ਚੱਬੇਵਾਲ ਮੰਡੀ ਤੋਂ ਸ਼ੁਰੂ ਕੀਤੇ ਪ੍ਰੋਗਰਾਮ ਤਹਿਤ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਆਦਿ ਨੂੰ ਕਣਕ ਦੀ ਖਰੀਦ ਸਬੰਧੀ ਸਮੱਸਿਆਵਾਂ ਦਾ ਹੋਵੇਗਾ ਫੌਰੀ ਹੱਲ
ਮੰਡੀ ’ਚ ਯੋਗ ਲਾਭਪਾਤਰੀਆਂ ਨੇ ਲਗਵਾਈ ਵੈਕਸੀਨ, ਫਾਇਰ ਬ੍ਰਿਗੇਡ ਦੀ ਗੱਡੀ ਦਾ ਪ੍ਰਬੰਧ
ਹੁਸ਼ਿਆਰਪੁਰ, 19 ਅਪ੍ਰੈਲ: ਮੰਡੀਆਂ ’ਚ ਕਣਕ ਦੀ ਖਰੀਦ ਅਤੇ ਪ੍ਰਬੰਧਾਂ ਦੇ ਮੱਦੇਨਜ਼ਰ ਕਿਸੇ ਵੀ ਸਮੱਸਿਆ ਦੇ ਹੱਲ ਲਈ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਨੇ ਅੱਜ ‘ਮੰਡੀ ’ਚ ਮੰਜੀ’ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਸ ਤਹਿਤ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਅਤੇ ਹੋਰਨਾਂ ਭਾਈਵਾਲਾਂ ਨੂੰ ਜੇਕਰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਆਉਂਦੀ ਹੈ ਤਾਂ ਉਸ ਦਾ ਤੁਰੰਤ ਢੁਕਵਾਂ ਹੱਲ ਯਕੀਨੀ ਬਣਾਇਆ ਜਾਵੇਗਾ।
ਸੋਮਵਾਰ ਸ਼ਾਮ ਦਾਣਾ ਮੰਡੀ ਚੱਬੇਵਾਲ ਤੋਂ ਮੰਡੀ ’ਚ ਮੰਜੀ ਪ੍ਰੋਗਰਾਮ ਸ਼ੁਰੂ ਕਰਦਿਆਂ ਐਮ.ਐਲ.ਏ. ਡਾ. ਰਾਜ ਕੁਮਾਰ ਚੱਬੇਵਾਲ ਨੇ ਦੱਸਿਆ ਕਿ ਹਲਕੇ ਵਿੱਚ ਪੈਂਦੀਆਂ ਸਾਰੀਆਂ ਮੰਡੀਆਂ ਵਿੱਚ ਉਨ੍ਹਾਂ ਵਲੋਂ ਫੋਨ ਨੰਬਰ ਦਿੱਤੇ ਜਾ ਚੁੱਕੇ ਹਨ ਤਾਂ ਜੋ ਕਣਕ ਦੀ ਖਰੀਦ, ਮੰਡੀਆਂ ’ਚ ਲੋੜੀਂਦੇ ਪ੍ਰਬੰਧਾਂ ਆਦਿ ਸਬੰਧੀ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦੀ ਸੂਰਤ ਵਿੱਚ ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਅਤੇ ਮੰਡੀ ਬੋਰਡ ਦੀਆਂ ਟੀਮਾਂ ਸੁਚੱਜੇ ਖਰੀਦ ਪ੍ਰਬੰਧਾਂ ਨੂੰ ਯਕੀਨੀ ਬਨਾਉਣ, ਸਮੇਂ ਸਿਰ ਖਰੀਦ, ਅਦਾਇਗੀਆਂ ਅਤੇ ਲਿਫਟਿੰਗ ਲਈ ਹਰ ਵੇਲੇ ਕੰਮ ਕਰ ਰਹੀਆਂ ਹਨ ਤਾਂ ਜੋ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਮੰਡੀ ’ਚ ਮੰਜੀ ਪ੍ਰੋਗਰਾਮ ਸ਼ੁਰੂ ਕਰਵਾਉਣ ਉਪਰੰਤ ਡਾ.ਰਾਜ ਕੁਮਾਰ ਚੱਬੇਵਾਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਚੱਬੇਵਾਲ ਮੰਡੀ ਦਾ ਦੌਰਾ ਕਰਕੇ ਮੌਜੂਦ ਕਿਸਾਨਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਖਰੀਦ ਪ੍ਰਬੰਧਾਂ ’ਤੇ ਪੂਰੀ ਤਸੱਲੀ ਪ੍ਰਗਟਾਈ। ਇਸ ਮੌਕੇ ਡਾ. ਰਾਜ ਕੁਮਾਰ ਨੇ ਕਿਸਾਨ ਅਸ਼ੋਕ ਸਿੰਘ ਚੱਬੇਵਾਲ (65) ਅਤੇ ਕਿਸਾਨ ਅਵਤਾਰ ਸਿੰਘ (77) ਪਿੰਡ ਮਹਿਨਾ ਦੀਆਂ ਢੇਰੀਆਂ ਦੀ ਬੋਲੀ ਵੀ ਲਗਵਾਈ। ਕਿਸਾਨ ਅਸ਼ੋਕ ਸਿੰਘ ਅਤੇ ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕ੍ਰਮਵਾਰ 60 ਕੁਇੰਟਲ ਦੇ ਕਰੀਬ ਅਤੇ 150 ਕੁਇੰਟਲ ਦੇ ਕਰੀਬ ਕਣਕ ਦੀ ਖਰੀਦ ਬਹੁਤ ਥੋੜੇ ਹੀ ਸਮੇਂ ਵਿੱਚ ਹੋ ਗਈ।
ਇਸ ਮੌਕੇ ਡਾ. ਰਾਜ ਕੁਮਾਰ ਦੀ ਮੌਜੂਦਗੀ ਵਿੱਚ ਮੰਡੀ ਵਿੱਚ ਯੋਗ ਲਾਭਪਾਤਰੀਆਂ ਦਾ ਟੀਕਾਕਰਨ ਵੀ ਕੀਤਾ ਗਿਆ। ਵਿਧਾਇਕ ਨੇ ਦੱਸਿਆ ਕਿ ਕਣਕ ਦੇ ਸੀਜਨ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਦਾਣਾ ਮੰਡੀ ਚੱਬੇਵਾਲ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ ਤਾਂ ਜੋ ਲੋੜ ਪੈਣ ’ਤੇ ਤੁਰੰਤ ਇਹ ਗੱਡੀ ਮੌਕੇ ’ਤੇ ਪਹੁੰਚ ਸਕੇ। ਉਨ੍ਹਾਂ ਦੱਸਿਆ ਕਿ ਚੱਬੇਵਾਲ ਦੀਆਂ ਮੰਡੀਆਂ ਵਿੱਚ ਹੁਣ ਤੱਕ 880 ਮੀਟ੍ਰਿਕ ਟਨ ਕਣਕ ਖਰੀਦ ਜਾ ਚੁੱਕੀ ਹੈ ਅਤੇ ਲੋੜੀਂਦੇ ਪ੍ਰਬੰਧ ਪੂਰੀ ਤਰ੍ਹਾਂ ਅਮਲ ਵਿੱਚ ਲਿਆਂਦੇ ਗਏ ਹਨ।
ਕੈਪਸ਼ਨ:– 001,002 — ਐਮ.ਐਲ.ਏ. ਡਾ. ਰਾਜ ਕੁਮਾਰ ਦਾਣਾ ਮੰਡੀ, ਚੱਬੇਵਾਲ ਵਿਖੇ ਮੰਡੀ ’ਚ ਮੰਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ।
003 ਤੋਂ 005—- ਐਮ.ਐਲ.ਏ. ਡਾ. ਰਾਜ ਕੁਮਾਰ ਦਾਣਾ ਮੰਡੀ, ਚੱਬੇਵਾਲ ਵਿਖੇ ਕਣਕ ਦੀ ਖਰੀਦ ਕਰਵਾਉਂਦੇ ਹੋਏ।
006— ਐਮ.ਐਲ.ਏ. ਡਾ. ਰਾਜ ਕੁਮਾਰ ਦੀ ਮੌਜੂਦਗੀ ’ਚ ਦਾਣਾ ਮੰਡੀ, ਚੱਬੇਵਾਲ ਵਿਖੇ ਕੀਤਾ ਜਾ ਰਿਹਾ ਕੋਵਿਡ ਟੀਕਾਕਰਨ।
008– ਐਮ.ਐਲ.ਏ. ਡਾ. ਰਾਜ ਕੁਮਾਰ ਦਾਣਾ ਮੰਡੀ, ਚੱਬੇਵਾਲ ਵਿਖੇ ਮੰਡੀ ’ਚ ਮੰਜੀ ਪ੍ਰੋਗਰਾਮ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਦੇ ਪ੍ਰਬੰਧਾਂ ਮੌਕੇ।
009, 0010– ਕਿਸਾਨ ਅਸ਼ੋਕ ਸਿੰਘ ਚੱਬੇਵਾਲ (65) ਅਤੇ ਕਿਸਾਨ ਅਵਤਾਰ ਸਿੰਘ (77) ਪਿੰਡ ਮਹਿਨਾ ਸੁਚੱਜੇ ਖਰੀਦ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ।