ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਬ-ਡਵੀਜ਼ਨ ਪੱਧਰ ‘ਤੇ ਵਿਸ਼ੇਸ਼ ਕੈਂਪ
ਕੋਵਿਡ ਪ੍ਰੋਟੋਕਾਲ ਦੀ ਕੀਤੀ ਜਾਵੇ ਸਖ਼ਤੀ ਨਾਲ ਪਾਲਣਾ, ਵਾਇਰਸ ਅਜੇ ਵੀ ਹੈ ਸਾਡੇ ਵਿਚਕਾਰ – ਡੀ.ਸੀ. ਵਰਿੰਦਰ ਕੁਮਾਰ ਸ਼ਰਮਾ
ਲੁਧਿਆਣਾ, 30 ਜੂਨ 2021 ਕੋਵਿਡ ਵੈਕਸੀਨ ਦੀਆਂ 60 ਹਜ਼ਾਰ ਖੁਰਾਕਾਂ ਸ਼ੁੱਕਰਵਾਰ ਨੂੰ ਲੁਧਿਆਣਾ ਵਿਖੇ ਪਹੁੰਚ ਰਹੀਆਂ ਹਨ, ਪ੍ਰਸ਼ਾਸਨ ਵੱਲੋਂ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਦੀ ਕਵਰੇਜ਼ ਨੂੰ ਯਕੀਨੀ ਬਣਾਉਣ ਲਈ ਸ਼ਨੀਵਾਰ ਅਤੇ ਐਤਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੈਗਾ ਟੀਕਾਕਰਣ ਅਭਿਆਨ ਚਲਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਡੀ.ਪੀ.ਆਰ.ਓ, ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਵਿਚ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀਵਨਦਾਨ ਦੇਣ ਵਾਲੀ ਵੈਕਸੀਨ ਦੀਆਂ 60 ਹਜ਼ਾਰ ਖੁਰਾਕਾਂ 2 ਜੁਲਾਈ ਨੂੰ ਲੁਧਿਆਣਾ ਪਹੁੰਚ ਜਾਣਗੀਆਂ ਜਿਸ ਦੀ ਵਰਤੋਂ 3 ਅਤੇ 4 ਜੁਲਾਈ ਨੂੰ ਦੋ ਦਿਨਾਂ ਮੈਗਾ ਟੀਕਾਕਰਨ ਮੁਹਿੰਮ ਦੌਰਾਨ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਮੂਹ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਲਗਭਗ ਹਰ ਖੇਤਰ ਵਿੱਚ ਟੀਕਾਕਰਨ ਕੈਂਪ ਲਗਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਲਾਭਪਾਤਰੀਆਂ ਦੀ ਵੱਧ ਤੋਂ ਵੱਧ ਕਵਰੇਜ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਵਰਗੇ ਸੁਖਾਲੇ ਮਾਹੌਲ ਵਿੱਚ ਪਰਤਣ ਲਈ ਵੈਕਸੀਨ ਇੱਕੋ-ਇੱਕ ਰਸਤਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਸੰਭਾਵਿਤ ਤੀਜੀ ਲਹਿਰ ਦੇ ਆਉਣ ਤੋਂ ਪਹਿਲਾਂ ਹਰ ਯੋਗ ਵਿਅਕਤੀ ਦੀ ਵੈਕਸੀਨੇਸ਼ਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਮਲੇ ਵੱਲੋਂ ਪਹਿਲਾਂ ਹੀ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਵਾਇਰਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਵੈਕਸੀਨੇਸ਼ਨ ਜ਼ਰੂਰੀ ਹੈ।
ਇਕ ਵਸਨੀਕ ਵੱਲੋਂ ਪੁੱਛੇ ਗਏ ਸਵਾਲ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ ਜਿਥੇ ਉਹ ਵੀਜ਼ਾ, ਪਾਸਪੋਰਟ, ਕਾਲਜ ਦਾਖਲਾ ਅਤੇ ਹੋਰ ਲੋੜੀਂਦੇ ਦਸਤਾਵੇਜ਼ ਦਿਖਾ ਕੇ ਵੈਕਸੀਨ ਲੈ ਸਕਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਕੋਵਿਡ ਪੋਜਟਿਵ ਕੇਸਾਂ ਵਿੱਚ ਭਾਰੀ ਗਿਰਾਵਟ ਦੇ ਬਾਵਜੂਦ ਚੌਕਸੀ ਰੱਖਣੀ ਬੇਹੱਦ ਜ਼ਰੂਰੀ ਹੈ ਕਿਉਂਕਿ ਵਾਇਰਸ ਅਜੇ ਵੀ ਸਾਡੇ ਵਿਚਕਾਰ ਹੈ ਅਤੇ ਸਾਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਕੋਵਿਡ-19 ਨਾਲ ਸਬੰਧਤ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਮਾਸਕ ਪਹਿਨਣ, ਸਮਾਜਕ ਦੂਰੀ ਅਤੇ ਹੱਥਾਂ ਦੀ ਸਫਾਈ ਰੱਖਣ ਦੀ ਵੀ ਅਪੀਲ ਕੀਤੀ।