ਮਲਚਿਕ ਤਕਨੀਕ ਰਾਹੀਂ ਘੱਟ ਖਰਚੇ ਵਿੱਚ ਕਣਕ ਦੀ ਬਿਜਾਈ ਕਰਕੇ ਵਧੇਰੇ ਝਾੜ ਪ੍ਰਾਪਤ ਕਰ ਰਿਹੈ ਜ਼ਿਲ੍ਹੇ ਦਾ ਅਗਾਂਹਵਧੂ ਕਿਸਾਨ ਮਲਕੀਤ ਸਿੰਘ

 ਫਾਜ਼ਿਲਕਾ 3 ਨਵੰਬਰ :- 

                   ਫਾਜ਼ਿਲਕਾ ਦੇ ਪਿੰਡ ਬਾਧਾ ਦਾ ਕਿਸਾਨ ਮਲਕੀਤ ਸਿੰਘ ਜੋ ਕਿ ਆਪਣੀ ਝੋਨੇ ਦੀ ਪਰਾਲੀ ਨੂੰ ਮਲਚਿਕ ਤਕਨੀਕ ਰਾਹੀਂ ਮਲਚਰ ਜਾਂ ਰੀਪਰ ਨਾਲ ਕੁਤਰਣ ਤੋਂ ਬਾਅਦ ਕਣਕ ਦੀ ਬਿਜਾਈ ਕਰ ਰਿਹਾ ਹੈ। ਅਜਿਹਾ ਕਰਨ ਨਾਲ ਜਿੱਥੇ ਉਸ ਦੀ ਜਮੀਨ ਦੀ ਹਾਲਤ ਸੁਧਰਨ ਨਾਲ ਫਸਲ ਦਾ ਝਾੜ ਵਧਿਆ ਹੈ ਉੱਥੇ ਹੀ ਘੱਟ ਖਰਚੇ ਲਗਭਗ 500 ਤੋਂ 600 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਣਕ ਦੀ ਫਸਲ ਉਗਾ ਰਿਹਾ ਹੈ।

          ਕਿਸਾਨ ਦਾ ਕਹਿਣਾ ਹੈ ਕਿ ਉਹ ਆਪਣੇ 20 ਏਕੜ ਵਿੱਚ ਝੋਨੇ ਅਤੇ ਕਣਕ ਦੀ ਖੇਤੀ ਕਰਦਾ ਹੈ ਤੇ ਪਿਛਲੇ ਲਗਭਗ 10 ਸਾਲਾਂ ਤੋਂ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾ ਰਿਹਾ ਹੈ। ਕਿਸਾਨ ਨੇ ਕਿਹਾ ਕਿ ਮਲਚਿਕ ਤਕਨੀਕ ਉਸ ਲਈ ਬਹੁਤ ਹੀ ਕਾਰਗਰ ਹੋਈ ਹੈ ਤੇ ਉਹ ਖੜ੍ਹੀ ਪਰਾਲੀ ਵਿੱਚ ਕਣਕ ਦਾ ਛੱਟਾ ਦੇ ਕੇ ਉਪਰੋ ਮਲਚਰ ਜਾਂ ਰੀਪਰ ਮਾਰ ਕੇ ਕਣਕ ਦੀ ਬਿਜਾਈ ਕਰਦਾ ਹੈ ਤੇ ਫਿਰ ਪਾਣੀ ਲਗਾ ਦਿੰਦਾ ਹੈ। ਅਜਿਹਾ ਕਰਨ ਨਾ ਜਿੱਥੇ ਪਰਾਲੀ ਖੇਤ ਵਿੱਚ ਜਜਬ ਹੋ ਜਾਂਦੀ ਹੈ ਉੱਥੇ ਕਣਕ ਵੀ ਵਧੀਆ ਉੱਗਦੀ ਹੈ।

          ਇਸ ਤੋਂ ਪਹਿਲਾ ਉਹ ਅਲੱਗ ਅਲੱਗ ਤਰੀਕਿਆਂ ਜਿਵੇਂ ਕਿ ਖੜੇ ਪਾਣੀ ਵਿੱਚ ਰੋਟਾਵੇਟਰ ਨਾਲ ਪਰਾਲੀ ਨੂੰ ਦਬਾਉਂਦਾ ਰਿਹਾ ਤੇ ਪਲੋਅ ਦੀ ਮਦਦ ਨਾਲ ਪਰਾਲੀ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਮਿਲਾਉਂਦਾ ਰਿਹਾ ਤੇ ਫਿਰ ਹੈਪੀਸੀਡਰ ਨਾਲ ਪਰਾਲੀ ਨੂੰ ਖੇਤ ਵਿੱਚ ਦਬਾ ਕੇ ਕਣਕ ਦੀ ਬਿਜਾਈ ਕਰਦਾ ਹੈ। ਕਿਸਾਨ ਨੇ ਕਿਹਾ ਕਿ ਵਿਭਾਗ ਵੱਲੋਂ ਕੰਬਾਇਨ ਵਾਲਿਆਂ ਨੂੰ ਐੱਸ.ਏ.ਮੈੱਸ ਮਸੀਨ ਕੰਬਾਇਨ ਨਾਲ ਲਗਾ ਕੇ ਕਟਾਈ ਕਰਨ ਲਈ ਕਿਹਾ ਗਿਆ ਜਿਸ ਨਾਲ ਫਸਲ ਦੀ ਕਟਾਈ ਕਰਵਾਉਣ ਤੋਂ ਬਾਅਦ ਉਸ ਨੂੰ ਕਾਫੀ ਫਾਇਦਾ ਹੋਇਆ ਹੈ ਤੇ ਹੁਣ ਫਸਲ ਦੀ ਬਿਜਾਈ ਕਰਨ ਤੇ ਖਰਚਾ ਵੀ ਕਾਫੀ ਹੱਦ ਤੱਕ ਘਟਿਆ ਹੈ। ਕਿਸਾਨ ਨੇ ਦੱਸਿਆ ਕਿ ਐੱਸ.ਏ.ਮੈੱਸ ਯੁਕਤ ਕੰਬਾਇਨ ਨਾਲ ਝੋਨੇ ਨੂੰ ਕੱਟਣ ਤੋਂ ਬਾਅਦ ਉਹ ਆਪਣੇ ਕੁਝ ਕੁ ਰਕਬੇ ਵਿੱਚ ਹੈਪੀਸੀਡਰ ਦੀ ਵਰਤੋਂ ਨਾਲ ਵੀ ਕਣਕ ਦੀ ਬਿਜਾਈ ਕਰ ਰਿਹਾ ਹੈ ਜੋ ਕਿ ਕਾਫੀ ਵਧੀਆ ਤਕਨੀਕ ਹੈ। ਇਸੇ ਤਰ੍ਹਾਂ ਉਹ ਆਪਣੀ ਕਣਕ ਦੀ ਫਸਲ ਦੀ ਰਹਿੰਦ-ਖੂੰਹਦ ਦੀ ਤੂੜੀ ਬਣਾ ਕੇ ਬਾਕੀ ਬਚੀ ਰਹਿੰਦ ਖੂੰਹਦ ਨੂੰ ਆਪਣੇ ਖੇਤਾਂ ਵਿੱਚ ਹੀ ਵਾਹ ਦਿੰਦਾ ਹੈ। ਕਿਸਾਨ ਦਾ ਇਹ ਵੀ ਕਹਿਣਾ ਹੈ ਕਿ ਉਹ ਹੁਣ ਲਗਾਤਾਰ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਦਾ ਰਹਿੰਦਾ ਹੈ ਤੇ ਵਿਭਾਗ ਦੇ ਮਾਹਰਾਂ ਦੇ ਦੱਸੇ ਅਨੁਸਾਰ ਹੀ ਜਮੀਨ `ਤੇ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਦਾ ਹੈ ਤੇ ਲੋੜ ਅਨੁਸਾਰ ਹੀ ਸਪਰੇਅ ਕਰਦਾ ਹੈ।

          ਕਿਸਾਨ ਨੇ ਜ਼ਿਲ੍ਹੇ ਦੇ ਹੋਰਨਾਂ ਕਿਸਾਨਾ ਨੂੰ ਵੀ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਅਤੇ ਆਧੁਨਿਕ ਸੰਦਾਂ ਦੀ ਮਦਦ ਨਾਲ ਇਸ ਫਸਲ ਦੀ ਰਹਿੰਦ ਖੂੰਹਦ ਨੂੰ ਜ਼ਮੀਨ ਵਿੱਚ ਹੀ ਰਲਾਉਣ। ਇਸ ਤਰ੍ਹਾਂ ਕਰਨ ਨਾਲ ਸਾਡੀ ਜਮੀਨ ਦੀ ਉਪਜਾਊ ਸਕਤੀ ਵੀ ਵਧੇਗੀ ਅਤੇ ਜਮੀਨ ਵਿਚਲੇ ਮਿੱਤਰ ਕੀੜੇ ਵੀ ਨਸਟ ਨਹੀਂ ਹੋਣਗੇ ਅਤੇ ਸਾਡੀ ਅਗਲੀ ਫਸਲ ਦਾ ਝਾੜ ਵੀ ਵਧੇਗਾ। ਕਿਸਾਨ ਨੇ ਕਿਹਾ ਕਿ ਸਮੂਹ ਕਿਸਾਨ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਾਇਮ ਕਰਨ ਅਤੇ ਅਗਲੇਰੀ ਪੀੜ੍ਹੀ ਨੂੰ ਸ਼ੁੱਧ, ਸਾਫ-ਸੁਥਰਾ ਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਮੁਹੱਈਆ ਕਰਵਾਉਣ ਵੀ ਆਪਣਾ ਅਹਿਮ ਯੋਗਦਾਨ ਪਾਉਣ।

            ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਡਾ. ਰਾਜਿੰਦਰ ਕੰਬੋਜ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਕਿਉਂਕਿ ਅਜਿਹਾ ਕਰਨ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਓਥੇ ਵਾਤਾਵਰਨ ਵੀ ਪ੍ਰਦੂਸ਼ਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਨੂੰ ਖੇਤਾਂ ਵਿਚ ਪ੍ਰਬੰਧਨ ਕਰਨ ਲਈ ਕਿਸਾਨਾਂ ਨੂੰ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਜੀਰੋ ਡਰਿਲ, ਐਮ.ਬੀ. ਪਲੋਅ, ਚੋਪਰ ਕਮ ਸ਼ਰੈਡਰ, ਮਲਚਰ, ਰੋਟਰੀ ਸਲੈਸਰ, ਸੁਪਰ ਐਸ.ਐਮ.ਐਸ ਆਦਿ ਨਵੀਨਤਮ ਖੇਤੀ ਮਸ਼ੀਨਰੀ  ਸਬਸਿਡੀ ’ਤੇ ਮੁਹੱਈਆ ਕਰਵਾਈ ਜਾ ਰਹੀ ਹੈ।

 

ਹੋਰ ਪੜੋ :-
ਡੇਂਗੂ ਤੋਂ ਬਚਾਅ ਲਈ ਲਗਾਤਾਰ ਕੀਤਾ ਜਾ ਰਿਹੈ ਲੋਕਾਂ ਨੂੰ ਜਾਗਰੂਕ:  ਡਾ. ਔਲ਼ਖ

Spread the love