ਸਾਰੇ ਭਾਗੀਦਾਰਾਂ ਵੱਲੋਂ ਟਰਾਂਸਪੋਟੇਸ਼ਨ ਅਤੇ ਹੋਰ ਖਰਚਿਆਂ ਸਮੇਤ ਨਵੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਸਹਿਮਤੀ : ਡਿਪਟੀ ਕਮਿਸ਼ਨਰ
ਠੇਕੇਦਾਰਾਂ ਨੂੰ ਦੋ ਦਿਨਾਂ ਦੇ ਅੰਦਰ ਸਾਰੀਆਂ ਮਾਈਨਿੰਗ ਸਾਈਟਾਂ ਦਾ ਸੰਚਾਲਨ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼
ਇਨ੍ਹਾਂ ਦਰਾਂ ਦੀ ਉਲੰਘਣਾ ਕਰਨ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਦਿੱਤੀ ਚਿਤਾਵਨੀ
ਜਲੰਧਰ, 18 ਨਵੰਬਰ 2021
ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਸਸਤੇ ਭਾਅ ‘ਤੇ ਰੇਤੇ ਦੀ ਉਪਲਬਧਤਾ ਨੂੰ ਯਕੀਨੀ ਬਣਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਇਕ ਹੋਰ ਉਪਰਾਲਾ ਕਰਦਿਆਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਠੇਕੇਦਾਰਾਂ, ਟਰਾਂਸਪੋਰਟਰਾਂ ਅਤੇ ਰਿਟੇਲ ਵਿਕਰੇਤਾਵਾਂ ਸਮੇਤ ਸਾਰੇ ਭਾਗੀਦਾਰਾਂ ਨਾਲ ਸਲਾਹ-ਮਸ਼ਵਰਾ ਕਰਕੇ ਵੱਖ-ਵੱਖ ਮਿਊਂਸੀਪਲ ਖੇਤਰਾਂ ਲਈ ਰੇਤੇ ਦੀਆਂ ਰਿਟੇਲ ਕੀਮਤਾਂ ਨਿਰਧਾਰਤ ਕੀਤੀਆਂ ਗਈਆਂ।
ਹੋਰ ਪੜ੍ਹੋ :-ਸੂਬੇ ਦੀ ਤਰੱਕੀ ਵਿੱਚ ਸਹਿਕਾਰਤਾ ਲਹਿਰ ਦਾ ਵਡਮੁੱਲਾ ਯੋਗਦਾਨ : ਸੰਤੋਖ ਸਿੰਘ ਚੌਧਰੀ
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਸਪੱਸ਼ਟ ਕਿਹਾ ਕਿ ਰੇਤੇ ਦੀਆਂ ਰਿਟੇਲ ਕੀਮਤਾਂ ਨਿਸ਼ਚਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਸੂਬਾ ਸਰਕਾਰ ਵੱਲੋਂ ਰੇਤੇ ਦੇ ਰੇਟਾਂ ਵਿੱਚ ਕਟੌਤੀ ਕਰ ਕੇ ਦਿੱਤੀ ਗਈ ਰਾਹਤ ਲੋਕਾਂ ਤੱਕ ਪਹੁੰਚਾਈ ਜਾ ਸਕੇ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜਲੰਧਰ ਸ਼ਹਿਰ ਦੇ ਮਿਊਂਸੀਪਲ ਏਰੀਏ ਵਿੱਚ 15 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤਾ ਰਿਟੇਲ ਆਊਟਲੈਟ ‘ਤੇ ਉਪਲਬਧ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਫਿਲੌਰ, ਨਕੋਦਰ, ਨੂਰਮਹਿਲ ‘ਚ 11.5 ਰੁਪਏ, ਮਹਿਤਪੁਰ, ਸ਼ਾਹਕੋਟ ‘ਚ 11 ਰੁਪਏ, ਬਿਲਗਾ ਤੇ ਲੋਹੀਆਂ ‘ਚ 12 ਰੁਪਏ ਪ੍ਰਤੀ ਕਿਊਬਿਕ ਫੁੱਟ, ਗੋਰਾਇਆਂ ਤੇ ਕਰਤਾਰਪੁਰ ਵਿੱਚ 13 ਰੁਪਏ (ਬਿਆਸ ਤੋਂ), ਭੋਗਪੁਰ ਵਿੱਚ 14 ਰੁਪਏ (ਬਿਆਸ ਤੋਂ) ਅਤੇ 15 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਆਦਮਪੁਰ ਅਤੇ ਅਲਾਵਲਪੁਰ ਮਿਊਂਸਪਲ ਖੇਤਰਾਂ ਵਿੱਚ ਰੇਤਾ ਮੁਹੱਈਆ ਕਰਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਉਂਕਿ ਇਨ੍ਹਾਂ ਨਵੀਆਂ ਰਿਟੇਲ ਦਰਾਂ ‘ਤੇ ਸਾਰੇ ਭਾਗੀਦਾਰਾਂ ਵੱਲੋਂ ਸਹਿਮਤੀ ਦਿੱਤੀ ਗਈ ਹੈ, ਇਸ ਲਈ ਇਨ੍ਹਾਂ ਦੀ ਕਿਸੇ ਵੀ ਕਿਸਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਐਫ.ਆਈ.ਆਰ. ਸਮੇਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਵੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ।
ਸ਼੍ਰੀ ਥੋਰੀ ਨੇ ਅੱਗੇ ਸਪੱਸ਼ਟ ਕੀਤਾ ਕਿ ਇਨ੍ਹਾਂ ਦਰਾਂ ਸਿਰਫ਼ ਰਿਟੇਲਰਾਂ ਦੇ ਆਊਟਲੈਟਾਂ ‘ਤੇ ਰੇਤ ਦੀ ਉਪਲਬਧਤਾ ਹੁੰਦੀ ਹੈ ਅਤੇ ਗਾਹਕ ਦੇ ਸਥਾਨ ‘ਤੇ ਇਸ ਦੀ ਅੱਗੇ ਡਲਿਵਰੀ ਵਿੱਚ ਵਾਧੂ ਟਰਾਂਸਪੋਟੇਸ਼ਨ ਖਰਚੇ ਸ਼ਾਮਲ ਹੋ ਸਕਦੇ ਹਨ।ਡਿਪਟੀ ਕਮਿਸ਼ਨਰ ਨੇ ਠੇਕੇਦਾਰਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਜ਼ਿਲ੍ਹੇ ਵਿੱਚ ਸਾਰੀਆਂ ਮਾਈਨਿੰਗ ਸਾਈਟਾਂ ਸੰਚਾਲਿਤ ਹੋਣ ਤਾਂ ਜੋ ਰੇਤੇ ਦੀ ਕੋਈ ਕਮੀ ਨਾ ਹੋਵੇ। ਉਨ੍ਹਾਂ ਸਮੂਹ ਟਰਾਂਸਪੋਰਟਰਾਂ, ਠੇਕੇਦਾਰਾਂ ਅਤੇ ਰਿਟੇਲ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਹੈ ਤਾਂ ਉਹ ਬੇਝਿਜਕ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਸਾਰੇ ਭਾਗੀਦਾਰਾਂ ਨਾਲ ਆਪਣਾ ਨਿੱਜੀ ਮੋਬਾਈਲ ਨੰਬਰ ਸਾਂਝਾ ਕੀਤਾ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਪੰਜਾਬ ਸਟੇਟ ਸੈਂਡ ਅਤੇ ਗਰੈਵਲ ਮਾਈਨਿੰਗ ਪਾਲਿਸੀ-2021 ਨੂੰ ਪਿੱਟ ਹੈਡਸ ਤੋਂ 5.50 ਰੁਪਏ ਕਿਊਬਿਕ ਫੁੱਟ (ਟਰਾਂਸਪੋਟੇਸ਼ਨ ਖਰਚੇ ਛੱਡ ਕੇ) ਦੇ ਹਿਸਾਬ ਨਾਲ ਰੇਤਾ ਅਤੇ ਗਟਕੇ ਮੁਹੱਈਆ ਕਰਵਾਉਣ ਲਈ ਲਾਗੂ ਕੀਤਾ ਚੁੱਕਾ ਹੈ। ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਰਾਹਤ ਦੇ ਬਾਵਜੂਦ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਇਸ ਮਸਲੇ ਦੇ ਹੱਲ ਲਈ ਰਟੇਲ ਕੀਮਤਾਂ ਨਿਰਧਾਰਿਤ ਕਰਨਾ ਜ਼ਰੂਰੀ ਹੋ ਗਿਆ ਸੀ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਵੱਧ ਪੈਸੇ ਵਸੂਲਣ ਸਬੰਧੀ ਤੁਰੰਤ ਕਾਰਵਾਈ ਕਰਨ ਲਈ ਜਾਣਕਾਰੀ ਵਟਸਐਪ ਨੰਬਰ 95017 99068 ’ਤੇ ਸਾਂਝੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰਿਟੇਲ ਕੀਮਤਾਂ ਨਿਸ਼ਚਿਤ ਕਰਨ ਤੋਂ ਬਾਅਦ ਵਿਕਰੇਤਾਵਾਂ ਵਿਰੁੱਧ ਜੇਕਰ ਵਾਧੂ ਪੈਸੇ ਵਸੂਲਣ ਦੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਿਵਲ, ਪੁਲਿਸ ਪ੍ਰਸ਼ਸਨ ਤੋਂ ਇਲਾਵਾ ਠੇਕੇਦਾਰ, ਰਿਟੇਲਰ ਤੋਂ ਇਲਾਵਾ ਟਰਾਂਸਪੋਰਟਰ ਵੀ ਹਾਜ਼ਰ ਸਨ।