ਰਾਜਪੁਰਾ, 29 ਦਸੰਬਰ 2021
ਸੱਭਿਆਚਾਰਕ ਮੰਤਰਾਲਾ, ਰੱਖਿਆ ਮੰਤਰਾਲੇ ਅਤੇ ਰਾਸ਼ਟਰੀ ਆਧੁਨਿਕ ਕਲਾ ਅਜਾਇਬ ਘਰ, ਨਵੀਂ ਦਿੱਲੀ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਚਿਤਕਾਰਾ ਯੂਨੀਵਰਸਿਟੀ, ਪੰਜਾਬ ਵਿਖੇ ਚੱਲ ਰਹੀ ਕਲਾ ਕੁੰਭ ਵਰਕਸ਼ਾਪ ਦੇ ਤੀਜੇ ਦਿਨ ਲੈਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ ਸੈਨਾ ਮੈਡਲ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ। ਇਸ ਮੌਕੇ ਪਰਮਵੀਰ ਚੱਕਰ ਵਿਜੇਤਾ ਕੈਪਟਨ ਬਾਨਾ ਸਿੰਘ, ਸੂਬੇਦਾਰ ਸੰਜੇ ਕੁਮਾਰ ਅਤੇ ਮੇਜਰ ਡੀਪੀ ਸਿੰਘ ਵੀ ਹਾਜ਼ਰ ਸਨ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਪੰਜਾਬ ਦੇ ਸਮਾਗਮ ਲਈ ਪ੍ਰਬੰਧਾਂ ਦਾ ਜਾਇਜ਼ਾ ਲਿਆ
ਸਾਰੇ ਮਹਿਮਾਨਾਂ ਨੇ ਲਗਭਗ 250 ਕਲਾਕਾਰਾਂ ਦੁਆਰਾ ਬਣਾਈ ਜਾ ਰਹੀ 500 ਮੀਟਰ ਲੰਬੀ ਅਤੇ 3 ਮੀਟਰ ਉੱਚੀ ਸਕ੍ਰੌਲ ਪੇਂਟਿੰਗ ਨੂੰ ਦੇਖਿਆ ਅਤੇ ਕਲਾਕਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਕਲਾਤਮਕ ਪ੍ਰਤਿਭਾ ਦੀ ਸ਼ਲਾਘਾ ਕੀਤੀ।
ਲੈਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ ਨੇ ਵਰਕਸ਼ਾਪ ਵਾਲੀ ਥਾਂ ‘ਤੇ ਮੌਜੂਦ ਐੱਨ.ਸੀ.ਸੀ. ਕੈਡਿਟਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਸਕ੍ਰੋਲ ਪੇਂਟਿੰਗਾਂ ਨੂੰ ਦੇਖਿਆ ਅਤੇ ਉਨ੍ਹਾਂ ਦੀ ਪ੍ਰਸੰਸਾ ਕੀਤੀ। ਕਲਾ ਕੁੰਭ ਵਰਕਸ਼ਾਪ 2 ਜਨਵਰੀ ਤੱਕ ਜਾਰੀ ਰਹੇਗੀ ਅਤੇ ਮੁਕੰਮਲ ਹੋਣ ‘ਤੇ ਇਹ ਮੈਗਾ ਪੇਂਟਿੰਗ 26 ਜਨਵਰੀ ਨੂੰ ਨਵੀਂ ਦਿੱਲੀ ਦੇ ਰਾਜਪਥ ਵਿਖੇ ਗਣਤੰਤਰ ਦਿਵਸ ਦੇ ਮੌਕੇ ‘ਤੇ ਲਗਾਈ ਜਾਵੇਗੀ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਰਨਗੇ। ਇਹ ਵਰਕਸ਼ਾਪ 75ਵੇਂ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਕਰਵਾਈ ਜਾ ਰਹੀ ਹੈ।
ਪਰਮਵੀਰ ਚੱਕਰ ਵਿਜੇਤਾ ਕੈਪਟਨ ਬਾਨਾ ਸਿੰਘ, ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਸੰਜੇ ਕੁਮਾਰ ਨੇ ਐਨਸੀਸੀ ਕੈਡਿਟਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਅਨੁਸ਼ਾਸਨ ਦੀ ਮਹੱਤਤਾ ਸਮਝਾਈ ਅਤੇ ਦੇਸ਼ ਭਗਤੀ ਨਾਲ ਸੇਵਾ ਕਰਨ ਦੀ ਸਿੱਖਿਆ ਦਿੱਤੀ। ਮੇਜਰ ਡੀ.ਪੀ.ਸਿੰਘ ਨੇ ਹਿੰਮਤ ਅਤੇ ਹੌਂਸਲੇ ਨਾਲ ਸਕਾਰਾਤਮਕ ਰਵੱਈਆ ਰੱਖਣ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਨੂੰ ਦੇਸ਼ ਦੇ ਵਿਕਾਸ ਲਈ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ।
ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਮਧੂ ਚਿਤਕਾਰਾ ਨੇ ਕਲਾ ਕੁੰਭ ਵਿੱਚ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੂਰਾ ਦੇਸ਼ ਇਸ ਪੇਂਟਿੰਗ ਵਰਕਸ਼ਾਪ ਰਾਹੀਂ ਬਣੀਆਂ ਪੇਂਟਿੰਗਾਂ ਨੂੰ ਦੇਖੇਗਾ ਅਤੇ ਆਪਣੇ ਬੇਨਾਮ ਸ਼ਹੀਦਾਂ ਅਤੇ ਆਜ਼ਾਦੀ ਦੇ ਸੰਘਰਸ਼ ਚ ਯੋਗਦਾਨ ਪਾਉਣ ਵਾਲੇ ਨਾਇਕਾਂ ਤੋਂ ਜਾਣੂ ਹੋ ਸਕੇਗਾ। ਇਸ ਮੌਕੇ ਨੈਸ਼ਨਲ ਮਿਊਜ਼ੀਅਮ ਆਫ਼ ਮਾਡਰਨ ਆਰਟ ਦੇ ਡਾਇਰੈਕਟਰ ਜਨਰਲ ਅਦਵੈਤ ਗਰਨਾਇਕ, ਸਲਾਹਕਾਰ ਕਮੇਟੀ ਦੇ ਮੁਖੀ ਹਰਸ਼ਵਰਧਨ ਸ਼ਰਮਾ, ਚਿਤਕਾਰਾ ਯੂਨੀਵਰਸਿਟੀ ਦੀ ਉਪ ਕੁਲਪਤੀ ਡਾ: ਅਰਚਨਾ ਮੰਤਰੀ, ਉੱਘੇ ਕਲਾਕਾਰ ਅਤੇ ਦੇਸ਼ ਦੇ 12 ਸਲਾਹਕਾਰ, ਸਕੂਲ ਆਫ਼ ਡਿਜ਼ਾਈਨ ਦੇ ਡੀਨ ਡਾ: ਰੰਜਨ ਮਲਿਕ, ਅਤੇ ਜਨ ਸੰਪਰਕ ਤੇ ਪਤਰਕਾਰਿਤਾ ਵਿਭਾਗ ਦੇ ਡੀਨ ਡਾ.ਆਸ਼ੂਤੋਸ਼ ਮਿਸ਼ਰਾ ਆਦਿ ਵੀ ਹਾਜ਼ਰ ਸਨ।