ਲੰਪੀ ਸਕਿੱਨ (ਐਲ.ਐਸ.ਡੀ) ਤੋਂ ਬਚਾਅ ਲਈ ਜ਼ਿਲੇ ਵਿੱਚ 10 ਟੀਮਾਂ ਗਠਿਤ: ਡਾ. ਹਰੀਸ਼ ਨਈਅਰ

Lumpy Skin (LSD)
ਲੰਪੀ ਸਕਿੱਨ (ਐਲ.ਐਸ.ਡੀ) ਤੋਂ ਬਚਾਅ ਲਈ ਜ਼ਿਲੇ ਵਿੱਚ 10 ਟੀਮਾਂ ਗਠਿਤ: ਡਾ. ਹਰੀਸ਼ ਨਈਅਰ
ਬਿਮਾਰੀ ਦੇ ਇਲਾਜ ਲਈ 3 ਲੱਖ ਰੁਪਏ ਦੀਆਂ ਦਵਾਈਆਂ ਖਰੀਦ ਕੇ ਪਸ਼ੂ ਪਾਲਕਾਂ ’ਚ ਵੰਡਣੀਆਂ ਜਾਰੀ
ਜ਼ਿਲੇ ਵਿੱਚ ਲੰਪੀ ਸਕਿਨ ਕੰਟਰੋਲ ਹੇਠ: ਡਾ. ਲਖਬੀਰ ਸਿੰਘ
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡਾਂ ਦਾ ਦੌਰਾ, ਕਿਹਾ, ਪਸ਼ੂ ਪਾਲਕਾਂ ਨੂੰ ਡਰਨ ਦੀ ਲੋੜ ਨਹੀਂ

ਬਰਨਾਲਾ, 5 ਅਗਸਤ 2022

ਪਸ਼ੂਆਂ ਵਿੱਚ ਪਾਏ ਜਾ ਰਹੇ ਵਾਇਰਸ ਲੰਪੀ ਸਕਿੱਨ (ਐਲ.ਐਸ.ਡੀ) ਤੋਂ ਬਚਾਅ ਅਤੇ ਇਸ ਤੋਂ ਪ੍ਰਭਾਵਿਤ ਪਸ਼ੂਆਂ ਦੇ ਇਲਾਜ ਲਈ ਪਸ਼ੂ ਪਾਲਣ ਵਿਭਾਗ ਬਰਨਾਲਾ ਵੱਲੋਂ ਵੈਟਰਨਰੀ ਡਾਕਟਰਾਂ ਅਤੇ ਸਹਾਇਕ ਸਟਾਫ ਦੀਆਂ 10 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਦਿੱਤੀ।

ਹੋਰ ਪੜ੍ਹੋ :-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀ ਜਮਾਤ ਦੇ ਪ੍ਰੀਖਿਆਂ ਕੇਂਦਰਾਂ ਨੇੜੇ ਧਾਰਾ 144 ਲਾਗੂ

ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਕਿਹਾ ਕਿ ਪਸ਼ੂਆਂ ਵਿੱਚ ਲੰਪੀ ਸਕਿੱਨ ਡਿਜ਼ੀਜ਼ (ਐਲ.ਐਸ.ਡੀ) ਦੀ ਬਿਮਾਰੀ ਇੱਕ ਵਾਇਰਸ ਹੈ ਅਤੇ ਦੂਜੇ ਜ਼ਿਲਿਆਂ ਦੇ ਮੁਕਾਬਲੇ ਬਰਨਾਲਾ ਜ਼ਿਲੇ ਵਿੱਚ ਇਸ ਦਾ ਪ੍ਰਭਾਵ ਘੱਟ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ 24 ਘੰਟੇ ਇਸ ਬਿਮਾਰੀ ਦੀ ਰੋਕਥਾਮ ਅਤੇ ਇਲਾਜ ਵਿੱਚ ਜੁਟੀਆਂ ਹੋਈਆਂ ਹਨ। ਪੰਜਾਬ ਸਰਕਾਰ ਵੱਲੋਂ ਬਿਮਾਰੀ ਦੀ ਰੋਕਥਾਮ ਲਈ ਜ਼ਿਲੇ ਲਈ 3 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ, ਜਿਸ ਦੀਆਂ ਦਵਾਈਆਂ ਖਰੀਦ ਕੇ ਜ਼ਿਲਾ ਬਰਨਾਲਾ ਦੇ ਪਸ਼ੂ ਪਾਲਕਾਂ ’ਚ ਵੰਡੀਆਂ ਜਾ ਰਹੀਆਂ ਹਨ।

ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਲਖਬੀਰ ਸਿੰਘ ਨੇ ਦੱਸਿਆ ਕਿ ਇਹ ਲਾਗ ਦੀ ਬਿਮਾਰੀ ਗਾਵਾਂ ਵਿੱਚ ਜ਼ਿਆਦਾ ਫੈਲਦੀ ਹੈ ਅਤੇ ਮੱਖੀ, ਮੱਛਰ ਇਸ ਬਿਮਾਰੀ ਨੂੰ ਫੈਲਾਉਣ ਦਾ ਕਾਰਨ ਬਣਦੇ ਹਨ। ਉਨਾਂ ਕਿਹਾ ਕਿ ਚਮੜੀ ਦੀ ਇਸ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਨੂੰ ਪਹਿਲ ਦੇ ਆਧਾਰ ’ਤੇ ਸਿਹਤਮੰਦ ਪਸ਼ੂਆਂ ਤੋਂ ਅਲੱਗ ਕੀਤਾ ਜਾਵੇ। ਉਨਾਂ ਕਿਹਾ ਕਿ ਭਾਵੇਂ ਇਸ ਬਿਮਾਰੀ ਦੀ ਮਨੁੱਖਾਂ ਵਿੱਚ ਲਾਗ ਦੀ ਪੁਸ਼ਟੀ ਨਹੀਂ ਹੋਈ ਹੈ,  ਫਿਰ ਵੀ ਪਸ਼ੂਆਂ ਦੀ ਦੇਖਭਾਲ ਕਰਨ ਵਾਲੇ ਕਾਮਿਆਂ, ਪਸ਼ੂ ਪਾਲਕਾਂ ਨੂੰ ਹੈਂਡ ਸੈਨੇਟਾਈਜ਼ਰ, ਦਸਤਾਨੇ, ਫੇਸ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤੰਦਰੁਸਤ ਗਾਵਾਂ ਨੂੰ ਗੋਟ ਪੌਕਸ ਵੈਕਸੀਨ ਲਗਵਾਉਣ। ਉਨਾਂ ਕਿਹਾ ਕਿ ਲੰਪੀ ਸਕਿੱਨ ਬਿਮਾਰੀ ਨਾਲ ਸਬੰਧਤ ਲੱਛਣ ਮਿਲਣ ਦੀ ਸੂਰਤ ਵਿੱਚ ਪਸ਼ੂ ਪਾਲਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਪਸ਼ੂ ਹਸਪਤਾਲ ਦੇ ਡਾਕਟਰਾਂ, ਸਟਾਫ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਉਨਾਂ ਬਿਮਾਰੀ ਦੇ ਲੱਛਣਾਂ ਬਾਰੇ ਦੱਸਦਿਆਂ ਕਿਹਾ ਕਿ ਇਸ ਬਿਮਾਰੀ ਨਾਲ ਪਸ਼ੂ ਨੂੰ ਤੇਜ਼ ਬੁਖਾਰ ਤੇ ਚਮੜੀ ’ਤੇ ਗੰਢਾਂ ਬਣ ਜਾਂਦੀਆਂ ਹਨ। ਉਨਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਪਸ਼ੂਆਂ ਵਿੱਚ ਇਹ ਬਿਮਾਰੀ ਆਉਣ ਦੀ ਸੂਰਤ ਵਿੱਚ ਬਿਲਕੁਲ ਘਬਰਾਉਣ ਨਾ, ਬਲਕਿ ਨੇੜੇ ਦੇ ਪਸ਼ੂ ਹਸਪਤਾਲ ਨਾਲ ਸੰਪਰਕ ਕਰਨ। ਉਨਾਂ ਕਿਹਾ ਕਿ ਬਰਨਾਲਾ ਜ਼ਿਲੇ ਵਿੱਚ ਇਹ ਬਿਮਾਰੀ ਪੂਰੀ ਤਰਾਂ ਕੰਟਰੋਲ ਹੇਠ ਹੈ ਤੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਪੂਰੀ ਚੌਕਸੀ ਨਾਲ ਜਿਥੇ ਪਸ਼ੂਆਂ ਦਾ ਇਲਾਜ ਕਰ ਰਹੀਆਂ ਹਨ, ਉਥੇ ਲੋਕਾਂ ਨੂੰ ਬਿਮਾਰੀ ਦੀ ਰੋਕਥਾਮ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਲਖਬੀਰ ਸਿੰਘ ਵੱਲੋਂ ਅੱਜ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ, ਜਿੱਥੇ ਉਨਾਂ ਨੇ ਇਸ ਬਿਮਾਰੀ ਨਾਲ ਪੀੜਤ ਪਸ਼ੂਆਂ ਦੇ ਪਾਲਕਾਂ ਨੂੰ ਇਸ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਅਤੇ ਦਵਾਈਆਂ ਵੰਡੀਆਂ। ਉਨਾਂ ਅੱਜ ਪਿੰਡ ਪੱਖੋਕੇ, ਟੱਲੇਵਾਲ, ਬਖ਼ਤਗੜ, ਭੋਤਨਾ ਦਾ ਦੌਰਾ ਕੀਤਾ।  ਇਸ ਤੋਂ ਇਲਾਵਾ ਟੀਮਾਂ ਵੱਲੋਂ ਜ਼ਿਲੇ ’ਚ ਸਥਿਤ ਗਊਸ਼ਾਲਾਵਾਂ ਦੀ ਵੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਟੀਮਾਂ ਵੱਲੋਂ ਮਨਾਲ ਗਊਸ਼ਾਲਾ, ਗਹਿਲ ਗਊਸ਼ਾਲਾ, ਚੰਨਣਵਾਲ ਗਊਸ਼ਾਲਾ, ਹੰਡਿਆਇਆ ਗਊਸ਼ਾਲਾ ਆਦਿ ਦਾ ਦੌਰਾ ਕੀਤਾ ਗਿਆ।
ਉਨਾਂ ਦੱਸਿਆ ਕਿ ਜ਼ਿਲੇ ਵਿੱਚ ਤਾਇਨਾਤ ਸਾਰੇ ਅਫ਼ਸਰਾਂ ਵੱਲੋਂ ਆਪਣੇ ਆਪਣੇ ਅਧਿਕਾਰਿਤ ਖੇਤਰਾਂ ’ਚ ਨਿਰੰਤਰ ਇਸ ਸਬੰਧੀ ਕੰਮ ਕੀਤਾ ਜਾ ਰਿਹਾ ਹੈ। ਜ਼ਿਲਾ ਬਰਨਾਲਾ ’ਚ ਇੱਕ ਪੋਲੀਕਲੀਨਿਕ ਬਰਨਾਲਾ ਵਿਖੇ ਅਤੇ 29 ਪਸ਼ੂ ਪਾਲਣ ਡਿਸਪੈਂਸਰੀਆਂ ਵੱਖ ਵੱਖ ਥਾਵਾਂ ’ਤੇ ਸਥਿਤ ਹਨ। ਪਸ਼ੂ ਬਿਮਾਰ ਹੋਣ ਦੀ ਸੂਰਤ ਵਿਚ ਇਨਾਂ ਥਾਵਾਂ ਤੋਂ ਮਦਦ ਲਈ ਜਾ ਸਕਦੀ ਹੈ।
Spread the love