ਮੇਜਰ ਜਨਰਲ ਮਨੋਜ ਕੁਮਾਰ ਨੇ ਹਥਿਆਰਬੰਦ ਝੰਡਾ ਦਿਵਸ ਮੌਕੇ ਫੌਜੀ ਜਵਾਨਾਂ ਦੀ ਬੇਮਿਸਾਲ ਬਹਾਦਰੀ ਨੂੰ ਕੀਤਾ ਯਾਦ

ਮੇਜਰ ਜਨਰਲ ਮਨੋਜ ਕੁਮਾਰ
ਮੇਜਰ ਜਨਰਲ ਮਨੋਜ ਕੁਮਾਰ ਨੇ ਹਥਿਆਰਬੰਦ ਝੰਡਾ ਦਿਵਸ ਮੌਕੇ ਫੌਜੀ ਜਵਾਨਾਂ ਦੀ ਬੇਮਿਸਾਲ ਬਹਾਦਰੀ ਨੂੰ ਕੀਤਾ ਯਾਦ
ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੁਤਾ ਦੀ ਸੁਰੱਖਿਆ ਲਈ ਹਥਿਆਰਬੰਦ ਸੈਨਾ ਵੱਲੋਂ ਨਿਭਾਈ ਅਹਿਮ ਭੁਮਿਕਾ ਨੂੰ ਕੀਤਾ ਸਲਾਮ  

ਜਲੰਧਰ, 7 ਦਸੰਬਰ 2021

ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ, ਸੇਵਾ ਕਰ ਰਹੇ ਸੈਨਿਕਾਂ ਅਤੇ ਸੇਵਾ ਮੁਕਤ ਸੈਨਿਕਾਂ ਦੀ ਬਹਾਦਰੀ ਨੂੰ ਸਲਾਮ ਕਰਨ ਵਾਸਤੇ ਅੱਜ ਸਥਾਨਕ ਪੰਜਾਬ ਸਟੇਟ ਵਾਰ ਮੈਮੋਰੀਅਲ, ਨੇੜੇ ਬੱਸ ਸਟੈਂਡ ਜਲੰਧਰ ਵਿਖੇ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ। ਇਸ ਮੌਕੇ ਜਿਥੇ ਮੇਜਰ ਜਨਰਲ ਮਨੋਜ ਕੁਮਾਰ, ਸੈਨਾ ਮੈਡਲ, ਵਸ਼ਿਸ਼ਟ ਸੇਵਾ ਮੈਡਲ, ਜਨਰਲ ਆਫਿਸ ਕਮਾਂਡਿੰਗ, ਹੈਡਕੁਆਟਰਜ਼ 91, ਸਬ ਏਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਥੇ ਉਪ ਮੰਡਲ ਮੈਜਿਸਟ੍ਰੇਟ ਬਲਬੀਰ ਰਾਜ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੰਗੀ ਯਾਦਗਾਰ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਹੋਰ ਪੜ੍ਹੋ :-ਲੁਧਿਆਣਾ ਵਿਖੇ ਮਨਾਇਆ ਗਿਆ ਹਥਿਆਰਬੰਦ ਸੈਨਾ ਝੰਡਾ ਦਿਵਸ

ਮੇਜਰ ਜਨਰਲ ਮਨੋਜ ਕੁਮਾਰ ਨੇ ਜੰਗੀ ਯਾਦਗਾਰ ‘ਤੇ ਸ਼ਰਧਾ ਫੁੱਲ ਭੇਟ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ਦੇਸ਼ ਲਈ ਆਪਣੀਆਂ ਜਾਨਾ ਵਾਰਨ ਵਾਲੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸਮੁੱਚੇ ਦੇਸ਼ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਦੇ ਨਾਲ ਕੁਦਤਰੀ ਆਫ਼ਤਾਂ ਜਿਵੇਂ ਹੜ੍ਹ, ਭੂਚਾਲ, ਤੂਫਾਨ ਆਦਿ ਵਿੱਚ ਵੀ ਜਾਨ ਦੀ ਬਾਜ਼ੀ ਲਾ ਕੇ ਹਰ ਮੁਸ਼ਕਲ ਨਾਲ ਲੋਹਾ ਲੈਣ ਲਈ ਹਰ ਸਮੇਂ ਤਿਆਰ ਰਹਿਣ ਵਾਲੇ ਸਾਡੇ ਬਹਾਦਰ ਸੈਨਿਕਾਂ ਕਾਰਨ ਦੇਸ਼ ਵਾਸੀ ਆਪਣੇ ਘਰਾਂ ਵਿੱਚ ਚੈਨ ਦੀ ਨੀਂਦ ਸੌਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬਹਾਦਰ ਫੌਜੀ ਜਵਾਨਾਂ ‘ਤੇ ਮਾਣ ਹੈ।

ਇਸ ਮੌਕੇ ਮੁੱਖ ਮਹਿਮਾਨ ਵੱਲੋਂ ਫਲੈਗ ਡੇ ਫੰਡ ਵਿੱਚੋਂ 42 ਲੋੜਵੰਦ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਿਥੇ 3,74000 ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ਤਕਸੀਮ ਕੀਤੇ ਗਏ ਉਥੇ ਪਿਛਲੇ ਸਾਲ ਦੇ 15 ਯੋਗਦਾਨ ਦੇਣ ਵਾਲਿਆਂ ਨੂੰ ਵਿਸ਼ੇਸ਼ ਤੌਰ ‘ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਤੋਂ ਪਹਿਲਾਂ ਉਪ ਮੰਡਲ ਮੈਜਿਸਟ੍ਰੇਟ ਬਲਬੀਰ ਰਾਜ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਮਹੱਤਵਪੂਰਣ ਦਿਨ ਸਾਨੂੰ ਹਥਿਆਰਬੰਦ ਸੈਨਾ ਨਾਲ ਆਪਣੀ ਇਕਜੁੱਟਤਾ ਦੁਹਰਾਉਣ ਅਤੇ ਸਾਬਕਾ ਸੈਨਿਕਾਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਦਾ ਮੌਕਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਹਰ ਸੈਨਿਕ ਦੇਸ਼ ਦੀ ਸੇਵਾ ਅਤੇ ਵਰਦੀ ਦੀ ਸ਼ਾਨ ਬਹਾਲ ਰੱਖਣ ਲਈ ਆਪਣੀ ਜ਼ਿੰਦਗੀ ਵਾਰਣ ਲਈ ਹਰ ਸਮੇਂ ਤਿਆਰ ਰਹਿੰਦਾ ਹੈ, ਜੋ ਕਿ ਸਾਡੇ ਸਾਰਿਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।  ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਸੂਰਬੀਰ ਤੇ ਬਹਾਦਰ ਯੋਧਿਆਂ ‘ਤੇ ਫਖ਼ਰ ਕਰਨਾ ਚਾਹੀਦਾ ਹੈ ।

ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਬਜ਼ੁਰਗ ਜਾਂ ਸੇਵਾਮੁਕਤ ਸਿਪਾਹੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਉਣ ਦੀ ਸੂਰਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਫਲੈਗ ਡੇ ਫੰਡ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਣ ਲਈ ਅਪੀਲ ਕੀਤੀ ਅਤੇ ਕਿਹਾ ਇਹ ਫੰਡ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਵਰਗੇ ਨੇਕ ਕੰਮ ਲਈ ਵਰਤਿਆ ਜਾਂਦਾ ਹੈ।

ਇਸ ਦੌਰਾਨ ਕਰਨਲ ਦਲਵਿੰਦਰ ਸਿੰਘ, ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ ਨੇ ਸ਼ਹੀਦਾਂ ਅਤੇ ਸੈਨਿਕਾ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਦਿਆਂ ਇਸ ਦਿਵਸ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।

ਸਮਾਰੋਹ ਦੀ ਸ਼ੁਰੂਆਤ ਵਿੱਚ ਦੇਸ਼ ਦੀ ਖਾਤਰ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਗੌਰਮਿੰਟ ਕੋ-ਐਜੂਕੇਸ਼ਨ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ, ਜਲੰਧਰ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਉਪਰੰਤ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ।

ਅਖੀਰ ਵਿੱਚ ਬ੍ਰਿਗੇਡੀਅਰ ਇੰਦਰਜੀਤ ਸਿੰਘ, ਸੈਨਾ ਮੈਡਲ, ਉਪ ਪ੍ਰਧਾਨ ਨੇ ਸਮਾਰੋਹ ਵਿੱਚ ਸ਼ਾਮਿਲ ਹੋਏ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਲੈਫਟੀਨੈਂਟ ਜਨਰਲ ਏ.ਐਸ.ਬਾਹੀਆ, ਲੈਫਟੀਨੈਂਟ ਜਨਰਲ ਗੁਰਦੀਪ ਸਿੰਘ, ਮੇਜਰ ਜਨਰਲ ਹਰਵਿੰਦਰ ਸਿੰਘ, ਮੇਜਰ ਜਨਰਲ ਐਸ.ਐਸ.ਪਵਾਰ, ਮੇਜਰ ਜਨਰਲ ਅਮਰੀਕ ਸਿੰਘ, ਬ੍ਰਿਗੇਡੀਅਰ ਜੇ.ਐਸ.ਜਸਵਾਲ, ਬ੍ਰਿਗੇਡੀਅਰ ਮਨਜੀਤ ਸਿੰਘ, ਬ੍ਰਿਗੇਡੀਅਰ ਕੇ.ਐਸ.ਕਾਹਲੋਂ, ਬ੍ਰਿਗੇਡੀਅਰ ਐਸ.ਪੀ. ਸਿੰਘ, ਕਰਨਲ ਮਨਮੋਹਨ ਸਿੰਘ, ਕਰਨਲ ਐਚ.ਪੀ.ਸਿੰਘ, ਕਰਨਲ ਹਰਜਿੰਦਰ ਸਿੰਘ ਸੰਘਾ, ਕਰਨਲ ਆਰ.ਐਸ.ਸੇਖੋਂ, ਕਰਨਲ ਜੀ.ਐਸ ਮੁਲਤਾਨੀ, ਕਰਨਲ ਐਸ.ਐਸ.ਗੋਰਾਇਆ, ਕਰਨਲ ਸੀ.ਐਸ. ਚਾਹਲ ਅਤੇ ਵਿਕਾਸ ਕੁਮਾਰ ਸੁਪਰਡੈਂਟ, ਬਲਦੇਵ ਸਿੰਘ, ਜਸਵਿੰਦਰ ਸਿੰਘ, ਹਰਭਜਨ ਸਿੰਘ, ਇੰਦਰਜੀਤ ਸਿੰਘ, ਸੁਖਵੰਤ ਸਿੰਘ, ਪਵਨ ਕੁਮਾਰ, ਮਨਪ੍ਰੀਤ ਕੌਰ, ਹਰਜਿੰਦਰ ਸਿੰਘ, ਹਰਜੀਤ ਸਿੰਘ ਅਤੇ ਗੁਰਮੁੱਖ ਸਿੰਘ ਵੀ ਮੌਜੂਦ ਸਨ।

Spread the love