ਸਫਾਈ ਕਰਮਚਾਰੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ ਉਤੇ ਹੱਲ ਹੋਣ
ਪੰਜਾਬ ਸਫਾਈ ਕਮਿਸ਼ਨ ਦੇ ਮੈਂਬਰ ਵੱਲੋਂ ਸਫਾਈ ਕਰਮਚਾਰੀਆਂ ਦੇ ਮੁੱਦੇ ਉਤੇ ਅਧਿਕਾਰੀਆਂ ਨਾਲ ਮੀਟਿੰਗ
ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀ ਤਰੁੰਤ ਮਿਲੇ
ਅੰਮ੍ਰਿਤਸਰ, 11 ਅਪ੍ਰੈਲ 2022
ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਪੰਜਾਬ ਰਾਜ ਸਫਾਈ ਕਮਿਸਨ ਦੇ ਮੈਂਬਰ ਸ: ਇੰਦਰਜੀਤ ਸਿੰਘ ਨੇ ਬੈਂਕਾਂ ਨੂੰ ਕਿਹਾ ਕਿ ਸਫਾਈ ਕਰਮਚਾਰੀਆਂ ਨੂੰ ਸਮੇਂ ਸਿਰ ਕਰਜਾ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਨਾਲ ਹੀ ਉਨ੍ਹਾਂ ਨੇ ਸਮੂਹ ਬਲਾਕ ਵਿਕਾਸ ਅਫਸਰਾਂ ਨੂੰ ਹਦਾਇਤ ਕੀਤੀ ਕਿ ਮਨਰੇਗਾ ਅਧੀਨ ਸਫਾਈ ਕਰਮਚਾਰੀਆਂ ਨੂੰ ਕੰਮ ਦੇਣਾ ਵੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਸਿੱਧੀਆਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀਆਂ ਜਾਣ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਅਧਾਰ ਉਤੇ ਹੱਲ ਕੀਤਾ ਜਾਵੇ। ਉਨਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਕਮਿਸ਼ਨ ਬਹੁਤ ਗੰਭੀਰ ਹੈ। ਸ: ਇੰਦਰਜੀਤ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਵੀ ਸਫਾਈ ਕਰਮਚਾਰੀਆਂ ਨੂੰ ਆਉਂਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਅਧਾਰ ’ਤੇ ਕਰੀਏ ਅਤੇ ਸਫਾਈ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਨੂੰ ਦੇਣਾ ਵੀ ਯਕੀਨੀ ਬਣਾਇਆ ਜਾਵੇ।
ਹੋਰ ਪੜ੍ਹੋ :-ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਸਾਬਕਾ ਸਰਵਿਸਮੈਨ (ਪੁਰਸ਼ਾਂ) ਲਈ ਸਕਰੂਟਨੀ ਕੈਂਪ 13 ਨੂੰ
ਸ੍ਰ ਇੰਦਰਜੀਤ ਸਿੰਘ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਸੀਵਰੇਜ ਦੀ ਸਫਾਈ ਮਸ਼ੀਨਾਂ ਨਾਲ ਹੀ ਕਰਵਾਈ ਜਾਵੇ। ਜੇਕਰ ਕਿਸੇ ਕਾਰਨ ਸਫਾਈ ਲਈ ਕਿਸੇ ਕਰਮਚਾਰੀ ਨੂੰ ਅੰਦਰ ਭੇਜਣ ਦੀ ਲੋੜ ਹੋਵੇ ਤਾਂ ਸਾਰੇ ਸੁਰੱਖਿਆ ਮਾਨਕਾਂ ਨੂੰ ਅਪਨਾਇਆ ਜਾਵੇ। ਮੈਂਬਰ ਪੰਜਾਬ ਰਾਜ ਸਫਾਈ ਕਮਿਸ਼ਨ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਫਾਈ ਕਰਮਚਾਰੀਆਂ ਦਾ ਪੀ:ਪੀ:ਐਫ ਕੱਟਣਾ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਕਿਸੇ ਸਫਾਈ ਕਰਮਚਾਰੀ ਦੀ ਸੀਵਰੇਜ ਸਾਫ ਕਰਦੇ ਸਮੇਂ ਮੌਤ ਹੋ ਜਾਂਦੀ ਹੈ ਤਾਂ ਹਦਾਇਤਾਂ ਅਨੁਸਾਰ 10 ਲੱਖ ਰੁਪਏ ਅਤੇ ਮ੍ਰਿਤਕ ਕਰਮਚਾਰੀ ਦੇ ਪਰਿਵਾਰ ਵਿੱਚੋ ਇਕ ਮੈਂਬਰ ਨੂੰ ਨੌਕਰੀ ਜਰੂਰ ਦਿੱਤੀ ਜਾਵੇ।
ਸ੍ਰ ਇੰਦਰਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਸਫਾਈ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀ ਤੁਰੰਤ ਦਿੱਤੀ ਜਾਵੇ, ਤਾਂ ਜੋ ਉਨਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਅਸਾਨੀ ਨਾਲ ਚੱਲਦਾ ਰਹੇ। ਉਨਾਂ ਨੇ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਨੂੰ ਸਮੇ ਸਿਰ ਦੇਣਾ ਯਕੀਨੀ ਬਨਾਉਣ ਤੇ ਬਣਦੀਆਂ ਤਰੱਕੀਆਂ ਅਤੇ ਮਹਿੰਗਾਈ ਭੱਤੇ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਾਲੋ-ਨਾਲ ਦੇਣੇ ਯਕੀਨੀ ਬਨਾਉਣ ਦੀ ਹਦਾਇਤ ਕੀਤੀ।
ਇਸ ਮੌਕੇ ਨਗਰ ਨਿਗਮ ਦੇ ਸਿਹਤ ਅਫਸਰ ਡਾ: ਯੋਗੇਸ਼ ਅਰੋੜਾ, ਐਸ:ਪੀ ਸ਼੍ਰੀਮਤੀ ਜਸਵੰਤ ਕੌਰ, ਡੀ:ਐਸ:ਪੀ ਜੀ:ਐਸ:ਸਿੱਧੂ, ਉਪ ਜਿਲ੍ਹਾ ਸਿਖਿਆ ਅਫਸਰ ਰੇਖਾ ਮਹਾਜਨ, ਐਕਸੀਅਨ ਵਾਟਰ ਸਪਲਾਈ ਪੰਕਜ ਜੈਨ, ਡੀ:ਡੀ:ਪੀ:ਓ ਇਕਬਾਲ ਸਿੰਘ, ਐਕਸੀਅਨ ਪੀ:ਐਸ:ਪੀ:ਸੀ:ਐਲ ਸ੍ਰ ਮਨਦੀਪ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।
ਪੰਜਾਬ ਰਾਜ ਸਫਾਈ ਕਮਿਸ਼ਨ ਦੇ ਮੈਂਬਰ ਸ੍ਰੀ ਇੰਦਰਜੀਤ ਸਿੰਘ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਮੀਟਿੰਗ ਕਰਦੇ ਹੋਏ