ਘਰ ਵਾਲਾ ਝਾੜੂ ਆਪਣੇ ਘਰਾਂ ਦੀ ਸਫਾਈ ਕਰਦਾ ਹੈ, ਪਰ ਆਮ ਆਦਮੀ ਪਾਰਟੀ ਦਾ ‘ਝਾੜੂ’ ਦੇਸ਼ ਦੀ ਰਾਜਨੀਤਿਕ ਗੰਦਗੀ ਸਾਫ਼ ਕਰਦਾ: ਭਗਵੰਤ ਮਾਨ

BHAGWANT MANN
ਘਰ ਵਾਲਾ ਝਾੜੂ ਆਪਣੇ ਘਰਾਂ ਦੀ ਸਫਾਈ ਕਰਦਾ ਹੈ, ਪਰ ਆਮ ਆਦਮੀ ਪਾਰਟੀ ਦਾ 'ਝਾੜੂ' ਦੇਸ਼ ਦੀ ਰਾਜਨੀਤਿਕ ਗੰਦਗੀ ਸਾਫ਼ ਕਰਦਾ: ਭਗਵੰਤ ਮਾਨ
ਭਗਵੰਤ ਮਾਨ ਨੇ ਪ੍ਰੋ. ਬਲਜਿੰਦਰ ਕੌਰ, ਬਲਕਾਰ ਸਿੱਧੂ, ਸੁਖਵੀਰ ਸਿੰਘ ਮਾਇਸਰਖਾਨਾ, ਅਮਿਤ ਰਤਨ ਕੋਟਫੱਤਾ ਅਤੇ ਜਗਰੂਪ ਸਿੰਘ ਗਿੱਲ ਲਈ ਕੀਤਾ ਚੋਣ ਪ੍ਰਚਾਰ

ਬਠਿੰਡਾ/ ਚੰਡੀਗੜ,15 ਫਰਵਰੀ 2022

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਠਿੰਡਾ ਜ਼ਿਲੇ ਦੇ ਉਮੀਦਵਾਰਾਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਬਲਕਾਰ ਸਿੱਧੂ, ਸੁਖਵੀਰ ਸਿੰਘ ਮਾਇਸਰਖਾਨਾ, ਅਮਿਤ ਰਤਨ ਕੋਟਫੱਤਾ ਅਤੇ ਜਗਰੂਪ ਸਿੰਘ ਗਿੱਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਵੱਖ- ਵੱਖ ਥਾਂਵਾਂ ‘ਤੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ। ਮਾਨ ਨੇ ਲੋਕਾਂ ਨੂੰ ਅਪੀਲ ਕੀਤੀ,”20 ਤਰੀਕ ਨੂੰ ਫ਼ੈਸਲਾ ਲੈਣ ਦਾ ਟਾਇਮ ਹੈ। ਬਠਿੰਡਾ ਤੋਂ ਆਪਣੇ ਪੁੱਤ, ਭਤੀਜੇ, ਭਰਾ ਅਤੇ ਭੈਣ ਦਾ ਜ਼ਰੂਰ ਸਾਥ ਦੇਣਾ। 70 ਸਾਲਾਂ ਦੀ ਸਿਆਸੀ ਗੰਦਗੀ ਨੂੰ ਝਾੜੂ ਨਾਲ ਸਾਫ਼ ਕਰਨ ਦਾ ਮੌਕਾ ਆ ਗਿਆ ਹੈ। ਸਾਰੇ ਪੰਜਾਬ ਵਾਸੀ ਆਪਣੀ ਇੱਕ- ਇੱਕ ਵੋਟ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਝਾੜੂ’ ਨੂੰ ਪਾ ਕੇ ਸਿਆਸੀ ਗੰਦਗੀ ਸਾਫ਼ ਕਰਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣਗੇੇ।”

ਹੋਰ ਪੜ੍ਹੋ :- ਪੰਜਾਬ ਨੂੰ ਬਦਲਣ ਲਈ ਇਸ ਵਾਰ ਝਾੜੂ ਦਾ ਬਟਨ ਦਬਾਉਣਾ ਹੈ – ਅਰਵਿੰਦ ਕੇਜਰੀਵਾਲ

ਮੰਗਲਵਾਰ ਨੂੰ ਭਗਵੰਤ ਮਾਨ ਨੇ ਚੋਣ ਮਾਰਚ ਦੌਰਾਨ ਵੱਖ- ਵੱਖ ਥਾਂਵਾਂ ‘ਤੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਬਾਦਲ ਪਰਿਵਾਰ ‘ਤੇ ਤਿੱਖੇ ਹਮਲੇ ਕੀਤੇ। ਉਨਾਂ ਕਿਹਾ, ”ਬਾਦਲ ਪਰਿਵਾਰ ਦੇ ਸਾਕ- ਸਬੰਧੀਆਂ ਵਿਚੋਂ ਹੀ 5 ਵਿਅਕਤੀ ਚੋਣ ਲੜ ਰਹੇ ਹਨ, ਜਿਨਾਂ ‘ਚ ਵੱਡੇ ਬਾਦਲ ਸਾਬ, ਸੁਖਬੀਰ ਸਿੰਘ ਬਾਦਲ, ਬਾਦਲ ਪਰਿਵਾਰ ਦੇ ਜਵਾਈ ਅਦੇਸ਼ ਪ੍ਰਤਾਪ ਸਿੰਘ ਕੈਂਰੋ, ਸੁਖਬੀਰ ਦਾ ਸਾਲਾ ਬਿਕਰਮ ਸਿੰਘ ਮਜੀਠੀਆ ਅਤੇ ਮਜੀਠੀਆ ਦੀ ਪਤਨੀ ਸ਼ਾਮਲ ਹਨ। ਬਾਦਲ ਪਰਿਵਾਰ ਨੂੰ ਪੰਜਾਬ ਵਿੱਚ ਚੋਣਾ ਲੜਾਉਣ ਲਈ ਕੋਈ ਆਮ ਘਰ ਦਾ ਧੀ- ਪੁੱਤ ਨਹੀਂ ਮਿਲਿਆ।” ਮਾਨ ਨੇ ਪੇਸ਼ਨਗੋਈ ਕਰਦਿਆਂ ਕਿਹਾ ਕਿ ਬਾਦਲਾਂ ਦੇ ਪੰਜ ਦੇ ਪੰਜ ਉਮੀਦਵਾਰ ਚੋਣਾ ਵਿੱਚ ਹਾਰ ਦਾ ਮੂੰਹ ਦੇਖਣਗੇ ਅਤੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਵੀ ਦੋਵਾਂ ਸੀਟਾਂ ਤੋਂ ਚੋਣ ਹਾਰਨਗੇ, ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਰਹੀ ਹੈ।

ਬਠਿੰਡਾ ਦੌਰੇ ਸਮੇਂ ਭਗਵੰਤ ਮਾਨ ਨੇ ਪਾਰਟੀ ਉਮੀਦਵਾਰਾਂ ਪ੍ਰਸਿੱਧ ਗਾਇਕ ਬਲਕਾਰ ਸਿੱਧੂ ਲਈ ਰਾਮਪੁਰਾ ਫੂਲ ਅਤੇ ਮੌਜੂਦਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਲਈ ਤਲਵੰਡੀ ਸਾਬੋ ਵਿੱਚ ਚੋਣ ਪ੍ਰਚਾਰ ਕੀਤਾ। ਇਸੇ ਤਰਾਂ ਉਮੀਦਵਾਰ ਜਗਰੂਪ ਸਿੰਘ ਗਿੱਲ ਲਈ ਬਠਿੰਡਾ ਸ਼ਹਿਰ, ਉਮੀਦਵਾਰ ਸੁਖਵੀਰ ਸਿੰਘ ਮਾਇਰਸਖਾਨਾ ਲਈ ਮੌੜ, ਉਮੀਦਵਾਰ ਅਮਿਤ ਰਤਨ ਕੋਟਫੱਤਾ ਲਈ ਬਠਿੰਡਾ ਦਿਹਾਤੀ ਦੇ ਖੇਤਰਾਂ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ 20 ਫਰਵਰੀ ਦੀ ਤਰੀਕ ਨੂੰ ਪੰਜਾਬ ਵਿੱਚ ਨਵਾਂ ਇਤਿਹਾਸ ਸਿਰਜਣ ਦਾ ਮੌਕਾ ਹੈ। ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਆਗੂ ਵਾਰੀ ਬੰਨ ਕੇ ਪੰਜਾਬ ਨੂੰ ਲੁੱਟਦੇ ਆ ਰਹੇ ਹਨ ਅਤੇ ਕੁੱਟਦੇ ਵੀ ਆ ਰਹੇ ਹਨ। ਹੁਣ ਇਨਾਂ ਰਿਵਾਇਤੀ ਪਾਰਟੀਆਂ ਤੋਂ ਪੰਜਾਬ ਨੂੰ ਬਚਾਉਣਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਕੋਲ ਪੈਸੇ ਨਹੀਂ ਹਨ, ਪਰ ਲੋਕਾਂ ਦੇ ਪਿਆਰ ਦਾ ਖਜ਼ਾਨਾ ਜ਼ਰੂਰ  ਹੈ।

ਭਗਵੰਤ ਮਾਨ ਨੇ ਕਿਹਾ ਕਿ ਘਰ ਵਾਲਾ ਝਾੜੂ ਆਪਣੇ ਘਰਾਂ ਦੀ ਸਫਾਈ ਕਰਦਾ ਹੈ, ਪਰ ਆਮ ਆਦਮੀ ਪਾਰਟੀ ਦਾ ਨਿਸ਼ਾਨ ਚਿੰਨ ‘ਝਾੜੂ’ ਦੇਸ਼ ਦੀ ਰਾਜਨੀਤਿਕ ਗੰਦਗੀ ਸਾਫ਼ ਕਰਦਾ ਹੈ। ਇਸ ਲਈ ਸਾਰੇ ਵੋਟਰ ਆਪਣੇ ਕੀਮਤੀ ਵੋਟ ‘ਝਾੜੂ’ ਦੇ ਨਿਸ਼ਾਨ ‘ਤੇ ਪਾਉਣਗੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਦੇਸ਼ ਵਿੱਚ ਇਮਾਨਦਾਰ ਰਾਜਨੀਤੀ ਦਾ ਆਗਾਜ਼ ਕਰਨਗੇ।