮਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਵੱਲੋਂ 1846 ਸੈਮੀਨਾਰ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਰਾਹੀਂ 2095 ਪਿੰਡਾਂ ਨੂੰ ਕਵਰ ਕੀਤਾ ਗਿਆ ਹੈ ਅਤੇ ਘਰ-ਘਰ ਜਾ ਕੇ ਕੁੱਲ 1721 ਪਿੰਡਾਂ ਨੂੰ ਕਵਰ ਕੀਤਾ ਗਿਆ ਹੈ।  ਇਸ ਤਰ੍ਹਾਂ ਹੁਣ ਤੱਕ ਕੁੱਲ 3816 ਪਿੰਡ ਪੈਨ ਇੰਡੀਆ ਜਾਗਰੂਕਤਾ ਅਤੇ ਆਊਟਰੀਚ ਪ੍ਰੋਗਰਾਮ ਤਹਿਤ ਕਵਰ ਕੀਤੇ ਜਾ ਚੁੱਕੇ ਹਨ।  ਇਸ ਤੋਂ ਇਲਾਵਾ ਪਿੰਡ ਦਮਨਹੇੜੀ ਦੇ ਲੋਕਾਂ ਨਾਲ ਸੈਮੀਨਾਰ ਵੀ ਕੀਤਾ ਗਿਆ।  ਉਨ੍ਹਾਂ ਨੂੰ ਪੈਨ ਇੰਡੀਆ ਜਾਗਰੂਕਤਾ ਅਤੇ ਆਊਟਰੀਚ ਪ੍ਰੋਗਰਾਮ ਅਤੇ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਸ਼੍ਰੀਮਤੀ ਪਰਮਿੰਦਰ ਕੌਰ, ਸੀਜੇਐਮ/ਸਕੱਤਰ, ਡੀਐਲਐਸਏ ਪਟਿਆਲਾ ਦੁਆਰਾ ਜਾਗਰੂਕ ਕੀਤਾ ਗਿਆ।

Spread the love