ਥਰਮਲ ਪਲਾਂਟ ਨੂੰ ਢਾਹੁਣ ਲਈ ਕਾਹਲੀ ਅਮਰਿੰਦਰ ਸਰਕਾਰ ਨੂੰ ‘ਆਪ’ ਵਿਧਾਇਕਾਂ ਨੇ ਘੇਰਿਆ
ਚੰਡੀਗੜ੍ਹ, 10 ਅਗਸਤ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਪਰਾਲੀ ਦੀ ਸਮੱਸਿਆ ਦਾ ਸਭ ਤੋਂ ਬਿਹਤਰ ਅਤੇ ਲਾਹੇਵੰਦ ਹੱਲ ਦੱਸਦਿਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਬਠਿੰਡਾ ਥਰਮਲ ਪਲਾਂਟ ਨੂੰ ਢਾਹੁਣ ਦੀ ਥਾਂ ਇਸ ਨੂੰ ਪਰਾਲੀ ‘ਤੇ ਚਲਾਉਣਾ ਯਕੀਨੀ ਬਣਾਉਣ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ, ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਅਮਰਿੰਦਰ ਸਿੰਘ ਮਾਨਯੋਗ ਸੁਪਰੀਮ ਕੋਰਟ ਵੱਲੋਂ ਕੀਤੀ ਜਾ ਰਹੀ ਜਵਾਬਦੇਹੀ ਦੇ ਮੱਦੇਨਜ਼ਰ ਪਰਾਲੀ ਦੇ ਨਿਪਟਾਰੇ ਲਈ ਹੱਥ ਪੈਰ ਮਾਰ ਰਹੇ ਹਨ, ਦੂਜੇ ਪਾਸੇ ਬਠਿੰਡਾ ਥਰਮਲ ਪਲਾਂਟ ਨੂੰ ਪਰਾਲੀ ‘ਤੇ ਚਲਾਉਣ ਸੰਬੰਧੀ ਲਾਹੇਵੰਦ ਤਜਵੀਜ਼ ਨੂੰ ਲੈਂਡ ਮਾਫ਼ੀਆ ਦੇ ਦਬਾਅ ਕਾਰਨ ਸ਼ਰੇਆਮ ਅੱਖੋਂ ਪਰੋਖੇ ਕਰ ਰਹੇ ਹਨ।
‘ਆਪ’ ਆਗੂਆਂ ਨੇ ਦੋਸ਼ ਲਗਾਇਆ ਕਿ ਬਾਦਲਾਂ ਦੇ ਨਕਸ਼ੇ ਕਦਮ ‘ਤੇ ਚੱਲਦਿਆਂ ਅਮਰਿੰਦਰ ਸਿੰਘ ਸਰਕਾਰ ਸ੍ਰੀ ਨਾਨਕ ਦੇਵ ਜੀ ਨੂੰ ਸਮਰਪਿਤ ਅਤੇ ਬਠਿੰਡਾ ਦੀ ਗੌਰਵਮਈ ਵਿਰਾਸਤ ਮੰਨੇ ਜਾਂਦੇ ਬਠਿੰਡਾ ਥਰਮਲ ਪਲਾਂਟ ਦੀ ਲਗਭਗ 1764 ਏਕੜ ਜ਼ਮੀਨ ਆਪਣੇ ਚਹੇਤੇ ਲੈਂਡ ਮਾਫ਼ੀਆ ਨੂੰ ਲੁਟਾਉਣਾ ਚਾਹੁੰਦੀ ਹੈ, ਜੇਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਨੀਅਤ ਅਤੇ ਨੀਤੀ ਸਾਫ਼ ਹੁੰਦੀ ਅਤੇ ਇਹ ਬਾਬੇ ਨਾਨਕ ਨਾਲ ਜੁੜੀ ਅਣਮੁੱਲੀ ਵਿਰਾਸਤ ਨੂੰ ਬਚਾਉਣ ਅਤੇ ਮੁੜ ਮਘਾਉਣ ਲਈ ਹਰ ਹੱਦ ਤੱਕ ਜਾਂਦੇ, ਪਰੰਤੂ ‘ਰਾਜਾ ਸਾਹਿਬ’ ਅਤੇ ਉਨ੍ਹਾਂ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਤਾਂ ਸੁਖਬੀਰ ਸਿੰਘ ਬਾਦਲ ਨੂੰ ਮਾਤ ਦਿੰਦੇ ਹੋਏ ਖੁਦ ਹੀ ਪ੍ਰਾਪਰਟੀ ਡੀਲਰਾਂ ਵਾਂਗ ਕੰਮ ਕਰਨ ਲੱਗ ਗਏ ਹਨ ਅਤੇ ਆਪਣੇ ਪਾਲੇ ਹੋਏ ਲੈਂਡ-ਮਾਫ਼ੀਆ ਨੂੰ ਦੋਵੇਂ ਹੱਥੀ ਜਾਇਦਾਦਾਂ / ਜ਼ਮੀਨਾਂ ਲੁਟਾਉਣ ਲੱਗੇ ਹੋਏ ਹਨ।
ਅਮਨ ਅਰੋੜਾ ਅਤੇ ਪ੍ਰੋ. ਬਲਜਿੰਦਰ ਕੌਰ ਨੇ ਮੁੱਖ ਮੰਤਰੀ ਕੋਲੋਂ ਸਪਸ਼ਟੀਕਰਨ ਮੰਗਿਆ ਕਿ ਉਨ੍ਹਾਂ ਨੇ ਬਠਿੰਡਾ ਥਰਮਲ ਪਲਾਂਟ ਦੇ ਬੋਰਡ ਆਫ਼ ਡਾਇਰੈਕਟਰਜ਼ (ਬੀਓਡੀਜ਼) ਵੱਲੋਂ 21 ਨਵੰਬਰ 2018 ਨੂੰ ਥਰਮਲ ਦਾ ਇੱਕ ਯੂਨਿਟ ਪਰਾਲੀ ‘ਤੇ ਚਲਾਉਣ ਲਈ ਦਿੱਤੀ ਅਤਿ ਲਾਹੇਵੰਦ ਤਜਵੀਜ਼ ਨੂੰ ਰੱਦੀ ਦੀ ਟੋਕਰੀ ‘ਚ ਕਿਉਂ ਸੁੱਟਿਆ, ਜਦਕਿ ਉਦੋਂ ਪਾਵਰ ਕੌਮ ਵੀ 60 ਮੈਗਾਵਾਟ ਦਾ ਯੂਨਿਟ ਪਰਾਲੀ ‘ਤੇ ਚਲਾਉਣ ਦੀ ਇੱਛੁਕ ਸੀ।
ਅਮਨ ਅਰੋੜਾ ਅਤੇ ਰੁਪਿੰਦਰ ਕੌਰ ਨੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਪੁੱਛਿਆ ਕਿ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ ਦੀ ਮਾਰਫ਼ਤ ਕੇਂਦਰੀ ਰੀਨਿਊਲ ਐਨਰਜੀ ਮੰਤਰਾਲੇ ਵੱਲੋਂ ਲੰਘੀ 10 ਜੁਲਾਈ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਬੈਠਕ ਕਰਕੇ ਬਠਿੰਡਾ ਥਰਮਲ ਪਲਾਟ ਨੂੰ ਪਰਾਲੀ ‘ਤੇ ਚਲਾਉਣ ਬਾਰੇ ਕੋਈ ਰੁਚੀ ਕਿਉਂ ਨਹੀਂ ਦਿਖਾਈ ਅਤੇ ਹੁਣ ਜਦ ਕੌਮੀ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਵੱਲੋਂ ਇਸ ਥਰਮਲ ਨੂੰ ਪਰਾਲੀ ‘ਤੇ ਚਲਾਏ ਜਾਣ ਬਾਰੇ ਜਵਾਬ ਤਲਬੀ ਕੀਤੀ ਜਾ ਰਹੀ ਹੈ ਤਾਂ ਪਾਵਰ ਕੌਮ ਅਤੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਜਵਾਬਨਾਮਾ ਦਾਇਰ ਕਰਨ ਤੋਂ ਵੀ ਕਿਸ ਦੇ ਇਸ਼ਾਰੇ ‘ਤੇ ਭੱਜ ਰਹੇ ਹਨ?
ਅਮਨ ਅਰੋੜਾ, ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਭ ਤੋਂ ਪਹਿਲਾਂ ਬਠਿੰਡਾ ਥਰਮਲ ਪਲਾਂਟ ਨੂੰ ਢਾਹੇ ਜਾਣ ਸੰਬੰਧੀ ਲਾਏ ਟੈਂਡਰਾਂ ਦੀ ਪ੍ਰਕਿਰਿਆ ਰੋਕੀ ਜਾਵੇ, ਜੋ ਆਉਂਦੀ 20 ਅਗਸਤ ਨੂੰ ਖੁਲਣੀ ਹੈ।
ਇਸੇ ਤਰਾਂ ਥਰਮਲ ਦੀ ਜ਼ਮੀਨ ਦਾ ਕਬਜ਼ਾ ਪੁੱਡਾ ਨੂੰ ਦੇਣ ਦੀ ਪ੍ਰਕਿਰਿਆ ਤੁਰੰਤ ਰੋਕੀ ਜਾਵੇ ਅਤੇ ਇਸ ਥਰਮਲ ਨੂੰ ਪਰਾਲੀ ‘ਤੇ ਚਲਾਉਣ ਲਈ ਮੌਜੂਦ ਸਾਰੀਆਂ ਸੰਭਾਵਨਾਵਾਂ ‘ਤੇ ਪਹਿਲ ਦੇ ਆਧਾਰ ‘ਤੇ ਕੰਮ ਕੀਤਾ ਜਾਵੇ ਤਾਂ ਕਿ ਜਿੱਥੇ ਬਠਿੰਡਾ ਥਰਮਲ ਪਲਾਂਟ ਮੁੜ ਮਘ ਸਕੇ। ਉੱਥੇ ਮਾਲਵਾ ਦੇ ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ ਸਮੇਤ ਮਾਲਵਾ ਦੀ ਪਰਾਲੀ ਅਤੇ ਪਰਾਲੀ ਨਾਲ ਫੈਲਦੇ ਪ੍ਰਦੂਸ਼ਣ ਦੀ ਸਮੱਸਿਆ ਦਾ ਪੱਕਾ ਹੱਲ ਹੋ ਸਕੇ ਅਤੇ ਕਿਸਾਨਾਂ ਦੀ ਆਮਦਨੀ ਵਧ ਸਕੇ।