ਅਮਨ ਕਾਨੂੰਨ ਨੂੰ ਬਣਾਈ ਰੱਖਣਾ ਤੇ ਨਸ਼ੇ ਦੀ ਰੋਕਥਾਮ ਮੁੱਖ ਤਰਜੀਹ-ਐਸ.ਐਸ.ਪੀ. ਅਵਨੀਤ ਕੌਰ

SSP Mrs. Avneet Kaur Sidhu
ਅਮਨ ਕਾਨੂੰਨ ਨੂੰ ਬਣਾਈ ਰੱਖਣਾ ਤੇ ਨਸ਼ੇ ਦੀ ਰੋਕਥਾਮ ਮੁੱਖ ਤਰਜੀਹ-ਐਸ.ਐਸ.ਪੀ. ਅਵਨੀਤ ਕੌਰ
ਮੀਡੀਆ ਸਾਥੀਆਂ ਨੂੰ ਪੁਲਿਸ ਪ੍ਰਸ਼ਾਸਨ ਨਾਲ ਤਾਲਮੇਲ ਬਣਾਈ ਰੱਖਣ ਦੀ ਅਪੀਲ
ਫਾਜ਼ਿਲਕਾ 23 ਫਰਵਰੀ 2023
ਜ਼ਿਲ੍ਹੇ ਦੇ ਨਵ ਨਿਯੁਕਤ ਐਸ.ਐਸ.ਪੀ ਸ੍ਰੀਮਤੀ ਅਵਨੀਤ ਕੌਰ ਸਿਧੂ ਵਲੋਂ ਮੀਡੀਆ ਸਾਥੀਆਂ ਨਾਲ ਦਫਤਰ ਵਿਖੇ ਪਹਿਲੀ ਪ੍ਰੈੱਸ ਮਿਲਣੀ ਕੀਤੀ ਗਈ। ਇਸ ਮੌਕੇ ਡੀ.ਐਸ.ਪੀ. ਕੈਲਾਸ਼ ਚੰਦਰ ਵੀ ਮੌਜੂਦ ਸਨ।
ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ ਅਵਨੀਤ ਕੌਰ  ਨੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕਰਨਾ, ਅਮਨ ਕਾਨੂੰਨ ਨੂੰ ਬਣਾਈ ਰੱਖਣਾ ਤੇ ਨਸ਼ੇ ਦੀ ਰੋਕਥਾਮ ਉਨਾਂ ਦੀ ਮੁੱਖ ਤਰਜੀਹ ਹੋਵੇਗੀ। ਉਨਾਂ ਅੱਗੇ ਕਿਹਾ ਕਿ ਫਾਜ਼ਿਲਕਾ ਜ਼ਿਲ੍ਹਾ ਸਰਹੱਦੀ ਹੈ ਤੇ ਸਰਹੱਦ ’ਤੇ ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਪੁਲਿਸ ਵਲੋਂ ਬੀ.ਐਸ.ਐਫ ਦੇ ਨਾਲ ਸਹਿਯੋਗ ਕਰਕੇ ਇਸ ਨਾਮੁਰਾਦ ਬਿਮਾਰੀ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇਗਾ। ਉਨਾਂ ਸ਼ਹਿਰ ਅੰਦਰ ਨਸ਼ੇ/ਚੋਰੀਆਂ ਆਦਿ ਨੂੰ ਖਤਮ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਵਲੋਂ ਲਗਾਤਾਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਤੇ ਲੋਕਾਂ ਦੇ ਸਹਿਯੋਗ ਨਾਲ ਇਨਾਂ ਬੁਰਾਈਆਂ ਨੂੰ ਖਤਮ ਕੀਤਾ ਜਾਵੇਗਾ।
ਐਸ.ਐਸ.ਪੀ ਨੇ ਅੱਗੇ ਕਿਹਾ ਕਿ ਸ਼ਹਿਰ ਅੰਦਰ ਬਿਨਾਂ ਨੰਬਰ ਪਲੇਟਾਂ ਦੇ ਵਾਹਨ ਤੇ ਚੋਰੀ ਦੇ ਵਾਹਨ ਆਦਿ ਵਿਰੁੱਧ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ ਅਤੇ ਪੁਲਿਸ ਨਾਕਿਆਂ ਤੇ ਪੂਰੀ ਮੁਸ਼ਤੈਦੀ ਰੱਖੀ ਜਾਵੇਗੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ। ਉਨਾਂ ਸ਼ਹਿਰ ਅੰਦਰ ਟਰੈਫਿਕ ਵਿਵਸਥਾ ਅਤੇ ਨਾਜਇਜ਼ ਕਬਜ਼ਿਆਂ ਨੂੰ ਹਟਾਉਣ ਦੀ ਗੱਲ ਕਰਦਿਆਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਤੇ ਲੋਕਾਂ ਦੇ ਸਮੂਹਿਕ ਸਹਿਯੋਗ ਨਾਲ ਆਵਾਜਾਈ ਦੀ ਸੁਚਾਰੂ ਢੰਗ ਨਾਲ ਰੱਖਣ ਲਈ ਵਿਸ਼ੇਸ ਯਤਨ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਅਵਾਜਾਈ ਦੌਰਾਨ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਐਸ.ਐਸ.ਪੀ ਨੇ ਦੁਹਰਾਇਆ ਕਿ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ। ਲੋਕਾਂ ਨੂੰ ਨਿਆਂ ਦਿਵਾਉਣਾ ਪੁਲਿਸ ਪ੍ਰਸ਼ਾਸਨ ਦੀ ਪਹਿਲ ਹੋਵੇਗੀ ਅਤੇ ਥਾਣਿਆਂ, ਪੁਲਿਸ ਚੌਂਕੀਆਂ ਅਤੇ ਪੁਲਿਸ ਵਿਭਾਗ ਦੇ ਦਫਤਰਾਂ ਵਿਚ ਲੋਕਾਂ ਦੀ ਹਰ ਮੁਸ਼ਕਿਲ ਹੱਲ ਕੀਤੀ ਜਾਵੇਗੀ। ਸਮਾਜ ਵਿਰੋਧੀ ਅਨਸਰਾਂ ਵਿਰੁੱਧ ਨਕੇਲ ਹੋਰ ਕੱਸੀ ਜਾਵੇਗੀ ਅਤੇ ਜ਼ਿਲ੍ਹੇ ਅੰਦਰ ਅਮਨ, ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਪੁਲਿਸ ਪ੍ਰਸ਼ਾਸਨ ਦੀ ਪ੍ਰਮੁੱਖਤਾ ਹੋਵੇਗੀ।
ਐਸ.ਐਸ.ਪੀ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਦਾ ਦਫ਼ਤਰ ਵਿਖੇ ਆਉਣ ’ਤੇ ਪੂਰੇ ਮਾਣ ਤੇ ਸਤਿਕਾਰ ਨਾਲ ਉਨਾਂ ਦੀ ਗੱਲ ਸੁਣਨ ਅਤੇ ਉਨਾਂ ਦੀ ਮੁਸ਼ਕਿਲ ਪਹਿਲ ਦੇ ਆਧਾਰ ’ਤੇ ਹੱਲ ਕਰਨ।
Spread the love