ਵਿਧਾਇਕ ਡਾਵਰ, ਨਿਗਮ ਕੌਸਲਰ ਮਮਤਾ ਆਸ਼ੂ ਤੇ ਡੀ.ਸੀ. ਨੇ ਮਹਾਂਮਾਰੀ ਵਿਰੁੱਧ ਮਹੱਤਵਪੂਰਨ ਪ੍ਰਾਪਤੀ ਕਰਾਰ ਦਿੱਤਾ
ਲੁਧਿਆਣਾ, 01 ਅਗਸਤ 2021 ਘਾਤਕ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਲਾਮਿਸਾਲ ਉਪਲੱਬਧੀ ਹਾਸਲ ਕਰਦਿਆਂ, ਜ਼ਿਲ੍ਹੇ ਨੇ ਐਤਵਾਰ ਨੂੰ 1.5 ਮਿਲੀਅਨ ਟੀਕਾਕਰਨ ਦਾ ਆਂਕੜਾ ਪਾਰ ਕੀਤਾ।
16 ਜਨਵਰੀ ਤੋਂ ਸ਼ੁਰੂ ਹੋਈ ਆਪਣੀ ਕੋਵਿਡ ਟੀਕਾਕਰਣ ਮੁਹਿੰਮ ਵਿੱਚ ਲੋਕਾਂ ਦੀ ਸਭ ਤੋਂ ਵੱਧ ਕਵਰੇਜ ਦੇ ਨਾਲ ਲੁਧਿਆਣਾ ਜ਼ਿਲ੍ਹਾ ਪਹਿਲਾਂ ਹੀ ਸੂਬੇ ਦੀ ਅਗਵਾਈ ਕਰ ਰਿਹਾ ਹੈ, ਨੇ ਸਪਲਾਈ ਵਿੱਚ ਘਾਟ ਹੋਣ ਦੇ ਬਾਵਜੂਦ ਸਿਰਫ 43 ਦਿਨਾਂ ਵਿੱਚ 5 ਲੱਖ ਟੀਕਾਕਰਣ ਕੀਤਾ ਹੈ। ਜ਼ਿਲ੍ਹੇ ਨੇ ਇਸ ਸਾਲ 19 ਜੂਨ ਨੂੰ ਇੱਕ ਮਿਲੀਅਨ ਟੀਕਾਕਰਨ ਦੇ ਆਂਕੜੇ ਨੂੰ ਛੂਹਿਆ ਸੀ।
ਲੁਧਿਆਣਾ ਦੇ ਡਾਕਟਰਾਂ, ਪੈਰਾ-ਮੈਡੀਕਲ ਸਟਾਫ ਅਤੇ ਵਸਨੀਕਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ, ਲੁਧਿਆਣਾ ਸੈਂਂਟਰਲ ਦੇ ਵਿਧਾਇਕ ਸ੍ਰੀ ਸੁਰਿੰਦਰ ਡਾਵਰ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਇਸ ਨੂੰ ਇੱਕ ਮਹੱਤਵਪੂਰਨ ਪ੍ਰਾਪਤੀ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਪ੍ਰਸ਼ਾਸਨ ਨੂੰ ਮਹਾਂਮਾਰੀ ਨਾਲ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਸਹਾਇਤਾ ਮਿਲੇਗੀ।
ਉਹ ਖਾਸ ਕਰਕੇ ਸਿਹਤ ਵਿਭਾਗ ਨੂੰ ਵਧਾਈ ਦੇਣ ਲਈ ਸਿਵਲ ਹਸਪਤਾਲ ਪਹੁੰਚੇ ਅਤੇ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀ ਡਾਕਟਰਾਂ, ਨਰਸਿੰਗ ਸਟਾਫ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ ਜੋ ਮੋਹਰੀ ਰਹੇ ਅਤੇ ਇਸ ਵਿਸ਼ਾਲ ਟੀਕਾਕਰਨ ਮੁਹਿੰਮ ਵਿੱਚ 1.5 ਮਿਲੀਅਨ ਲੋਕਾਂ ਦੀ ਸਭ ਤੋਂ ਤੇਜ਼ ਕਵਰੇਜ ਨੂੰ ਯਕੀਨੀ ਬਣਾਇਆ।
ਉਨ੍ਹਾਂ ਕਿਹਾ ਕਿ ਵਾਇਰਸ “ਤੇ ਲਗਾਮ ਲਗਾਉਣ ਲਈ ਟੀਕਾ ਹੀ ਇਕੋ-ਇਕ ਪ੍ਰਭਾਵਸ਼ਾਲੀ ਹਥਿਆਰ ਹੈ ਅਤੇ ਸਮਾਜ ਨੂੰ ਪਹਿਲਾਂ ਵਾਲੀ ਆਮ ਸਥਿਤੀ “ਤੇ ਵਾਪਸ ਲਿਆਉਣ ਵਿਚ ਸਹਾਇਤਾ ਕਰੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸੰਭਾਵਤ ਤੀਜੀ ਲਹਿਰ ਦੇ ਆਉਣ ਤੋਂ ਪਹਿਲਾਂ ਹਰੇਕ ਯੋਗ ਵਿਅਕਤੀ ਨੂੰ ਵੈਕਸੀਨ ਲਗਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਵੈਕਸੀਨ ਕੇਂਦਰ ਸਰਕਾਰ ਦੁਆਰਾ ਸਪਲਾਈ ਕੀਤੀ ਜਾ ਰਹੀ ਹੈ ਅਤੇ ਜਦੋਂ ਵੀ ਇਹ ਆਉਂਦੀ ਹੈ, ਲੋਕਾਂ ਨੂੰ ਬਿਨਾਂ ਦੇਰੀ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕਾਂ ਨੂੰ ਅਜੇ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਵਾਇਰਸ ਅਜੇ ਵੀ ਸਾਡੇ ਵਿਚਕਾਰ ਹੈ ਅਤੇ ਸਾਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ।
ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਦੇ ਰਹਿਣ ਜਿਸ ਵਿੱਚ ਮਾਸਕ ਪਹਿਨਣਾ, ਸਮਾਜਕ ਦੂਰੀ ਬਣਾਈ ਰੱਖਣਾ ਅਤੇ ਹੱਥਾਂ ਦੀ ਸਫਾਈ ਸ਼ਾਮਲ ਰਹਿਣੀ ਚਾਹੀਦੀ ਹੈ ਨਹੀਂ ਤਾਂ ਢਿੱਲਾ ਰਵੱਈਆ ਨਿਸ਼ਚਤ ਰੂਪ ਨਾਲ ਮਹਾਂਮਾਰੀ ਦੀ ਤੀਜੀ ਲਹਿਰ ਨੂੰ ਸੱਦਾ ਦੇਵੇਗਾ।
ਡੀ.ਐਮ.ਸੀ.ਐਚ. ਲੁਧਿਆਣਾ ਤੋਂ ਡਾ. ਬਿਸ਼ਵ ਮੋਹਨ ਨੇ ਕਿਹਾ ਕਿ ਜੇ ਜ਼ਿਲ੍ਹੇ ਦੇ ਸਾਰੇ ਵਸਨੀਕਾਂ ਦਾ ਜਲਦ ਟੀਕਾਕਰਨ ਕੀਤਾ ਜਾਵੇ ਤਾਂ ਤੀਜੀ ਲਹਿਰ ਲੋਕਾਂ ਦੇ ਜੀਵਨ “ਤੇ ਘੱਟੋ-ਘੱਟ ਪ੍ਰਭਾਵ ਪਾਵੇਗੀ। ਉਨ੍ਹਾਂ ਕਿਹਾ ਕਿ ਵੈਕਸੀਨ ਲਗਵਾ ਚੁੱਕੇੇ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਦੀ ਨੌਬਤ ਨਹੀਂ ਆਵੇਗੀ, ਇੱਥੋਂ ਤੱਕ ਕਿ ਜੇਕਰ ਕੋਈ ਵਾਇਰਸ ਨਾਲ ਸੰਕਰਮਿਤ ਹੁੰਦਾ ਹੈ ਤਾਂ ਘਰ ਬੈਠੇ ਹੀ ਇਸਦਾ ਇਲਾਜ ਕੀਤਾ ਜਾ ਸਕਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਟਰ (ਸ਼ਹਿਰੀ ਵਿਕਾਸ) ਸ੍ਰੀ ਸੰਦੀਪ ਕੁਮਾਰ, ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਗਿੱਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਪੁਨੀਤ ਜੁਨੇਜਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।