ਦਲਿਤਾਂ ਸਬੰਧੀ ਕੇਸਾਂ ਦੀ ਕੀਤੀ ਸੁਣਵਾਈ
ਮਾਂਗੇਵਾਲ ਮਾਮਲੇ ਚ ਐਸ.ਡੀ.ਐਮ ਨੂੰ ਪੜ੍ਹਤਾਲ ਕਰਨ ਦੇ ਆਦੇਸ਼
ਧੂਰਕੋਟ ਖੁਦਕੁਸ਼ੀ ਮਾਮਲੇ ਚ ਫੌਰੀ ਕਾਰਵਾਈ ਦੇ ਦਿੱਤੇ ਨਿਰਦੇਸ਼, ਮੁੜ ਪੜ੍ਹਤਾਲ ਸ਼ੁਰੂ
ਤਪਾ/ ਮਹਿਲਕਲਾਂ (ਬਰਨਾਲਾ) 18 ਨਵੰਬਰ 2021
ਮੈਂਬਰ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ, ਸ਼੍ਰੀ ਚੰਦਰੇਸ਼ਵਰ ਸਿੰਘ ਮੋਹੀ ਨੇ ਅੱਜ ਪਿੰਡ ਧੂਰਕੋਟ ਅਤੇ ਮਾਂਗੇਵਾਲ ਦਾ ਦੌਰਾ ਕੀਤਾ ਅਤੇ ਦਲਿਤ ਭਾਈਚਾਰੇ ਸਬੰਧੀ ਮਾਮਲਿਆਂ ਦੀ ਜਾਂਚ ਕੀਤੀ।
ਹੋਰ ਪੜ੍ਹੋ :-ਅਰਵਿੰਦ ਕੇਜਰੀਵਾਲ 20 ਨਵੰਬਰ ਤੋਂ ਸ਼ੁਰੂ ਕਰਨਗੇ ‘ਮਿਸ਼ਨ ਪੰਜਾਬ’ : ਭਗਵੰਤ ਮਾਨ
ਪਿੰਡ ਧੂਰਕੋਟ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ ਦੀ ਵਸਨੀਕ ਸ਼੍ਰੀਮਤੀ ਮਨਜੀਤ ਕੌਰ ਨੇ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਅਗਸਤ 2020 ਵਿੱਚ ਉਨ੍ਹਾਂ ਦੇ ਪੁੱਤਰ ਗੁਰਤੇਜ ਸਿੰਘ ਨੇ ਕਥਿਤ ਤੌਰ ਤੇ ਸ਼ਰਾਬ ਦੇ ਠੇਕੇਦਾਰਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਨੇ ਕਮਿਸ਼ਨ ਨੂੰ ਕੀਤੀ ਗਈ ਸ਼ਿਕਾਇਤ ਵਿੱਚ ਇਸ ਸਬੰਧੀ ਪੁਲਿਸ ਵੱਲੋਂ ਸ਼ਖਤ ਕਾਰਵਾਈ ਦੀ ਮੰਗ ਕੀਤੀ ਸੀ।
ਇਸ ਸਬੰਧੀ ਸਖਤ ਨੋਟਿਸ ਲੈਂਦਿਆਂ ਸ਼੍ਰੀ ਮੋਹੀ ਸ਼ਿਕਾਇਤ ਕਰਤਾ ਦੇ ਨਾਲ ਪਿੰਡ ਰੂੜੇਕੇ ਪੁਲਿਸ ਸਟੇਸ਼ਨ ਗਏ ਅਤੇ ਪੁਲਿਸ ਨੂੰ ਇਸ ਸਬੰਧੀ ਮੁੜ ਪੜ੍ਹਤਾਲ ਕਰਨ ਦੇ ਨਿਰਦੇਸ਼ ਦਿੱਤੇ।ਉਨ੍ਹਾਂ ਦੇ ਨਿਰਦੇਸ਼ਾਂ ਤੇ ਪੁਲਿਸ ਵੱਲੋਂ ਮੌਕੇ ਤੇ ਹੀ ਮੁੜ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਥਾਵਾਂ ਤੇ ਛਾਪੇ ਮਾਰੇ ਜਾ ਰਹੇ ਹਨ।
ਪਿੰਡ ਧੂਰਕੋਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਸਦਾ ਹੀ ਦਲਿਤਾਂ ਦੀ ਸੇਵਾ ਲਈ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਮੈਂਬਰ ਵਜੋਂ ਅਹੁਦਾ 2 ਮਹੀਨੇ ਪਹਿਲਾਂ ਹੀ ਸੰਭਾਲਿਆ ਹੈ ਅਤੇ ਉਹ ਪਿਛਲੇ 2 ਮਹੀਨਿਆਂ ਦੌਰਾਨ ਵੱਖ-ਵੱਖ 9 ਥਾਵਾਂ ਦਾ ਦੌਰਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਕਮਿਸ਼ਨ ਦਲਿਤਾਂ ਦਾ ਹਮਦਰਦ ਬਣਕੇ ਖੜ੍ਹਾ ਹੈ, ਉਥੇ ਹੀ ਕਮਿਸ਼ਨ ਵੱਲੋਂ ਗਲਤ ਅਤੇ ਝੂਠੀਆਂ ਸ਼ਿਕਾਇਤਾਂ ਦਾ ਵੀ ਸਖ਼ਤ ਨੋਟਿਸ ਲਿਆ ਜਾਂਦਾ ਹੈ।
ਇਸ ਮੌਕੇ ਸ਼੍ਰੀ ਮੋਹੀ ਨੇ ਪਿੰਡ ਮਾਂਗੇਵਾਲ, ਸਬ ਤਹਿਸੀਲ ਮਹਿਲ ਕਲਾਂ ਵਿਖੇ ਸਥਿਤ ਪਿੰਡ ਵਾਸੀਆਂ ਅਤੇ ਸਥਾਨਕ ਡੇਰੇ ਸਬੰਧੀ ਕੀਤੀ ਗਈ ਸ਼ਿਕਾਇਤ ਦੀ ਵੀ ਪੜ੍ਹਤਾਲ ਕੀਤੀ। ਉਨ੍ਹਾਂ ਮੌਕੇ ਤੇ ਪਹੁੰਚੇ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ਼੍ਰੀ ਵਰਜੀਤ ਵਾਲੀਆ ਆਈ.ਏ.ਐਸ ਨੂੰ ਇਸ ਕੇਸ ਸਬੰਧੀ ਮਜਿਸਟਰੀਅਲ ਪੜ੍ਹਤਾਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਉਪ ਮੰਡਲ ਮੈਜਿਸਟ੍ਰੇਟ ਨੂੰ ਨਿਰਦੇਸ਼ ਦਿੱਤੇ ਕਿ ਉਹ 10 ਦਿਨਾਂ ਦੇ ਅੰਦਰ-ਅੰਦਰ ਇਸ ਸਬੰਧੀ ਆਪਣੀ ਰਿਪੋਰਟ ਕਮਿਸ਼ਨ ਨੂੰ ਜਮ੍ਹਾਂ ਕਰਵਾਉਣ।
ਪਿੰਡ ਧੂਰਕੋਟ ਵਿਖੇ ਡੀ.ਐਸ.ਪੀ ਤਪਾ ਸ਼੍ਰੀ ਬਲਜੀਤ ਸਿੰਘ ਬਰਾੜ, ਤਹਿਸੀਲਦਾਰ ਤਪਾ ਸ਼੍ਰੀ ਬਾਦਲਦੀਨ, ਤਹਿਸੀਲ ਭਲਾਈ ਅਫ਼ਸਰ ਸ਼੍ਰੀ ਮੋਨੂ ਗਰਗ ਅਤੇ ਹੋਰ ਅਫ਼ਸਰ ਮੌਜੂਦ ਸਨ।