ਟੀਕਾਕਰਨ ਕੈਂਪ ਦਾ ਉਦਘਾਟਨ ਕਰਦਿਆਂ, ਵੱਡੀ ਗਿਣਤੀ ‘ਚ ਵੈਕਸੀਨੇਸ਼ਨ ਕਰਾਉਣ ਦੀ ਕੀਤੀ ਅਪੀਲ
ਜਗਰਾਉਂ/ਲੁਧਿਆਣਾ, 18 ਅਗਸਤ 2021 ਜ਼ਿਲ੍ਹੇ ਦੇ ਸਾਰੇ ਸਰਕਾਰੀ ਅਧਿਆਪਕਾਂ ਨੂੰ ਟੀਕਾ ਲਗਾਉਣ ਦੇ ਮੱਦੇਨਜ਼ਰ, ਲੁਧਿਆਣਾ ਪ੍ਰਸ਼ਾਸਨ ਨੇ ਅਧਿਆਪਕਾਂ ਲਈ ਸਮਰਪਿਤ ਟੀਕਾਕਰਣ ਕੈਂਪ ਲਗਾਏ ਹਨ। ਪਹਿਲੇ ਕੈਂਪ ਦਾ ਉਦਘਾਟਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ-ਕਮ-ਨੋਡਲ ਅਫਸਰ ਟੀਕਾਕਰਨ ਡਾ. ਨਯਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪ੍ਰਾਇਮਰੀ ਸਕੂਲਾਂ ਦੇ ਸਾਰੇ 3512 ਅਧਿਆਪਕਾਂ ਅਤੇ 1065 ਨਾਨ- ਟੀਚਿੰਗ ਸਟਾਫ ਦਾ ਜਲਦ ਹੀ ਟੀਕਾਕਰਨ ਕੀਤਾ ਜਾਵੇਗਾ।
ਨੋਡਲ ਅਫਸਰ ਨੇ ਅੱਗੇ ਸਾਰੇ ਸਰਕਾਰੀ ਅਧਿਆਪਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਸਾਰੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੂੰ ਟੀਕਾਕਰਨ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਟੀਕਾਕਰਣ ਪੂਰਾ ਕੀਤੇ ਬਗੈਰ ਕਲਾਸ ਵਿੱਚ ਆਉਣ ਦੀ ਆਗਿਆ ਨਹੀਂ ਹੋਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਕੈਂਪ ਆਯੋਜਿਤ ਕੀਤੇ ਜਾਣਗੇ ਤਾਂ ਜੋ ਸਕੂਲ ਸਟਾਫ ਨੂੰ ਉਨ੍ਹਾਂ ਦੇ ਕਾਰਜ ਸਥਾਨ ਦੇ ਨੇੜੇ ਦੀ ਸਹੂਲਤ ਦਿੱਤੀ ਜਾ ਸਕੇ। ਇਸ ਮੌਕੇ ਡੀ.ਈ.ਓ ਪ੍ਰਾਇਮਰੀ ਜਸਵਿੰਦਰ ਕੌਰ, ਡਿਪਟੀ ਡੀ.ਈ.ਓ ਕੁਲਦੀਪ ਅਤੇ ਹੋਰ ਹਾਜ਼ਰ ਸਨ।