ਮੰਡੀ ਬੋਰਡ ਵੱਲੋਂ ਕਾਰਵਾਈ ਰਿਪੋਰਟ ਪੇਸ਼

news makahni
news makhani
ਮੰਡੀਆਂ ਵਿੱਚ ਖੜ੍ਹੇ ਪਾਣੀ ਨੂੰ ਬਾਹਰ ਕੱਢਿਆ
ਸਾਰੀਆਂ ਮੰਡੀਆਂ ਹੁਣ ਖ਼ਰੀਦ ਕਾਰਜਾਂ ਲਈ ਪੂਰੀ ਤਰ੍ਹਾਂ ਤਿਆਰ
ਚੰਡੀਗੜ੍ਹ, 25 ਅਕਤੂਬਰ:
ਮੁੱਖ ਮੰਤਰੀ ਦੀਆਂ ਹਦਾਇਤਾਂ `ਤੇ ਕਾਰਵਾਈ ਅਤੇ ਅੱਜ ਸਵੇਰੇ ਸਾਰੀਆਂ ਖਰੀਦ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਦੀ ਪਾਲਣਾ ਕਰਦਿਆਂ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਪਿਛਲੇ ਦੋ ਦਿਨਾਂ ਤੋਂ ਸੂਬੇ ਵਿੱਚ ਪਏ ਭਾਰੀ ਮੀਂਹ ਤੋਂ ਬਾਅਦ ਮੰਡੀਆਂ ਵਿੱਚੋਂ ਪਾਣੀ ਕੱਢਣ ਬਾਰੇ ਅੱਜ ਕਾਰਵਾਈ ਰਿਪੋਰਟ ਪੇਸ਼ ਕੀਤੀ।
ਅੱਜ ਸ਼ਾਮ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਸਾਰੀਆਂ ਖਰੀਦ ਏਜੰਸੀਆਂ ਦੀ ਮੀਟਿੰਗ ਦੌਰਾਨ ਵੇਰਵੇ ਦਿੰਦਿਆਂ ਰਵੀ ਭਗਤ ਨੇ ਦੱਸਿਆ ਕਿ ਸੂਬੇ ਦੀਆਂ 2000 ਤੋਂ ਵੱਧ ਆਰਜ਼ੀ ਅਤੇ ਸਥਾਈ ਮੰਡੀਆਂ ਲਗਾਤਾਰ ਮੀਂਹ ਪੈਣ ਕਰਕੇ  ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਵਿੱਚੋਂ 40 ਮੰਡੀਆਂ ਵਿੱਚ ਪਾਣੀ ਭਰਨ ਦੇ ਨਾਲ ਨਾਲ ਚਿੱਕੜ ਹੋਣ ਕਰਕੇ ਕਈ ਗੰਭੀਰ ਸਮੱਸਿਆਵਾਂ ਪੇਸ਼ ਆਈਆਂ।ਦਿਨ ਭਰ ਮੋਟਰਾਂ ਨਾਲ ਮੰਡੀਆਂ `ਚੋਂ ਪਾਣੀ ਕੱਢਿਆ ਗਿਆ ਅਤੇ ਮੰਡੀਆਂ ਵਾਲੀਆਂ ਥਾਵਾਂ ਨੂੰ ਸੁਕਾਉਣ ਅਤੇ ਸਫ਼ਾਈ ਦੇ ਕੰਮ ਲਈ ਵੱਡੇ ਪੱਧਰ `ਤੇ ਲੇਬਰ ਲਗਾਈ ਗਈ।

ਹੋਰ ਪੜ੍ਹੋ :-ਮਾਲ ਮੰਤਰੀ ਅਰੁਨਾ ਚੌਧਰੀ ਵੱਲੋਂ ਫ਼ਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼

ਰਵੀ ਭਗਤ ਨੇ ਕਿਹਾ ਕਿ ਇਨ੍ਹਾਂ ਸਮਰਪਿਤ ਯਤਨਾਂ ਦੇ ਨਤੀਜੇ ਵਜੋਂ ਅੱਜ ਸ਼ਾਮ 4 ਵਜੇ ਤੱਕ ਨਾਭਾ, ਭਵਾਨੀਗੜ੍ਹ, ਅਗੋਲ, ਭਾਦਸੋਂ ਅਤੇ ਸੌਜਾ ਦੀਆਂ ਪੰਜ ਮੰਡੀਆਂ ਨੂੰ ਛੱਡ ਕੇ ਰਾਜ ਦੀਆਂ ਸਾਰੀਆਂ ਮੰਡੀਆਂ ਪੂਰੀ ਤਰ੍ਹਾਂ ਆਪਣੀ ਆਮ ਸਥਿਤੀ ਵਿੱਚ ਆ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੰਜ ਮੰਡੀਆਂ ਵਿੱਚ ਇਸ ਵੇਲੇ ਜੰਗੀ ਪੱਧਰ `ਤੇ ਕੰਮ ਚੱਲ ਰਿਹਾ ਹੈ ਅਤੇ ਇਹ ਭਲਕੇ ਸੂਰਜ ਚੜ੍ਹਨ ਤੱਕ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਣਗੀਆਂ।

 

ਰਵੀ ਭਗਤ ਨੇ ਇਹ ਵੀ ਦੱਸਿਆ ਕਿ ਸਾਰੀਆਂ ਮੰਡੀਆਂ ਵਿੱਚ ਅਗਾਊਂ ਪ੍ਰਬੰਧ ਕੀਤੇ ਗਏ ਸਨ ਅਤੇ ਝੋਨੇ ਦੇ ਭੰਡਾਰ ਨੂੰ ਤਰਪਾਲਾਂ ਨਾਲ ਢਕ ਦਿੱਤਾ ਗਿਆ ਸੀ। ਹਾਲਾਂਕਿ ਕਈ ਥਾਵਾਂ `ਤੇ ਝੋਨੇ ਦੇ ਢੇਰ ਦੀਆਂ ਹੇਠਲੀਆਂ ਪਰਤਾਂ ਪ੍ਰਭਾਵਿਤ ਹੋਈਆਂ ਅਤੇ ਆੜ੍ਹਤੀਆਂ ਨੂੰ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਸੁਕਾਉਣ ਲਈ ਕਿਹਾ ਗਿਆ ਹੈ।

 

ਸਕੱਤਰ ਖੁਰਾਕ ਤੇ ਸਿਵਲ ਸਪਲਾਈਜ਼ ਨੇ ਸਾਰੀਆਂ ਖਰੀਦ ਏਜੰਸੀਆਂ ਦੇ ਐਮਡੀਜ਼ ਨੂੰ ਕਿਹਾ ਕਿ ਉਹ ਫ਼ਸਲ ਦੀ ਚੁਕਾਈ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਮੰਡੀਆਂ ਵਿੱਚ ਅਨਾਜ ਸੁਕਾਉਣ ਲਈ ਵਾਧੂ ਥਾਂ ਬਣਾਈ ਜਾ ਸਕੇ।

 

 ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਕੱਤਰ ਖੁਰਾਕ ਅਤੇ ਸਿਵਲ ਸਪਲਾਈ ਗੁਰਕਿਰਤ ਕ੍ਰਿਪਾਲ ਸਿੰਘ, ਐਮਡੀ ਪਨਸਪ ਰਵਿੰਦਰ ਕੌਸ਼ਿਕ  ਐਮਡੀ ਮਾਰਕਫੈਡ ਵਰੁਣ ਰੂਜ਼ਮ , ਜੀਐਮ ਐਫਸੀਆਈ ਅਰਸ਼ਦੀਪ ਸਿੰਘ ਥਿੰਦ, ਡਾਇਰੈਕਟਰ ਖੁਰਾਕ ਅਤੇ ਸਿਵਲ ਸਪਲਾਈ ਅਭਿਨਵ ਤ੍ਰਿਖਾ ਅਤੇ ਐਮਡੀ ਪੀਐਸਡਬਲਯੂਸੀ ਯਸ਼ਨਜੀਤ ਸਿੰਘ ਮੌਜੂਦ ਸਨ।