ਸੀ ਵਿਜਿਲ ਐਪ ਨਾਗਰਿਕਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਕਿਸੇ ਵੀ ਉਲੰਘਣਾ ਦੀ ਰਿਪੋਰਟ ਕਰਨ ਦੀ ਸ਼ਕਤੀ ਪ੍ਰਦਾਨ ਕਰਦੀ ਹੈ – ਡਿਪਟੀ ਕਮਿਸ਼ਨਰ ਗੁਰਦਾਸਪੁਰ
ਸੀ – ਵਿਜਿਲ ਐਪ ‘ਤੇ ਸ਼ਿਕਾਇਤ ਦਾ ਨਿਪਟਾਰਾ 100 ਮਿੰਟਾਂ ਵਿੱਚ ਕੀਤਾ ਜਾਦਾਂ ਹੈ
ਐਪ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਵਿੱਚ ਮਦਦ ਕਰੇਗੀ
ਗੁਰਦਾਸਪੁਰ, 11 ਜਨਵਰੀ 2022
ਜਿਲਾ ਚੋਣ ਅਫਸਰ ਕਮ- ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ (ਈ ਸੀ ਆਈ) ਦੁਆਰਾ ਵਿਕਸਤ ਕੀਤੀ ਗਈ ਸੀ- ਵਿਜਿਲ ਐਪ ਆਮ ਨਾਗਰਿਕ ਨੂੰ ਆਦਰਸ਼ ਚੋਣ ਜ਼ਾਬਤੇ (ਐਮ ਸੀ ਸੀ) ਦੀ ਉਲੰਘਣਾ ਬਾਰੇ ਰਿਪੋਰਟ ਕਰਨ ਦਾ ਪ੍ਰਭਾਵਸ਼ਾਲੀ ਮੰਚ ਪ੍ਰਦਾਨ ਕੀਤਾ ਗਿਆ ਹੈ।
ਹੋਰ ਪੜ੍ਹੋ :-ਗਣਤੰਤਰ ਦਿਵਸ ਮਨਾਉਣ ਸਬੰਧੀ ਹੋਈ ਬੈਠਕ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੀ- ਵਿਜਿਲ ਇੱਕ ਤਰ੍ਹਾਂ ਦੀ ਆਮ ਲੋਕਾਂ ਦੀ ਚੌਕਸੀ ਹੈ । ਉਨ੍ਹਾਂ ਕਿਹਾ ਕਿ ਇਹ ਐਪ ਗੂਗਲ ਪਲੇਅ ਸਟੋਰ ‘ਤੇ ਉਪਲਬਧ ਹੈ ਅਤੇ ਇਸ ਐਪ ਨਾਲ ਨਾਗਰਿਕ, ਥਾਂ (ਲੋਕੇਸ਼ਨ) ਆਧਾਰਿਤ ਵੇਰਵਿਆਂ ਦੇ ਨਾਲ ਮੌਕੇ ਤੋਂ ਆਦਰਸ਼ ਚੋਣ ਜ਼ਾਬਤੇ (ਮਾਡਲ ਕੋਡ) ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਸਬੰਧੀ ਫੋਟੋਆਂ ਅਤੇ ਵੀਡੀਓ ਅਪਲੋਡ ਕਰ ਸਕਦੇ ਹਨ। ਜਿਸ ਸਮੇਂ ਉਹ ਕੋਈ ਤਸਵੀਰ ਜਾਂ ਵੀਡੀਓ ਅਪਲੋਡ ਕਰਦੇ ਹਨ, ਉਸੇ ਵੇਲੇ ਉਡਣ ਦਸਤੇ ਅਤੇ ਰਿਟਰਨਿੰਗ ਅਫਸਰਾਂ ਵੱਲੋਂ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਵੇਂ ਹੀ ਐਪ ‘ਤੇ ਸ਼ਿਕਾਇਤ ਦਰਜ ਹੁੰਦੀ ਹੈ, ਉਸ ਦਾ 100 ਮਿੰਟਾਂ ਵਿੱਚ ਨਿਪਟਾਰਾ ਕਰਨਾ ਹੁੰਦਾ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਨਾਗਰਿਕ ਜਾਂ ਮਤਦਾਤਾ ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਉਮੀਦਵਾਰਾਂ ਜਾਂ ਸਿਆਸੀ ਪਾਰਟੀਆਂ ਵੱਲੋਂ ਅਪਣਾਈਆਂ ਜਾ ਰਹੀਆਂ ਕਿਸੇ ਵੀ ਕਿਸਮ ਦੀਆਂ ਕੁਤਾਹੀਆਂ ਦੀ ਇਸ ਐਪ ਰਾਹੀਂ ਆਪਣੇ ਪੱਧਰ ‘ਤੇ ਨਿਗਰਾਨੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਐਪ ਪ੍ਰਸ਼ਾਸਨ ਨੂੰ ਵੀ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ।ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀ ਇਹ ਇੱਕ ਇਤਿਹਾਸਕ ਪਹਿਲਕਦਮੀ ਹੈ, ਜਿਸ ਦਾ ਉਦੇਸ਼ ਜ਼ਮੀਨੀ ਪੱਧਰ ‘ਤੇ ਜਮਹੂਰੀਅਤ ਨੂੰ ਮਜਬੂਤ ਕਰਨ ਲਈ ਅਤੇ ਚੋਣ ਅਮਲ ਨੂੰ ਸਾਫ਼ ਸੁਥਰਾ ਬਣਾਈ ਰੱਖਣ ਲਈ ਨਾਗਰਿਕਾਂ ਦੀ ਮੱਦਦ ਨਾਲ ਕੁਰੀਤੀਆਂ ਨੂੰ ਰੋਕਣਾ ਹੈ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਐਪ ‘ਤੇ ਪ੍ਰਾਪਤ ਸ਼ਿਕਾਇਤਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ ਤਾਂ ਜੋ ਇਸ ਨੂੰ ਵੱਡੀ ਸਫਲਤਾ ਮਿਲ ਸਕੇ।